ਪਰਉਪਕਾਰ ਨਾਲ ਭਰਪੂਰ ਤੇ ਅਸਲੀ ਅਰਥਾਂ ’ਚ ਅਮੀਰ ਬਣਦਾ ਮਨੁੱਖ
ਕੁਦਰਤ ’ਚ ਸਿਰਫ਼ ਮਨੁੱਖ ਨੂੰ ਹੀ ਅਜਿਹਾ ਸੰਵੇਦਨਸ਼ੀਲ ਮਨ ਹਾਸਲ ਹੋਇਆ ਹੈ, ਜਿਸ ’ਚ ਹਮਦਰਦੀ ਦਾ ਕਮਲ ਖਿੜ ਸਕਦਾ ਹੈ। ਇਸ ਲਈ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ। ਜਦ ਅਸੀਂ ਕਿਸੇ ਦੀ ਬਿਨਾਂ ਸੁਆਰਥ ਦੇ ਸਹੀ ਭਾਵਨਾ ਨਾਲ ਸਹਾਇਤਾ ਕਰਦੇ ਹਾਂ ਤਾਂ ਸਾਡਾ ਦਿਲ ਵੀ ਵੱਡਾ ਹੁੰਦਾ ਜਾਂਦਾ ਹੈ।
Publish Date: Sun, 19 Apr 2026 10:22 PM (IST)
Updated Date: Mon, 20 Apr 2026 07:35 AM (IST)
ਸਾਡਾ ਜੀਵਨ ਅਨੇਕਾਂ ਪਹਿਲੂਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ’ਚੋਂ ਇਕ ਮਹੱਤਵਪੂਰਨ ਪਹਿਲੂ ਪਰ-ਉਪਕਾਰ ਦਾ ਵੀ ਹੈ। ਇਹੀ ਮਨ ਦੀ ਸੱਚੀ ਸੰਤੁਸ਼ਟੀ ਦਾ ਆਧਾਰ ਹੈ ਤੇ ਨਾਲ ਹੀ ਧਾਰਮਿਕ ਬਿਰਤੀ ਦਾ ਵੀ ਇਕ ਰੂਪ ਹੈ। ਕਿਹਾ ਵੀ ਗਿਆ ਹੈ ਕਿ ਦੂਜਿਆਂ ਦੀ ਭਲਾਈ ਤੋਂ ਵੱਡਾ ਕੋਈ ਧਰਮ ਨਹੀਂ ਹੈ। ਆਪਣੇ ਹਿੱਤ ਲਈ ਤਾਂ ਸੰਸਾਰ ’ਚ ਸਾਰੇ ਜਿਊਂਦੇ ਹਨ, ਪਰ ਜੋ ਦੂਜਿਆਂ ਲਈ ਜਿਊਂਦੇ ਹਨ, ਉਹ ਜੀਵਨ ਦਾ ਅੰਮ੍ਰਿਤ ਹਾਸਲ ਕਰਦੇ ਹਨ। ਜੋ ਵਿਅਕਤੀ ਸਦਾ ਦੂਜਿਆਂ ਦੇ ਹਿੱਤ ਬਾਰੇ ਸੋਚਦਾ ਹੈ, ਉਸ ਦੇ ਜੀਵਨ ਦੇ ਮੂਲ ਗੁਣ ਕਦੀ ਘੱਟ ਨਹੀਂ ਹੁੰਦੇ।
ਉਹ ਪਰਉਪਕਾਰ ਨਾਲ ਭਰਪੂਰ ਤੇ ਅਸਲੀ ਅਰਥਾਂ ’ਚ ਅਮੀਰ ਬਣਿਆ ਰਹਿੰਦਾ ਹੈ। ਪਰਉਪਕਾਰ ਇਕ ਅਜਿਹੀ ਦਵਾਈ ਹੈ, ਜਿਸ ਦੇ ਅਸਰ ਨਾਲ ਈਰਖਾ, ਗੁੱਸਾ ਤੇ ਹੰਕਾਰ ਵਰਗੀਆਂ ਬਿਰਤੀਆਂ ਆਪਣੇ ਆਪ ਸਮਾਪਤ ਹੋ ਜਾਂਦੀਆਂ ਹਨ। ਆਪਣੀਆਂ ਸੁੱਖ-ਸੁਵਿਧਾਵਾਂ ਲਈ ਤਾਂ ਹਰ ਕੋਈ ਕੋਸ਼ਿਸ਼ ਕਰਦਾ ਹੈ, ਪਰ ਜੋ ਦੂਜਿਆਂ ਲਈ ਜਿਊਂਦਾ ਹੈ, ਉਸ ਨੂੰ ਰੱਬ ਦੀ ਰਹਿਮਤ ਹਾਸਲ ਹੁੰਦੀ ਹੈ। ਸ਼ਾਸਤਰਾਂ ਮੁਤਾਬਕ ਵੀ ਦੂਜਿਆਂ ਦੀ ਸੇਵਾ ਸਾਡੇ ਜੀਵਨ ਦੀ ਪਵਿੱਤਰ ਕਮਾਈ ਹੈ। ਆਪਣਿਆਂ ਦੀ ਸੇਵਾ ਕਰਨਾ ਆਮ ਗੱਲ ਹੈ, ਪਰ ਪੀੜਤ ਮਨੁੱਖਤਾ ਦੀ ਨਿਸ਼ਕਾਮ ਸੇਵਾ ਹੀ ਅਸਲੀ ਕਮਾਈ ਹੈ।
ਕੁਦਰਤ ’ਚ ਸਿਰਫ਼ ਮਨੁੱਖ ਨੂੰ ਹੀ ਅਜਿਹਾ ਸੰਵੇਦਨਸ਼ੀਲ ਮਨ ਹਾਸਲ ਹੋਇਆ ਹੈ, ਜਿਸ ’ਚ ਹਮਦਰਦੀ ਦਾ ਕਮਲ ਖਿੜ ਸਕਦਾ ਹੈ। ਇਸ ਲਈ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ। ਜਦ ਅਸੀਂ ਕਿਸੇ ਦੀ ਬਿਨਾਂ ਸੁਆਰਥ ਦੇ ਸਹੀ ਭਾਵਨਾ ਨਾਲ ਸਹਾਇਤਾ ਕਰਦੇ ਹਾਂ ਤਾਂ ਸਾਡਾ ਦਿਲ ਵੀ ਵੱਡਾ ਹੁੰਦਾ ਜਾਂਦਾ ਹੈ। ਇਸ ਨਾਲ ਸ਼ਾਨਦਾਰ ਅੰਦਰੂਨੀ ਸ਼ਾਂਤੀ ਤੇ ਆਨੰਦ ਦਾ ਅਹਿਸਾਸ ਹੁੰਦਾ ਹੈ।
ਇਸ ਲਈ ਜ਼ਰੂਰਤ ਹੈ ਕਿ ਅਸੀਂ ਆਪਣੀ ਸਮਰੱਥਾ, ਗਿਆਨ ਤੇ ਯੋਗਤਾ ਦੀ ਵਰਤੋਂ ਦੂਜਿਆਂ ਦੀ ਸੇਵਾ ਤੇ ਭਲਾਈ ਲਈ ਕਰੀਏ। ਜੀਵਨ ’ਚ ਪਰਉਪਕਾਰ ਕੀਮਤੀ ਜਾਇਦਾਦ ਹੈ। ਪਰਉਪਕਾਰ ਕਰ ਕੇ ਅਸੀਂ ਜੀਵਨ ’ਚ ਨਵੇਂ ਉਤਸ਼ਾਹ ਤੇ ਆਨੰਦ ਦੇ ਰੰਗ ਭਰ ਸਕਦੇ ਹਾਂ। ਇਸ ਲਈ ਸਾਨੂੰ ਕਦੀ ਵੀ ਭਲਾਈ ਦੇ ਕੰਮ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ। ਬਿਨਾਂ ਸੁਆਰਥ ਭਾਵਨਾ ਨਾਲ ਕੀਤੇ ਗਏ ਇਹ ਕੰਮ ਚਾਹੇ ਹੀ ਅਦਿੱਖ ਹੋਣ, ਪਰ ਉਨ੍ਹਾਂ ਦਾ ਫ਼ਲ ਬਹੁਤ ਮਹਾਨ ਹੁੰਦਾ ਹੈ।
-ਪ੍ਰਦੀਪ ਛਾਜੇੜ