ਤਨਖਾਹਾਂ ਦੀ ਮੰਗ ਨੂੰ ਲੈ ਕੇ ਤੀਸਰੇ ਦਿਨ ਵੀ ਜ਼ਬਰਦਸਤ ਰੋਸ ਧਰਨਾ
ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚੋਂ ਕੱਟਿਆਂ ਈਪੀਐੱਫ ਵੀ ਵਿਭਾਗ ਵਲੋਂ ਪਿਛਲੇ 13 ਮਹੀਨਿਆਂ ਤੋਂ ਜਮ੍ਹਾਂ ਨਹੀ ਕਰਵਾਇਆ ਗਿਆ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ।
Publish Date: Wed, 14 Jan 2026 07:24 PM (IST)
Updated Date: Thu, 15 Jan 2026 04:10 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤਾ ਧਰਨਾ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ। ਰੈਗੂਲਰ, ਆਊਟ ਸੋਰਸਿੰਗ ਅਤੇ ਕੰਟਰੈਕਟ ਅਧੀਨ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਵਲੋਂ ਲੌਅਰ ਗਰੇਡ ਮਿਉਂਸਪਲ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਵੰਤ ਰਾਏ ਦੀ ਪ੍ਰਧਾਨਗੀ ਹੇਠ ਨਗਰ ਕੌਂਸਲ ਦੇ ਦਫਤਰ ਅੱਗੇ ਤੀਸਰੇ ਦਿਨ ਵੀ ਵਿਸ਼ਾਲ ਰੋਸ ਧਰਨਾ ਦਿੱਤਾ ਅਤੇ ਮੈਨੇਜਮੈਂਟ/ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹੋਈ ਵਿਸ਼ਾਲ ਰੋਸ ਰੈਲੀ ਨੂੰ ਪ੍ਰਧਾਨ ਬਲਵੰਤ ਰਾਏ, ਜਨਰਲ ਸਕੱਤਰ ਗੁਰਨਾਮ ਸਿੰਘ ਨੇ ਧਰਨਾਕਾਰੀਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਕਾਰਨ ਲੋਹੜੀ ਵਾਲੇ ਦਿਨ ਵੀ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਨਾਲ ਲੋਹੜੀ ਮਨਾਉਣ ਦੀ ਥਾਂ ਦਫ਼ਤਰ ਅੱਗੇ ਧਰਨਾ ਮਾਰ ਕੇ ਲੋਹੜੀ ਮਨਾਉਣ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਮੌਕੇ ਕਿਸੇ ਧਾਰਮਿਕ ਅਸਥਾਨ ’ਤੇ ਨਤਮਸਤਕ ਹੋਣ ਦੀ ਥਾਂ ਦਫ਼ਤਰ ਅੱਗੇ ਧਰਨਾ ਮਾਰਨਾ ਪਿਆ ਹੈ। ਵਾਈਸ ਪ੍ਰਧਾਨ ਚਾਂਦ ਅਤੇ ਦਫ਼ਤਰ ਸਕੱਤਰ ਲਖਬੀਰ ਸਿੰਘ ਸ਼ਹੀਦ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾ ਰਹੀਆਂ, ਉਥੇ ਆਊਟ ਸੋਰਸਿੰਗ ਅਧੀਨ ਕੰਮ ਕਰਦੇ ਮੁਲਾਜ਼ਮ ਪਿਛਲੇ ਚਾਰ ਮਹੀਨਿਆਂ ਤੋਂ ਅਤੇ ਕੰਟਰੈਕਟ ਅਧੀਨ ਕੰਮ ਕਰਦੇ ਵਰਕਰ ਪਿਛਲੇ ਦੋ ਮਹੀਨਿਆਂ ਤੋਂ ਫ਼ਾਕਾ ਕੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚੋਂ ਕੱਟਿਆਂ ਈਪੀਐੱਫ ਵੀ ਵਿਭਾਗ ਵਲੋਂ ਪਿਛਲੇ 13 ਮਹੀਨਿਆਂ ਤੋਂ ਜਮ੍ਹਾਂ ਨਹੀ ਕਰਵਾਇਆ ਗਿਆ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਆਗੂਆਂ ਨੇ ਰੈਲੀ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਗਰ ਕੌਂਸਲ ਪੱਟੀ ਅਧੀਨ ਕੰਮ ਕਰਦੇ ਸਮੁੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ 13 ਮਹੀਨਿਆਂ ਦਾ ਕੱਟਿਆ ਈਪੀਐੱਫ ਜਮ੍ਹਾਂ ਕਰਵਾਇਆ ਜਾਵੇ। ਆਗੂਆਂ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ, ਚੰਨਬੀਰ ਸਿੰਘ, ਸਾਬਕਾ ਪ੍ਰਧਾਨ ਲੇਖਰਾਜ, ਲਖਵਿੰਦਰ ਸਿੰਘ, ਸੰਦੀਪ ਸਿੰਘ, ਮਲਕੀਤ ਸਿੰਘ, ਕੁਲਵੰਤ, ਜਸਬੀਰ ਸਿੰਘ, ਰੋਹਣ, ਰਾਮ ਲਾਲ, ਗੁਰਦੀਪ ਸਿੰਘ, ਗੌਰਵ, ਬੈਜ ਨਾਥ, ਕੁਲਵਿੰਦਰ ਕੌਰ, ਹਰਜੀਤ ਕੌਰ, ਕੰਵਲਪ੍ਰੀਤ ਕੌਰ, ਆਸ਼ਾ ਰਾਣੀ, ਦਰਸ਼ਨਾ, ਰਜਨੀਤ ਕੌਰ, ਸਵੀਤਾ, ਕਿਰਨ ਅਤੇ ਪਲਕ ਆਦਿ ਹਾਜਰ ਸਨ। ਕੈਪਸ਼ਨ : ਨਗਰ ਕੌਂਸਲ ਪੱਟੀ ਦੇ ਸਮੁੱਚੇ ਮੁਲਾਜ਼ਮਾਂ ਵਲੋਂ ਤਨਖਾਹਾਂ ਅਤੇ ਈਪੀਐੱਫ ਤੁਰੰਤ ਜਾਰੀ ਕਰਵਾਉਣ ਲਈ ਰੋਸ ਧਰਨਾ।