ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੌਹਲ ਰਾਜੂ ਸਿੰਘ ਵਾਲਾ ਵਿਖੇ ਰਾਤ 12 ਵਜੇ ਦੇ ਕਰੀਬ ਇਕ ਘਰ ਦੀ ਉੱਪਰੀ ਮੰਜਿਲ ’ਚ ਦਾਖਲ ਹੋਏ ਨੌਜਵਾਨ ਨੇ ਕਮਰੇ ਵਿਚ ਪੜ੍ਹਾਈ ਕਰ ਰਹੀ ਕੁੜੀ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਜੋ ਇਸੇ ਪਿੰਡ ਦਾ ਹੈ, ਕਮਰੇ ਵਿਚ ਦਾਖਲ ਹੋਇਆ ਅਤੇ ਕੁੜੀ ਕੋਲੋਂ ਮੋਬਾਈਲ ਖੋਹਣ ਉਪਰੰਤ ਜਦੋਂ ਅਲਮਾਰੀ ਵੱਲ ਵਧਣ ਲੱਗਾ ਤਾਂ ਲੜਕੀ ਨੇ ਰੌਲਾ ਪਾ ਦਿੱਤਾ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੌਹਲ ਰਾਜੂ ਸਿੰਘ ਵਾਲਾ ਵਿਖੇ ਰਾਤ 12 ਵਜੇ ਦੇ ਕਰੀਬ ਇਕ ਘਰ ਦੀ ਉੱਪਰੀ ਮੰਜਿਲ ’ਚ ਦਾਖਲ ਹੋਏ ਨੌਜਵਾਨ ਨੇ ਕਮਰੇ ਵਿਚ ਪੜ੍ਹਾਈ ਕਰ ਰਹੀ ਕੁੜੀ ਦੇ ਸਿਰ ਵਿਚ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਜੋ ਇਸੇ ਪਿੰਡ ਦਾ ਹੈ, ਕਮਰੇ ਵਿਚ ਦਾਖਲ ਹੋਇਆ ਅਤੇ ਕੁੜੀ ਕੋਲੋਂ ਮੋਬਾਈਲ ਖੋਹਣ ਉਪਰੰਤ ਜਦੋਂ ਅਲਮਾਰੀ ਵੱਲ ਵਧਣ ਲੱਗਾ ਤਾਂ ਲੜਕੀ ਨੇ ਰੌਲਾ ਪਾ ਦਿੱਤਾ। ਜਿਸਦੇ ਚੱਲਦਿਆਂ ਉਸਨੇ ਗੋਲੀ ਚਲਾ ਦਿੱਤੀ, ਜੋ ਕੁੜੀ ਦੇ ਸਿਰ ਦੇ ਪਿਛਲੇ ਪਾਸੇ ਲੱਗੀ। ਜਿਸ ਨੂੰ ਇਲਾਜ ਲਈ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ ਘਟਨਾ ਸਥਾਨ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਨਦੀਪ ਕੌਰ ਵਾਸੀ ਜੌਹਲ ਰਾਜੂ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੇ ਪਤੀ ਫੌਜ ਵਿਚ ਹਨ ਅਤੇ ਉਹ ਆਪਣੇ ਲੜਕੇ ਤੇ ਲੜਕੀ ਸਮੇਤ ਪਿੰਡ ’ਚ ਬਣੇ ਘਰ ਦੀ ਉੱਪਰਲੀ ਮੰਜਿਲ ’ਤੇ ਰਹਿੰਦੀ ਹੈ। ਵੀਰਵਾਰ ਰਾਤ ਨੂੰ ਉਨ੍ਹਾਂ ਦੀ 12ਵੀਂ ਕਲਾਸ ਵਿਚ ਪੜ੍ਹਦੀ 18 ਸਾਲਾ ਲੜਕੀ, ਜਿਸਦਾ ਪੇਪਰ ਸੀ, ਰਾਤ ਨੂੰ ਪੜ੍ਹਾਈ ਕਰ ਰਹੀ ਸੀ ਅਤੇ ਉਹ ਤੇ ਉਸਦਾ ਲੜਕਾ ਸੁੱਤੇ ਹੋਏ ਸਨ। ਰਾਤ ਕਰੀਬ 12 ਵਜੇ ਅਚਾਨਕ ਲੜਕੀ ਦਾ ਚੀਕ ਚਿਹਾੜਾ ਸੁਣ ਕੇ ਜਦੋਂ ਉਹ ਉਸਦੇ ਕਮਰੇ ਵਿਚ ਪੁੱਜੀ ਤਾਂ ਵੇਖਿਆ ਕਿ ਉਸਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ ਅਤੇ ਉਨ੍ਹਾਂ ਦੇ ਸਾਹਮਣੇ ਹੀ ਪਿੰਡ ਦਾ ਨਿਰਵੈਲ ਸਿੰਘ ਪੁੱਤਰ ਸਤਨਾਮ ਸਿੰਘ ਧਮਕੀਆਂ ਦਿੰਦਾ ਹੋਇਆ ਭੱਜ ਗਿਆ। ਉਸਦੀ ਲੜਕੀ ਨੇ ਦੱਸਿਆ ਕਿ ਉਹ ਜਦੋਂ ਪੜ੍ਹਾਈ ਕਰ ਰਹੀ ਸੀ ਤਾਂ ਅਚਾਨਕ ਨਿਰਵੈਲ ਸਿੰਘ ਕਮਰੇ ਅੰਦਰ ਦਾਖਲ ਹੋਇਆ ਤੇ ਉਸ ਉੱਪਰ ਪਿਸਟਲ ਤਾਣ ਕੇ ਰੌਲਾ ਨਾ ਪਾਉਣ ਦੀ ਧਮਕੀ ਦਿੱਤੀ। ਫਿਰ ਉਸਨੇ ਹੱਥੋਪਾਈ ਕਰਕੇ ਉਸਦਾ ਫੋਨ ਖੋਹ ਲਿਆ ਅਤੇ ਜਦੋਂ ਉਹ ਕਮਰੇ ਵਿਚ ਪਈ ਅਲਮਾਰੀ ਵੱਲ ਵਧਿਆ ਤਾਂ ਉਸਨੇ ਰੌਲਾ ਪਾ ਦਿੱਤਾ। ਜਿਸਦੇ ਚੱਲਦਿਆਂ ਉਸਨੇ ਗੋਲੀ ਚਲਾ ਦਿੱਤੀ ਜੋ ਉਸਦੇ ਸਿਰ ਦੇ ਪਿਛਲੇ ਪਾਸੇ ਲੱਗੀ। ਉਨ੍ਹਾਂ ਦੱਸਿਆ ਕਿ ਉਹ ਪਰਿਵਾਰ ਦੇ ਹੋਰ ਮੈਂਬਰਾਂ ਸਮੇਤ ਤੁਰੰਤ ਲੜਕੀ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਨਿਰਵੈਲ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਜੌਹਲ ਰਾਜੂ ਸਿੰਘ ਵਾਲਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।