ਫ਼ਰਜ਼ਾਂ ਵਾਲੇ ਰਾਹਾਂ ਦੇ ਪਾਂਧੀ ਬਣੋ
ਜੇਕਰ ਆਪਣਾ ਧਰਮ ਅਤੇ ਆਚਰਣ ਸੱਚ ’ਤੇ ਆਧਾਰਤ ਹੈ ਤਾਂ ਦੁਚਿੱਤੀ ਅਤੇ ਚਿੰਤਾ ਤੋਂ ਮੁਕਤ ਹੋ ਜਾਣਾ ਹੀ ਸਭ ਤੋਂ ਵਧੀਆ ਹੁੰਦਾ ਹੈ। ਮਨੁੱਖ ਨੂੰ ਉਹ ਵਿਵਹਾਰ ਕਰਨਾ ਚਾਹੀਦਾ ਹੈ ਜਿਸ ਵਿਚ ਉਸ ਦੀ ਆਤਮਾ ਸੰਤੁਸ਼ਟ ਹੁੰਦੀ ਹੈ। ਸੱਚਾਈ ਸਵੈ-ਸੰਤੁਸ਼ਟੀ ਦਾ ਸਰਬੋਤਮ ਸਰੋਤ ਹੈ। ਸੱਚਾਈ ਅੰਦਰੋਂ ਪ੍ਰਗਟ ਹੁੰਦੀ ਹੈ ਅਤੇ ਅੰਦਰ ਨੂੰ ਹੀ ਆਨੰਦਿਤ ਕਰਦੀ ਹੈ।
Publish Date: Sun, 15 Mar 2026 11:49 PM (IST)
Updated Date: Mon, 16 Mar 2026 07:42 AM (IST)
ਸੂਰਜ ਹਰ ਰੋਜ਼ ਚੜ੍ਹਦਾ ਹੈ। ਉਹ ਧੁੱਪ ਅਤੇ ਤਾਪ ਨਾਲ ਸ੍ਰਿਸ਼ਟੀ ਨੂੰ ਤ੍ਰਿਪਤ ਕਰਦਾ ਹੈ। ਇਹ ਉਸ ਦਾ ਸੁਭਾਅ ਹੈ। ਚਾਹੇ ਉਸ ਦੀ ਪੂਜਾ ਹੋਵੇ ਜਾਂ ਨਾ ਹੋਵੇ, ਇਸ ਨਾਲ ਉਸ ਦਾ ਸੁਭਾਅ ਜਾਂ ਵਿਵਹਾਰ ਨਹੀਂ ਬਦਲਦਾ। ਕਿਸੇ ਲਈ ਸੂਰਜ ਮਾਫ਼ਕ ਸਿੱਧ ਹੁੰਦਾ ਹੈ ਤੇ ਕਿਸੇ ਲਈ ਗ਼ੈਰ-ਮਾਫ਼ਕ। ਕਿਸੇ ਨੂੰ ਉਸ ਦੀ ਗਰਮੀ ਦੀ ਲੋੜ ਹੁੰਦੀ ਹੈ ਤੇ ਕੋਈ ਉਸ ਤੋਂ ਬਚਣ ਲਈ ਛਾਂ ਦੀ ਭਾਲ ਕਰਦਾ ਹੈ। ਫਿਰ ਵੀ, ਉਸ ਦਾ ਚੜ੍ਹਨਾ ਅਤੇ ਡੁੱਬਣਾ ਆਪਣੀ ਮਰਿਆਦਾ ਮੁਤਾਬਕ ਨਿਰੰਤਰ ਚੱਲਦਾ ਰਹਿੰਦਾ ਹੈ। ਮਨੁੱਖੀ ਜੀਵਨ ਵੀ ਇਸੇ ਤਰ੍ਹਾਂ ਦਾ ਹੈ।
ਜੇਕਰ ਆਪਣਾ ਧਰਮ ਅਤੇ ਆਚਰਣ ਸੱਚ ’ਤੇ ਆਧਾਰਤ ਹੈ ਤਾਂ ਦੁਚਿੱਤੀ ਅਤੇ ਚਿੰਤਾ ਤੋਂ ਮੁਕਤ ਹੋ ਜਾਣਾ ਹੀ ਸਭ ਤੋਂ ਵਧੀਆ ਹੁੰਦਾ ਹੈ। ਮਨੁੱਖ ਨੂੰ ਉਹ ਵਿਵਹਾਰ ਕਰਨਾ ਚਾਹੀਦਾ ਹੈ ਜਿਸ ਵਿਚ ਉਸ ਦੀ ਆਤਮਾ ਸੰਤੁਸ਼ਟ ਹੁੰਦੀ ਹੈ। ਸੱਚਾਈ ਸਵੈ-ਸੰਤੁਸ਼ਟੀ ਦਾ ਸਰਬੋਤਮ ਸਰੋਤ ਹੈ। ਸੱਚਾਈ ਅੰਦਰੋਂ ਪ੍ਰਗਟ ਹੁੰਦੀ ਹੈ ਅਤੇ ਅੰਦਰ ਨੂੰ ਹੀ ਆਨੰਦਿਤ ਕਰਦੀ ਹੈ। ਸੱਚਾਈ ਪਰਮਾਤਮਾ ਦਾ ਰੂਪ ਹੈ। ਇਹ ਅਤਿਅੰਤ ਆਨੰਦਦਾਇਕ ਹੈ।
ਬਾਹਰਲੇ ਸਰੋਤਾਂ ਤੋਂ ਪ੍ਰਾਪਤ ਆਨੰਦ ਸਦਾ ਲਈ ਥੋੜ੍ਹ ਚਿਰਾ ਹੁੰਦਾ ਹੈ ਜਿਸ ਦੇ ਭੰਗ ਹੋਣ ’ਤੇ ਨਿਰਾਸ਼ਾ ਜਨਮ ਲੈਂਦੀ ਹੈ। ਕਿਸੇ ਵਿਅਕਤੀ ਜਾਂ ਕਿਸੇ ਸਥਿਤੀ ਨੂੰ ਸਦਾ ਖ਼ੁਸ਼ ਰੱਖ ਸਕਣਾ ਅਸੰਭਵ ਹੈ। ਉਸ ਵਿਚ ਸ਼ਾਮਲ ਸਵਾਰਥ ਪੂਰਾ ਹੁੰਦੇ ਹੀ ਸਬੰਧ ਖ਼ਰਾਬ ਹੋ ਜਾਂਦੇ ਹਨ। ਹਰ ਵਿਅਕਤੀ ਆਪਣੀ ਸਹੂਲਤ ਮੁਤਾਬਕ ਪ੍ਰਸ਼ੰਸਾ ਜਾਂ ਨਿੰਦਾ ਕਰਦਾ ਹੈ। ਉਸ ਨੂੰ ਪ੍ਰਭਾਵਿਤ ਕਰਨ ਦੇ ਯਤਨ ਕਰਨਾ ਸਮੇਂ ਦੀ ਬਰਬਾਦੀ ਹੈ, ਕਿਉਂਕਿ ਇਹ ਰਸਤੇ ਤੋਂ ਭਟਕਣਾ ਹੈ। ਮਨੁੱਖ ਖ਼ੁਦ ਲਈ ਆਪਣੇ ਮੁਤਾਬਕ ਜੀਵਨ ਜਿਉਂਦਾ ਹੈ, ਨਾ ਕਿ ਕਿਸੇ ਹੋਰ ਲਈ।
ਚੰਗਾ ਆਚਰਣ ਸਵੈ-ਸੰਤੁਸ਼ਟੀ ਦੇ ਨਾਲ ਹੀ ਵਿਆਪਕ ਸਮਾਜਿਕ ਹਿੱਤ ਵੀ ਯਕੀਨੀ ਬਣਾਉਂਦਾ ਹੈ। ਇਸ ਨੂੰ ਕੋਈ ਹੀ ਸਮਝਦਾ ਹੈ। ਤੁਸੀਂ ਕਿਸੇ ਨੂੰ ਖ਼ੁਸ਼ ਕਰ ਸਕਦੇ ਹੋ ਪਰ ਕਿਸੇ ਲਈ ਤੁਹਾਨੂੰ ਕੁਝ ਪਲ ਵੀ ਸਹਿਣ ਕਰ ਸਕਣਾ ਸੰਭਵ ਨਹੀਂ ਹੁੰਦਾ। ਜੇਕਰ ਮਨ ਵਿਚ ਸੱਚਾਈ ਦਾ ਆਨੰਦ ਹੈ ਤਾਂ ਸੂਰਜ ਦੀ ਤਰ੍ਹਾਂ ਆਪਣੇ ਆਚਰਣ ਅਤੇ ਧਰਮ ’ਤੇ ਡਟੇ ਰਹੋ। ਇਹ ਆਸ ਨਾ ਰੱਖੋ ਕਿ ਕੋਈ ਤੁਹਾਡੇ ਲਈ ਫੁੱਲ ਲੈ ਕੇ ਖੜ੍ਹਾ ਹੈ ਜਾਂ ਅਣਦੇਖੀ, ਨਫ਼ਰਤ, ਅਤੇ ਈਰਖਾ ਦੇ ਕੰਡੇ। ਆਪਣੇ ਰਸਤੇ ’ਤੇ ਚੱਲਦੇ ਰਹੋ, ਅੱਗੇ ਵਧਦੇ ਰਹੋ। ਤੁਸੀਂ ਆਪਣੇ ਰਾਹ ’ਤੇ ਆਤਮ ਤ੍ਰਿਪਤੀ ਲਈ ਚੱਲ ਰਹੇ ਹੋ, ਕਿਸੇ ਹੋਰ ਦੇ ਪ੍ਰਮਾਣ ਪੱਤਰ ਲਈ ਨਹੀਂ।
-ਡਾ. ਸਤਿੰਦਰ ਪਾਲ ਸਿੰਘ