- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ’ਚ ਕਾਂਗਰਸ ਸਰਕਾਰ ਦੌਰਾਨ ਵਿਕਾਸ ਦੇ ਕਈ ਇਤਿਹਾਸਿਕ ਕੰਮ ਕੀਤੇ ਗਏ, ਜਿਨ੍ਹਾਂ ਦਾ ਫਾਇਦਾ ਆਮ ਲੋਕਾਂ ਨੂੰ ਮਿਲਿਆ।

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਪੱਟੀ ਵਿਧਾਨ ਸਭਾ ਹਲਕੇ ’ਚ ਕਾਂਗਰਸ ਪਾਰਟੀ ਵੱਲੋਂ ਬੂਥ ਲੈਵਲ ਏਜੰਟਸ ਦੀ ਅਹਿਮ ਮੀਟਿੰਗ ਹਲਕੇ ਦੇ ਪਿੰਡ ਭੱਗੂਪੁਰ ਵਿਖੇ ਕੀਤੀ ਗਈ, ਜਿਸ ’ਚ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਵੋਟਰ ਸੂਚੀਆਂ ਦੀ ਸੁਧਾਈ ਤੇ ਨਵੀਆਂ ਵੋਟਾਂ ਬਣਾਉਣ ਲਈ ਵਿਸਥਾਰ ਪੂਰਵਕ ਯੋਜਨਾ ਤਿਆਰ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਹੀ ਉਹ ਪਾਰਟੀ ਹੈ ਜੋ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਖੜ੍ਹੀ ਰਹੀ ਹੈ ਤੇ ਅੱਗੇ ਵੀ ਲੋਕਾਂ ਦੀ ਆਵਾਜ਼ ਬਣੀ ਰਹੇਗੀ। ਪੰਜਾਬ ’ਚ ਕਾਂਗਰਸ ਸਰਕਾਰ ਦੌਰਾਨ ਵਿਕਾਸ ਦੇ ਕਈ ਇਤਿਹਾਸਿਕ ਕੰਮ ਕੀਤੇ ਗਏ, ਜਿਨ੍ਹਾਂ ਦਾ ਫਾਇਦਾ ਆਮ ਲੋਕਾਂ ਨੂੰ ਮਿਲਿਆ।
ਗਿੱਲ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਲੋਕ ਦੁਬਾਰਾ ਕਾਂਗਰਸ ਵੱਲ ਉਮੀਦ ਨਾਲ ਦੇਖ ਰਹੇ ਹਨ ਤੇ ਆਉਣ ਵਾਲੇ ਸਮੇਂ ’ਚ ਕਾਂਗਰਸ ਪਾਰਟੀ ਨੂੰ ਭਾਰੀ ਸਮੱਰਥਨ ਮਿਲੇਗਾ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਤੇ ਉਪਲੱਬਧੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਤੇ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਬਣਾਉਣ। ਇਸ ਦੌਰਾਨ ਉਨ੍ਹਾਂ ਨੇ ਸਖ਼ਤ ਲਹਿਜ਼ੇ ’ਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਯੋਗ ਨਾਗਰਿਕ ਦੀ ਵੋਟ ਬਣਾਉਣਾ ਤੇ ਗ਼ਲਤ ਜਾਂ ਦੁਹਰਾਈਆਂ ਵੋਟਾਂ ਨੂੰ ਤੁਰੰਤ ਠੀਕ ਕਰਨਾ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਵਰਕਰਾਂ ਨੂੰ ਆਦੇਸ਼ ਦਿੱਤੇ ਕਿ ਸਾਰੇ ਆਪਣੇ ਇਲਾਕਿਆਂ ਅੰਦਰ ਲੋਕਾਂ ਨਾਲ ਸੰਪਰਕ ਕਰਨ ਤੇ ਵੋਟਰ ਲਿਸਟ ਨੂੰ ਪੂਰੀ ਤਰ੍ਹਾਂ ਦਰੁਸਤ ਬਣਾਉਣ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੂਥ ਪੱਧਰ ’ਤੇ ਮਜ਼ਬੂਤੀ ਹੀ ਚੋਣ ਜਿੱਤਣ ਦੀ ਕੁੰਜੀ ਹੈ ਤੇ ਇਸ ’ਚ ਕੋਈ ਵੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਵਰਕਰਾਂ ਨੂੰ ਟਾਰਗੇਟ ਦੇ ਕੇ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਨ ਲਈ ਕਿਹਾ ਗਿਆ। ਮੀਟਿੰਗ ’ਚ ਮੌਜੂਦ ਹੋਰ ਆਗੂਆਂ ਤੇ ਵਰਕਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਇਕਜੁੱਟ ਹੋ ਕੇ ਕੰਮ ਕਰਨ ਦਾ ਸੰਕਲਪ ਲਿਆ। ਮੌਕੇ ’ਤੇ ਵਰਕਰਾਂ ’ਚ ਖਾਸ ਜੋਸ਼ ਤੇ ਉਤਸ਼ਾਹ ਦੇਖਣ ਨੂੰ ਮਿਲਿਆ।
ਅਖੀਰ ’ਚ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਜ਼ਮੀਨੀ ਪੱਧਰ ’ਤੇ ਪੂਰੀ ਤਰ੍ਹਾਂ ਸਰਗਰਮ ਹੈ ਤੇ ਲੋਕਾਂ ਦਾ ਭਰੋਸਾ ਜਿੱਤ ਕੇ ਆਉਣ ਵਾਲੀਆਂ ਚੋਣਾਂ ’ਚ ਵੱਡੀ ਜਿੱਤ ਦਰਜ ਕਰੇਗੀ।
ਇਸ ਮੌਕੇ ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਪ੍ਰਧਾਨ ਵਿਜੇ ਸ਼ਰਮਾ, ਗੁਰਵੇਲ ਸਿੰਘ ਲੁਹਾਰੀਆ, ਸੁਖਦੇਵ ਸਿੰਘ ਸੰਗਵਾ, ਬਲਜੀਤ ਸਿੰਘ, ਦਿਲਬਾਗ ਸਿੰਘ, ਰਾਣਾ ਬੁੱਟਰ, ਨਿਸ਼ਾਨ ਸਿੰਘ ਬੁੱਟਰ, ਹਰਜਿੰਦਰ ਸਿੰਘ ਬੌਬੀ, ਸੁਰਜੀਤ ਸਿੰਘ, ਰਾਜ ਕੁਮਾਰ ਰਾਜੂ, ਮਨਦੀਪ ਸਿੰਘ ਮੱਤਾ ਪ੍ਰਧਾਨ ਯੂਥ ਕਾਂਗਰਸ, ਸੁਖਵਿੰਦਰ ਸਿੰਘ ਸੰਗਵਾਂ ਪੀਏ, ਸਾਬਕਾ ਸਰਪੰਚ ਬਲਰਾਜ ਸਿੰਘ ਸਮੇਤ ਵੱਡੀ ਗਿਣਤੀ ’ਚ ਕਾਂਗਰਸ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਹਾਜ਼ਰ ਸਨ।