ਗੁਰਦੁਆਰਾ ਗੁਰਸਾਗਰ ਸਾਹਿਬ ’ਚ ਨੌਜਵਾਨ ਸਭਾ ਨੇ ਕੀਤਾ ਸੰਤ ਬਾਬਾ ਸੁੱਖਾ ਸਿੰਘ ਦਾ ਸਨਮਾਨ
ਸੰਤ ਬਾਬਾ ਸੁੱਖਾ ਸਿੰਘ ਵੱਲੋਂ ਰਾਏਪੁਰ ’ਚ ਵੀ ਕਈ ਵੱਡੀਆਂ ਸੇਵਾਵਾਂ ਲਗਾਤਾਰ ਜਾਰੀ ਹਨ।
Publish Date: Sun, 22 Mar 2026 06:52 PM (IST)
Updated Date: Mon, 23 Mar 2026 04:11 AM (IST)

ਲਵਦੀਪ ਦੇਵਗਨ•,ਪੰਜਾਬੀ ਜਾਗਰਣ, ਸਰਹਾਲੀ ਕਲਾਂ : ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਇਸ ਵੇਲੇ ਛੱਤੀਸਗੜ੍ਹ ’ਚ ਗੁਰਮਤਿ ਪ੍ਰਚਾਰ ਫੇਰੀ ’ਤੇ ਹਨ। ਉਨ੍ਹਾਂ ਦੇ ਰਾਏਪੁਰ ਪਹੁੰਚਣ ’ਤੇ ਸਿੱਖ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ’ਚ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ। ਐਤਵਾਰ ਨੂੰ ਗੁਰਦੁਆਰਾ ਗੁਰਸਾਗਰ ਸਾਹਿਬ ਹੀਰਾਪੁਰ ਵਿਖੇ ਨੌਜਵਾਨ ਸਭਾ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੈਕਟਰੀ ਬਲਕਾਰ ਸਿੰਘ ਨੇ ਕਿਹਾ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ, ਜੋ ਮਹਾਪੁਰਖ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਦੀ ਚਲਾਈ ਹੋਈ ਹੈ, ਮਹਾਪੁਰਖ ਸ੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਇਸ ਸੰਪਰਦਾਇ ਦੇ ਦੂਸਰੇ ਮੁਖੀ ਹੋਏ ਹਨ। ਅੱਜ ਵੱਡੇ ਭਾਗਾਂ ਨਾਲ ਸਾਡੇ ’ਚ ਸੰਪਰਦਾਇ ਕਾਰ ਸੇਵਾ ਦੇ ਤੀਸਰੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਮੌਜੂਦ ਹਨ। ਉਨ੍ਹਾਂ ਨੇ ਹੜ੍ਹਾਂ ’ਚ ਕਿਵੇਂ ਸੇਵਾਵਾਂ ਨਿਭਾਈਆਂ, ਇਹ ਸਾਰੇ ਆਪਾਂ ਭਲੀ ਭਾਂਤ ਜਾਣਦੇ ਹਾਂ। ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸੇਵਾ ਕਰਦਿਆਂ ਵੇਖਿਆ ਹੈ ਜਾਂ ਜਿਨ੍ਹਾਂ ਗੁਰਮੁਖਾਂ ਨੇ ਪੁਸਤਕ ਬੰਨਾਂ ਦੇ ਰਖਵਾਲੇ ਪੜ੍ਹੀ ਹੈ, ਉਨ੍ਹਾਂ ਨੇ ਪੰਜਾਬ ’ਚ ਆਏ ਹੜ੍ਹਾਂ ਵੇਲੇ ਟੁੱਟੇ ਦਰਿਆਵਾਂ ਦੇ ਬੰਨ੍ਹ ਬੰਨ੍ਹਣ ਦੀਆਂ ਸੇਵਾਵਾਂ ਬਾਰੇ ਜਾਣਿਆ ਹੈ। ਇਕ ਸੇਵਾ ਉਹ ਹੁੰਦੀ ਹੈ, ਜੋ ਕੇਵਲ ਸੰਗਤ ਪਾਸੋਂ ਕਰਵਾਈ ਜਾਂਦੀ ਹੈ। ਪਰ ਮਹਾਪੁਰਖ ਸੰਤ ਬਾਬਾ ਸੁੱਖਾ ਸਿੰਘ ’ਚ ਇਹ ਰੱਬੀ ਗੁਣ ਹੈ ਤੇ ਵਾਹਿਗੁਰੂ ਅਕਾਲ ਪੁਰਖ ਦੀ ਬਖ਼ਸ਼ਿਸ਼ ਹੈ ਕਿ ਉਹ ਸੰਗਤਾਂ ਨਾਲ ਆਪ ਹੱਥੀਂ ਸੇਵਾ ਕਰਦੇ ਹਨ। ਆਪਾਂ ਵੇਖਿਆ ਉਹ ਖੁਦ ਆਪ ਦਰਿਆਵਾਂ ’ਚ ਵੜ ਜਾਂਦੇ, ਆਪ ਬੋਰੀਆਂ ਚੁੱਕ-ਚੁੱਕ ਕੇ ਮਿੱਟੀ ਢੋਂਹਦੇ ਤੇ ਕਈ-ਕਈ ਘੰਟੇ ਕਹੀ ਚਲਾਉਂਦੇ ਰਹੇ। ਉਨ੍ਹਾਂ ਦੀ ਮਹਾਨ ਪਰਉਪਕਾਰੀ ਸ਼ਖ਼ਸੀਅਤ ਨੂੰ ਸਾਡਾ ਸਿਰ ਝੁਕਦਾ ਹੈ। ਅੱਜ ਅਸੀਂ ਗੁਰਦੁਆਰਾ ਸਾਹਿਬ ਦੀ ਨੌਜਵਾਨ ਸਭਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਸੁਭਾਗ ਮਿਲਿਆ ਹੈ। ਸੰਤ ਬਾਬਾ ਸੁੱਖਾ ਸਿੰਘ ਵੱਲੋਂ ਰਾਏਪੁਰ ’ਚ ਵੀ ਕਈ ਵੱਡੀਆਂ ਸੇਵਾਵਾਂ ਲਗਾਤਾਰ ਜਾਰੀ ਹਨ। ਗੁਰੂ ਗੋਬਿੰਦ ਸਿੰਘ ਖ਼ਾਲਸਾ ਪਬਲਿਕ ਸਕੂਲ ਹੀਰਾਪੁਰ ਰਾਏਪੁਰ ’ਚ ਲੰਮੇ ਸਮੇਂ ਤੋਂ ਚੱਲ ਰਿਹਾ ਹੈ, ਜੋ ਸੰਪਰਦਾਇ ਵੱਲੋਂ ਇਸ ਇਲਾਕੇ ਨੂੰ ਵੱਡੀ ਦੇਣ ਹੈ। ਇਹ ਸਕੂਲ ਪੰਜਾਬ ਤੋਂ ਦੂਰ ਵੱਸਦੇ ਸਮੂਹ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਗੁਰਮਤਿ ਨਾਲ ਜੋੜਨ ਦਾ ਇਕ ਵੱਡਾ ਵਸੀਲਾ ਬਣਿਆ ਹੈ। ਅਸੀਂ ਸਮੂਹ ਸੰਗਤਾਂ ਵੱਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਹਾਂ। ਇਸ ਮੌਕੇ ਸੰਗਤ ’ਚ ਹਰਜੀਤ ਸਿੰਘ, ਮਨਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਗੁਰਸੇਵਕ ਸਿੰਘ, ਸਾਹਿਬ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ, ਰਾਜਵੀਰ ਸਿੰਘ, ਪ੍ਰਭਜੋਤ ਸਿੰਘ, ਜਸਪਾਲ ਸਿੰਘ, ਪਵਨਦੀਪ ਸਿੰਘ, ਗੁਰਵਿੰਦਰ ਸਿੰਘ, ਗਿਆਨੀ ਸੁਖਜਿੰਦਰ ਸਿੰਘ, ਹਰਜੀਤ ਸਿੰਘ ਨਿਹੰਗ, ਬਾਬਾ ਜੋਗਿੰਦਰ ਸਿੰਘ ਖਾਲਸਾ, ਗਗਨਦੀਪ ਸਿੰਘ, ਪ੍ਰਗਟ ਸਿੰਘ, ਮੂਰਤਾ ਸਿੰਘ, ਗੁਰਦਿਆਲ ਸਿੰਘ, ਬਲਦੇਵ ਸਿੰਘ, ਜਸਵੰਤ ਸਿੰਘ, ਸਰਬਜੀਤ ਸਿੰਘ, ਸਰਬਜੀਤ ਸਿੰਘ ਮੋਗਾ ਬਾਡੀ ਮੇਕਰ, ਗੁਰਜੰਟ ਸਿੰਘ, ਸਤਨਾਮ ਸਿੰਘ ਕੇਕੇ ਰੋਡਵੇਜ਼ ਤੇ ਹੋਰ ਬੇਅੰਤ ਸੰਗਤ ਹਾਜ਼ਰ ਸੀ।