ਗ਼ਲਤੀਆਂ ਤੇ ਸੁਧਾਰ
ਮਨੁੱਖ ਦਾ ਜੀਵਨ ਪੂਰਨਤਾ ਦੀ ਯਾਤਰਾ ਨਹੀਂ, ਬਲਕਿ ਨਿਰੰਤਰ ਸਿੱਖਣ ਦੀ ਇਕ ਲਗਾਤਾਰ ਪ੍ਰਕਿਰਿਆ ਹੈ। ਇਸ ਯਾਤਰਾ ਵਿਚ ਗ਼ਲਤੀਆਂ ਸਾਡੇ ਰਸਤੇ ਦੇ ਪੱਥਰ ਨਹੀਂ, ਸਗੋਂ ਮਾਰਗਦਰਸ਼ਕ ਦੀ ਤਰ੍ਹਾਂ ਕੰਮ ਕਰਨ ਵਾਲੇ ਦੀਵੇ ਹਨ। ਗ਼ਲਤੀ ਉਹ ਸ਼ੀਸ਼ਾ ਹੈ ਜਿਸ ਵਿਚ ਅਸੀਂ ਆਪਣੀ ਅਪੂਰਨਤਾ, ਆਪਣੀਆਂ ਸੀਮਾਵਾਂ ਅਤੇ ਆਪਣੇ ਹੰਕਾਰ ਨੂੰ ਸਪਸ਼ਟ ਤੌਰ ’ਤੇ ਦੇਖ ਸਕਦੇ ਹਾਂ।
Publish Date: Tue, 07 Apr 2026 10:50 PM (IST)
Updated Date: Wed, 08 Apr 2026 07:40 AM (IST)
ਮਨੁੱਖ ਦਾ ਜੀਵਨ ਪੂਰਨਤਾ ਦੀ ਯਾਤਰਾ ਨਹੀਂ, ਬਲਕਿ ਨਿਰੰਤਰ ਸਿੱਖਣ ਦੀ ਇਕ ਲਗਾਤਾਰ ਪ੍ਰਕਿਰਿਆ ਹੈ। ਇਸ ਯਾਤਰਾ ਵਿਚ ਗ਼ਲਤੀਆਂ ਸਾਡੇ ਰਸਤੇ ਦੇ ਪੱਥਰ ਨਹੀਂ, ਸਗੋਂ ਮਾਰਗਦਰਸ਼ਕ ਦੀ ਤਰ੍ਹਾਂ ਕੰਮ ਕਰਨ ਵਾਲੇ ਦੀਵੇ ਹਨ। ਗ਼ਲਤੀ ਉਹ ਸ਼ੀਸ਼ਾ ਹੈ ਜਿਸ ਵਿਚ ਅਸੀਂ ਆਪਣੀ ਅਪੂਰਨਤਾ, ਆਪਣੀਆਂ ਸੀਮਾਵਾਂ ਅਤੇ ਆਪਣੇ ਹੰਕਾਰ ਨੂੰ ਸਪਸ਼ਟ ਤੌਰ ’ਤੇ ਦੇਖ ਸਕਦੇ ਹਾਂ। ਜੋ ਵਿਅਕਤੀ ਆਪਣੀਆਂ ਭੁੱਲਾਂ ਨੂੰ ਸਵੀਕਾਰ ਕਰਦਾ ਹੋਇਆ ਉਨ੍ਹਾਂ ਤੋਂ ਸਿੱਖ ਕੇ ਸੁਧਾਰ ਦਾ ਹੌਸਲਾ ਰੱਖਦਾ ਹੈ, ਉਹੀ ਆਤਮ ਵਿਕਾਸ ਦੀ ਦਿਸ਼ਾ ਵਿਚ ਅੱਗੇ ਵਧਦਾ ਹੈ। ਅਸੀਂ ਅਣਜਾਣੇ ਵਿਚ ਅਨੇਕ ਗ਼ਲਤੀਆਂ ਕਰਦੇ ਹਾਂ। ਕਦੇ ਸ਼ਬਦਾਂ ਵਿਚ ਕਠੋਰਤਾ ਆ ਜਾਂਦੀ ਹੈ, ਕਦੇ ਫ਼ੈਸਲਿਆਂ ਵਿਚ ਕਾਹਲ, ਤੇ ਕਦੇ ਰਿਸ਼ਤਿਆਂ ਵਿਚ ਅਣਦੇਖੀ। ਜੇ ਅਸੀਂ ਇਨ੍ਹਾਂ ਭੁੱਲਾਂ ਦੀ ਅਣਦੇਖੀ ਕਰ ਕੇ ਅੱਗੇ ਵਧ ਜਾਂਦੇ ਹਾਂ ਤਾਂ ਇਹ ਉਸੇ ਤਰ੍ਹਾਂ ਹੈ ਜਿਵੇਂ ਕੋਈ ਵਿਅਕਤੀ ਆਪਣੇ ਘਰ ਦਾ ਦਰਵਾਜ਼ਾ ਖੁੱਲ੍ਹਾ ਛੱਡ ਕੇ ਬੇਫ਼ਿਕਰ ਹੋ ਕੇ ਸੌਂ ਜਾਵੇ। ਫਿਰ ਬਾਹਰਲੇ ਖ਼ਤਰੇ ਹੌਲੀ-ਹੌਲੀ ਅੰਦਰ ਆ ਜਾਂਦੇ ਹਨ ਅਤੇ ਸਾਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਸਾਡੀ ਸੁਰੱਖਿਆ ਕਿੰਨੀ ਕਮਜ਼ੋਰ ਹੋ ਚੁੱਕੀ ਹੈ। ਇਸ ਪ੍ਰਕਿਰਿਆ ਵਿਚ ਗ਼ਲਤੀਆਂ ਸਾਡੀ ਸ਼ਖ਼ਸੀਅਤ ਵਿਚ ਹੌਲੀ-ਹੌਲੀ ਸਥਾਈ ਦੋਸ਼ ਬਣ ਜਾਂਦੀਆਂ ਹਨ।
ਗ਼ਲਤੀ ਨੂੰ ਆਪਣਾ ਗੁਰੂ ਬਣਾਉਣਾ ਸਿਰਫ਼ ਉਸ ਨੂੰ ਸਵੀਕਾਰ ਕਰਨਾ ਨਹੀਂ, ਬਲਕਿ ਉਸ ਦੇ ਕਾਰਨਾਂ ਦੀ ਤਹਿ ਤੱਕ ਜਾਣਾ ਹੈ। ਇਹ ਆਤਮ-ਮੰਥਨ ਦੀ ਉਹ ਪ੍ਰਕਿਰਿਆ ਹੈ ਜਿਸ ਵਿਚ ਅਸੀਂ ਆਪਣੇ ਅੰਦਰ ਝਾਕਦੇ ਹਾਂ ਅਤੇ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਕੋਲੋਂ ਕਿੱਥੇ ਭੁੱਲ ਹੋਈ। ਇਹ ਪ੍ਰਕਿਰਿਆ ਕਦੇ-ਕਦਾਈਂ ਦੁਖਦਾਇਕ ਹੁੰਦੀ ਹੈ ਕਿਉਂਕਿ ਇਹ ਸਾਡੇ ਹੰਕਾਰ ਨੂੰ ਚੁਣੌਤੀ ਦਿੰਦੀ ਹੈ। ਹਾਲਾਂਕਿ ਇਹੀ ਪੀੜਾ ਸਾਡੇ ਵਿਕਾਸ ਦਾ ਆਧਾਰ ਵੀ ਬਣਦੀ ਹੈ। ਜਿਵੇਂ ਕੱਚਾ ਸੋਨਾ ਅਗਨੀ ਵਿਚ ਤਪ ਕੇ ਕੁੰਦਨ ਬਣਦਾ ਹੈ, ਉਸੇ ਤਰ੍ਹਾਂ ਮਨੁੱਖ ਆਪਣੀਆਂ ਭੁੱਲਾਂ ਦੀ ਤਪਸ਼ ਵਿਚ ਨਿਖਰਦਾ ਹੈ। ਜੇ ਅਸੀਂ ਆਪਣੇ ਵਿਵਹਾਰ ਦੀਆਂ ਗ਼ਲਤੀਆਂ ਨੂੰ ਪਛਾਣ ਕੇ ਸੁਧਾਰ ਲਈਏ ਤਾਂ ਰਿਸ਼ਤਿਆਂ ਵਿਚ ਪਏ ਫਿੱਕ ਨੂੰ ਦੂਰ ਕੀਤਾ ਜਾ ਸਕਦਾ ਹੈ। ਜੀਵਨ ਸਾਨੂੰ ਵਾਰ-ਵਾਰ ਇਹ ਸਿਖਾਉਂਦਾ ਹੈ ਕਿ ਪੂਰਨਤਾ ਕੋਈ ਸਥਾਈ ਅਵਸਥਾ ਨਹੀਂ, ਬਲਕਿ ਲਗਾਤਾਰ ਸੁਧਾਰ ਦੀ ਪ੍ਰਕਿਰਿਆ ਹੈ। ਜੋ ਵਿਅਕਤੀ ਆਪਣੀਆਂ ਗ਼ਲਤੀਆਂ ਤੋਂ ਡਰਦਾ ਨਹੀਂ, ਬਲਕਿ ਉਨ੍ਹਾਂ ਨੂੰ ਆਪਣੇ ਜੀਵਨ ਦਾ ਅਧਿਆਪਕ ਬਣਾ ਲੈਂਦਾ ਹੈ, ਉਹੀ ਸੱਚੇ ਅਰਥਾਂ ਵਿਚ ਤਰੱਕੀ ਕਰਦਾ ਹੈ।