ਸਵਾਰਥ ਦੀ ਭਾਵਨਾ
ਨਿਰਸਵਾਰਥ ਪ੍ਰੇਮ ਦਾ ਕੋਈ ਇਕ ਰੂਪ ਨਹੀਂ ਹੁੰਦਾ। ਉਹ ਛਹੁ ਵਿਚ ਹੋ ਸਕਦਾ ਹੈ, ਮੁਸਕਾਨ ਵਿਚ ਜਾਂ ਮੌਨ ਸਹਿ-ਅਹਿਸਾਸ ਵਿਚ ਸੰਭਵ ਹੈ। ਖ਼ੁਦ ਨੂੰ ਪਾਉਣ ਦਾ ਸਰਬੋਤਮ ਮਾਰਗ ਹੈ, ਖ਼ੁਦ ਨੂੰ ਦੂਜਿਆਂ ਦੀ ਸੇਵਾ ਵਿਚ ਗੁਆ ਦੇਣਾ। ਸੇਵਾ ਸਿਰਫ਼ ਦਾਨ ਨਹੀਂ, ਦ੍ਰਿਸ਼ਟੀਕੋਣ ਹੈ-ਹਰ ਪ੍ਰਾਣੀ ਵਿਚ ਆਤਮਾ ਨੂੰ ਇਕ ਸਮਾਨ ਦੇਖਣਾ।
Publish Date: Mon, 09 Mar 2026 10:38 PM (IST)
Updated Date: Tue, 10 Mar 2026 06:45 AM (IST)
ਸਵਾਰਥ ਦੀ ਭਾਵਨਾ ਅੱਗ ਦੇ ਸਮਾਨ ਹੈ। ਉਹ ਚੁੱਪਚਾਪ ਨਹੀਂ ਰਹਿੰਦੀ, ਤੇਜ਼ ਗਤੀ ਨਾਲ ਫੈਲਦੀ ਹੈ। ਜਦ ਫੈਲਦੀ ਹੈ ਤਾਂ ਸਬੰਧਾਂ, ਸੰਸਕਾਰਾਂ ਅਤੇ ਸਮਾਜ ਦੀਆਂ ਜੜ੍ਹਾਂ ਨੂੰ ਝੁਲਸ ਦਿੰਦੀ ਹੈ। ਅੱਜ ਜੇ ਰਾਸ਼ਟਰ ਤੇ ਵਿਸ਼ਵ ਦੀ ਸਥਿਤੀ ’ਤੇ ਨਜ਼ਰ ਮਾਰੀਏ ਤਾਂ ਸਪਸ਼ਟ ਪ੍ਰਤੀਤ ਹੁੰਦਾ ਹੈ ਕਿ ਮਨੁੱਖ ਦੀ ਚੇਤਨਾ ‘ਮੈਂ’ ਤੱਕ ਸਿਮਟਦੀ ਜਾ ਰਹੀ ਹੈ ਪਰ ਇਹ ਅਟਲ ਸੱਚ ਹੈ ਕਿ ਸਵਾਰਥ ’ਤੇ ਆਧਾਰਤ ਸਮਾਜ ਕਦੇ ਸੁਖੀ, ਸ਼ਾਂਤ ਅਤੇ ਆਦਰਸ਼ ਨਹੀਂ ਬਣ ਸਕਦਾ।
ਸਵਾਰਥ ਮਨ ਨੂੰ ਅਸ਼ਾਂਤ ਅਤੇ ਤਨ ਨੂੰ ਬਿਮਾਰ ਕਰਦਾ ਹੈ ਜਦਕਿ ਸਵਾਰਥ ਰਹਿਤ ਭਾਵਨਾ ਆਤਮਾ ਨੂੰ ਊਰਜਾ ਨਾਲ ਭਰ ਦਿੰਦੀ ਹੈ। ਸੱਚੀ ਮੁਸਕਾਨ ਅਤੇ ਕਰੁਣਾ ਭਾਵ ਨਾਲ ਸਰੀਰ ਵਿਚ ਪ੍ਰਸੰਨਤਾ ਦੇਣ ਵਾਲੇ ਹਾਰਮੋਨ ਸਰਗਰਮ ਹੁੰਦੇ ਹਨ ਜੋ ਤਣਾਅ ਨੂੰ ਘੱਟ ਕਰਦੇ ਹਨ। ਨਿਰਸਵਾਰਥ ਵਾਲੀ ਭਾਵਨਾ ਸਿਰਫ਼ ਵਿਵਹਾਰ ਨਹੀਂ, ਚੇਤਨਾ ਦਾ ਰੂਪਾਂਤਰਣ ਹੈ। ਜਦ ਅਸੀਂ ਕਿਸੇ ਦੇ ਦੁੱਖ ਨੂੰ ਘੱਟ ਕਰਦੇ ਹਾਂ ਤਦ ਆਪਣੇ ਅੰਦਰ ਦਾ ਅੰਧਕਾਰ ਵੀ ਘਟਣ ਲੱਗਦਾ ਹੈ।
ਨਿਰਸਵਾਰਥ ਪ੍ਰੇਮ ਦਾ ਕੋਈ ਇਕ ਰੂਪ ਨਹੀਂ ਹੁੰਦਾ। ਉਹ ਛਹੁ ਵਿਚ ਹੋ ਸਕਦਾ ਹੈ, ਮੁਸਕਾਨ ਵਿਚ ਜਾਂ ਮੌਨ ਸਹਿ-ਅਹਿਸਾਸ ਵਿਚ ਸੰਭਵ ਹੈ। ਖ਼ੁਦ ਨੂੰ ਪਾਉਣ ਦਾ ਸਰਬੋਤਮ ਮਾਰਗ ਹੈ, ਖ਼ੁਦ ਨੂੰ ਦੂਜਿਆਂ ਦੀ ਸੇਵਾ ਵਿਚ ਗੁਆ ਦੇਣਾ। ਸੇਵਾ ਸਿਰਫ਼ ਦਾਨ ਨਹੀਂ, ਦ੍ਰਿਸ਼ਟੀਕੋਣ ਹੈ-ਹਰ ਪ੍ਰਾਣੀ ਵਿਚ ਆਤਮਾ ਨੂੰ ਇਕ ਸਮਾਨ ਦੇਖਣਾ। ਜਦ ਅਸੀਂ ਸ਼ੁਕਰਾਨੇ ਵਿਚ ਜਿਊਂਦੇ ਹਾਂ ਤਦ ਜੀਵਨ ਦਾ ਹਰੇਕ ਪਲ ਪ੍ਰਸ਼ਾਦ ਬਣ ਜਾਂਦਾ ਹੈ।
ਮਾਣ-ਮਰਿਆਦਾ ਅਤੇ ਆਤਮ-ਸਨਮਾਨ, ਨਿਰਸਵਾਰਥ ਵਾਲੀ ਭਾਵਨਾ ਦੇ ਮੁੱਢ ਹਨ। ਸਵੈ-ਪੜਚੋਲ ਹੀ ਸਵਾਰਥ ਦੀਆਂ ਦੀਵਾਰਾਂ ਨੂੰ ਢਾਹੁੰਦੀ ਹੈ। ਸਵਾਰਥ ਅਤੇ ਸੌੜੀ ਮਾਨਸਿਕਤਾ ਸਾਡੇ ਸੁੱਖਾਂ ਦੀਆਂ ਸਭ ਤੋਂ ਵੱਡੀਆਂ ਰੁਕਾਵਟਾਂ ਹਨ। ਸਾਨੂੰ ਲੱਗਦਾ ਹੈ ਕਿ ਦੂਜਿਆਂ ਦਾ ਜੀਵਨ ਜ਼ਿਆਦਾ ਸਰਲ ਹੈ ਪਰ ਇਹ ਕੇਵਲ ਦ੍ਰਿਸ਼ਟੀ ਦਾ ਭਰਮ ਹੈ।
ਸੱਚੀ ਪ੍ਰਸੰਨਤਾ ਤੁਲਨਾ ਵਿਚ ਨਹੀਂ, ਤ੍ਰਿਪਤੀ ਵਿਚ ਹੈ। ਜਦ ਸਾਡੀ ਚੇਤਨਾ ‘ਮੈਂ’ ਤੋਂ ‘ਅਸੀਂ’ ਵੱਲ ਵਿਸਥਾਰ ਕਰਦੀ ਹੈ, ਤਦ ਰੂਹਾਨੀ ਊਰਜਾ ਦਾ ਸਰੋਤ ਉਪਜਦਾ ਹੈ। ਆਓ! ਸਵਾਰਥ ਚੇਤਨਾ ਨੂੰ ਸੇਧ ਕੇ ਨਿਰਸਵਾਰਥ ਵਾਲੀ ਭਾਵਨਾ ਦੀ ਜੋਤੀ ਜਗਾਈਏ ਕਿਉਂਕਿ ਪ੍ਰੇਮ ਅਤੇ ਕਰੁਣਾ ਸੁਵਿਧਾ ਨਹੀਂ, ਜੀਵਨ ਦੀਆਂ ਲਾਜ਼ਮੀ ਜ਼ਰੂਰਤਾਂ ਹਨ। ਇਹੀ ਊਰਜਾ ਵਿਅਕਤੀ ਨੂੰ ਵੀ ਉੱਨਤ ਬਣਾਉਂਦੀ ਹੈ ਅਤੇ ਸਮਾਜ ਨੂੰ ਵੀ ਪ੍ਰਕਾਸ਼ਮਈ ਕਰਦੀ ਹੈ।
-ਲਲਿਤ ਗਰਗ