ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਨੇ ਜ਼ਿਲ੍ਹਾ ਪੱਧਰੀ ਵਿਸ਼ਵ ਜਲ ਦਿਵਸ ਮਨਾਇਆ
ਵੱਖ-ਵੱਖ ਪਿੰਡਾਂ ਵਿਖੇ ਚੱਲ ਰਹੀਆਂ ਨਿਰਵਿਘਨ ਜਲ ਸਪਲਾਈ ਸਕੀਮਾਂ ਤੋਂ ਸ਼ਾਮਿਲ ਹੋਏ ਸਰਪੰਚਾਂ ਤੇ ਕਮੇਟੀ ਮੈਂਬਰਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ।
Publish Date: Sun, 22 Mar 2026 04:41 PM (IST)
Updated Date: Mon, 23 Mar 2026 04:02 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤਰਨਤਾਰਨ ਵੱਲੋਂ ਜਲ ਮਹਾਉਤਸਵ ਤਹਿਤ ਅੱਜ ਜ਼ਿਲ੍ਹਾ ਪੱਧਰੀ ਵਿਸ਼ਵ ਜਲ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਏਡੀਸੀ ਵਿਕਾਸ ਸੁਰਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਸਮਾਗਮ ’ਚ ਪਹੁੰਚੇ ਸਰਪੰਚਾਂ, ਜੀਪੀਡਬਲਿਯੂ ਕਮੇਟੀ ਦੇ ਮੈਂਬਰਾਂ, ਅਧਿਕਾਰੀਆਂ ਨੂੰ ਪਾਣੀ ਦੀ ਸੰਭਾਲ ਕਰਨ, ਪਾਣੀ ਦੀ ਬਰਬਾਦੀ ਨੂੰ ਰੋਕਣ ਤੇ ਸਾਫ਼ ਪਾਣੀ ਨੂੰ ਬਚਾਉਣ ਹਿੱਤ ਸਹੁੰ ਚੁਕਾਈ। ਨਾਲ ਹੀ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਪਿੰਡਾਂ ਵਿਖੇ ਚੱਲ ਰਹੀਆਂ ਨਿਰਵਿਘਨ ਜਲ ਸਪਲਾਈ ਸਕੀਮਾਂ ਤੋਂ ਸ਼ਾਮਿਲ ਹੋਏ ਸਰਪੰਚਾਂ ਤੇ ਕਮੇਟੀ ਮੈਂਬਰਾਂ ਨੂੰ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਤਰਨਤਾਰਨ ਦੀਆ ਹੋਰਨਾਂ ਗ੍ਰਾਮ ਪੰਚਾਇਤਾਂ ਨੂੰ ਇਨ੍ਹਾਂ ਪਿੰਡਾਂ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਹਰੇਕ ਪਿੰਡ ’ਚ ਨਿਰਵਿਘਨ ਜਲ ਸਪਲਾਈ ਸਕੀਮ ਦੀ ਪ੍ਰਥਾ ਨੂੰ ਲਾਗੂ ਕੀਤਾ ਜਾ ਸਕੇ ਤੇ ਜਲ ਜੀਵਨ ਮਿਸ਼ਨ ਤਹਿਤ ਹਰੇਕ ਘਰ ਤੱਕ ਨਿਰਵਿਘਨ ਜਲ ਸਪਲਾਈ ਦੀ ਪਹੁੰਚ ਹੋ ਸਕੇ। ਇਸ ਨਾਲ ਪਿੰਡਾਂ ਦੇ ਲੋਕਾਂ ਦਾ ਜੀਵਨ ਖ਼ਾਸ ਕਰ ਕੇ ਮਹਿਲਾਵਾਂ ਦਾ ਜੀਵਨ ਸੁਖਾਲ਼ਾ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਗ੍ਰਾਮ ਪੰਚਾਇਤ ਰਾਜੇ ਵਾਲਾ ਖੂਹ, ਗ੍ਰਾਮ ਪੰਚਾਇਤ ਰੇਸ਼ੀਆਨਾ ਬਲਾਕ ਤਰਨਤਾਰਨ ਤੇ ਗ੍ਰਾਮ ਪੰਚਾਇਤ ਕਾਜੀਵਾਲ ਬਲਾਕ ਖਡੂਰ ਸਾਹਿਬ ਦੇ ਚੰਗੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਸੁਖਮਿੰਦਰ ਸਿੰਘ ਨੇ ਸਮਾਗਮ ’ਚ ਸ਼ਾਮਲ ਅਧਿਕਾਰੀਆਂ ਤੇ ਗ੍ਰਾਮ ਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਵਿਭਾਗ ਵੱਲੋਂ 8 ਤੋਂ 21 ਮਾਰਚ ਤੱਕ ਜਲ ਮਹਾਉਤਸਵ ਤਹਿਤ ਵੱਖ-ਵੱਖ ਪਿੰਡਾਂ ’ਚ ਨਾਰੀ ਜਲ ਸ਼ਕਤੀ ਦਿਵਸ ਤੇ ਜਲ ਸੁਰੱਖਿਆ ਸਹੇਲੀ ਮੁਹਿੰਮ ਤਹਿਤ ਵੱਧ ਤੋਂ ਵੱਧ ਔਰਤਾਂ ਨੂੰ ਸ਼ਾਮਿਲ ਕਰ ਕੇ ਗਤੀਵਿਧਿਆਂ ਕੀਤੀਆ ਗਈਆਂ, ਔਰਤਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਣੂੰ ਕਰਵਾਇਆ, ਪਿੰਡਾਂ ਦੀਆ ਮਹਿਲਾਵਾਂ ਨੂੰ ਪਾਣੀ ਦੀ ਸੰਭਾਲ, ਸਾਫ਼ ਪੀਣ ਯੋਗ ਪਾਣੀ ਪੀਣ ਦੇ ਲਾਭ ਤੇ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਜਲ ਸਪਲਾਈ ਤੇ ਸੈਨੀਟੇਸ਼ਨ ਕਮੇਟੀਆਂ ਨੂੰ 24 ਘੰਟੇ ਜਲ ਸਪਲਾਈ ਸਕੀਮ ਪਿੰਡ ’ਚ ਚਲਾਉਣ ਦੇ ਢੰਗ ਤੇ ਲਾਭ ਬਾਰੇ ਜਾਣੂੰ ਕਰਵਾਇਆ ਗਿਆ। ਵਿਭਾਗ ਵੱਲੋਂ ਸਮੂਹ ਪਿੰਡ ਵਾਸੀਆਂ ਨੂੰ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਤੇ ਪਾਣੀ ਨੂੰ ਵੱਧ ਤੋਂ ਵੱਧ ਬਚਾਉਣ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸਕੂਲਾਂ, ਆਂਗਣਵਾੜੀ ਸੈਂਟਰਾਂ ਤੇ ਪਿੰਡਾਂ ਵਿਖੇ ਪਾਣੀ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਅਤੇ ਪਿੰਡਾਂ ਦੀਆਂ ਔਰਤਾਂ ਨੂੰ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਨ ਦੀ ਟ੍ਰੇਨਿੰਗ ਮੁਹੱਈਆ ਕਰਵਾਈ ਗਈ। ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਤਰਨਤਾਰਨ ਪਿਆਰ ਸਿੰਘ, ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਤਰਨਤਾਰਨ, ਉਪ ਮੁੱਖ ਕਾਰਜਕਾਰੀ ਅਧਿਕਾਰੀ ਜ਼ਿਲ੍ਹਾ ਪ੍ਰੀਸ਼ਦ ਦਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਮਨਰੇਗਾ ਦਲਜੀਤ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਜਗਦੀਸ਼ ਸਿੰਘ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ 2, ਜਸਦੀਪ ਸਿੰਘ, ਕਾਰਤਿਕ ਵਰਮਾਨੀ, ਹਰਜਿੰਦਰ ਸਿੰਘ ਉਪ ਮੰਡਲ ਇੰਜੀਨੀਅਰ ਤੇ ਸਮੂਹ ਜੂਨੀਅਰ ਇੰਜੀਨੀਅਰਾਂ ਤੋਂ ਇਲਾਵਾ ਮੰਡਲ ਪੱਧਰੀ ਤੇ ਬਲਾਕ ਪੱਧਰੀ ਸਮਾਜਿਕ ਸਟਾਫ਼ ਹਾਜਰ ਸੀ।