ਸੰਯੁਕਤ ਕਿਸਾਨ ਮੋਰਚੇ ਨੇ ਤਰਨਤਾਰਨ ’ਚ ਕੱਢਿਆ ਟਰੈਕਟਰ ਮਾਰਚ
ਜੇਕਰ 5 ਫਰਵਰੀ ਤੱਕ ਸਰਕਾਰ ਨੇ ਸਹਿਕਾਰੀ ਮਿੱਲ ਵੇਚਣ ਦਾ ਤਾਨਾਸ਼ਾਹੀ ਫੁਰਮਾਨ ਵਾਪਸ ਨਾ ਲਿਆ, ਤਾਂ ਸੰਯੁਕਤ ਕਿਸਾਨ ਮੋਰਚਾ ਤੁਰੰਤ ਮੀਟਿੰਗ ਕਰਕੇ ਇਸ ਸਬੰਧੀ ਤਿੱਖੇ ਐਕਸ਼ਨ ਦਾ ਐਲਾਨ ਕਰੇਗਾ।
Publish Date: Wed, 28 Jan 2026 04:25 PM (IST)
Updated Date: Thu, 29 Jan 2026 04:02 AM (IST)

ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ 5 ਫਰਵਰੀ ਤੱਕ ਫੈਸਲਾ ਵਾਪਸ ਲੈਣ ਦਾ ਦਿੱਤਾ ਸਮਾਂ ਗੁਰਪ੍ਰੀਤ ਸਿੰਘ ਕੱਦਗਿੱਲ•,ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ’ਤੇ ਜ਼ਿਲ੍ਹਾ ਤਰਨਤਾਰਨ ਸੰਯੁਕਤ ਮੋਰਚਾ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਇਕ ਟਰੈਕਟਰ ਮਾਰਚ ਕੱਢਿਆ ਗਿਆ। ਇਸ ਤੋਂ ਪਹਿਲਾ ਟਰੈਕਟਰ ਮਾਰਚ ਸਹਿਕਾਰੀ ਸ਼ੂਗਰ ਮਿਲ ਸੇਰੋਂ ਦੇ ਸਾਹਮਣੇ ਸੜਕ ਦੇ ਦੋਵੇ ਪਾਸੇ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਟਰੈਕਟਰ ਮਾਰਚ ’ਚ ਜਮਹੂਰੀ ਕਿਸਾਨ ਸਭਾ, ਬੀਕੇਯੂ ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ, ਬੀਕੇਯੂ ਏਕਤਾ ਉਗਰਾਹਾਂ, ਕੌਮੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਰਵੀ, ਆਦਿ ਕਿਸਾਨ ਜਥੇਬੰਦੀਆਂ ਨੇ ਭਾਗ ਲਿਆ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ, ਉਨ੍ਹਾਂ ਵਾਅਦਾ ਖ਼ਿਲਾਫ਼ੀਆਂ ਵਿਰੁੱਧ ਕਿਸਾਨਾਂ ਨੇ ਸਖ਼ਤ ਗੁੱਸੇ ਦਾ ਪ੍ਰਗਟਾਵਾ ਕੀਤਾ। ਇੱਥੇ ਹੀ ਬੱਸ ਨਹੀਂ ਨੇਤਾਵਾਂ ਨੇ ਬੋਲਦਿਆਂ ਹੋਇਆਂ ਕੇਂਦਰ ਸਰਕਾਰ ਵੱਲੋਂ ਮੁੜ ਤੋਂ ਕਿਸਾਨਾਂ ਤੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਵਿਰੁੱਧ ਬਿਜਲੀ ਬਿੱਲ 2025, ਬੀਜ ਸੋਧ ਬਿੱਲ 2025, ਕਿਰਤ ਕਾਨੂੰਨ ਕੋਡ ਅਤੇ ਮਨਰੇਗਾ ਨੂੰ ਖਤਮ ਕਰਨ ਵਰਗੇ ਕਾਨੂੰਨ ਵਾਪਸ ਲੈਣ ਦੀ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ। ਇਸ ਮੌਕੇ ਜੱਸਾ ਸਿੰਘ ਕੱਦ ਗਿੱਲ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ, ਨਛੱਤਰ ਸਿੰਘ ਮੁਗਲਚੱਕ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਬਾਬਾ ਸਲੱਖਣ ਸਿੰਘ ਮੰਡਾਲਾ, ਪੂਰਨ ਸਿੰਘ ਮਾੜੀਮੇਘਾ, ਤਾਰਾ ਸਿੰਘ ਸੈਨਿਕ ਸੰਘਰਸ਼ ਕਮੇਟੀ, ਆਦਿ ਨੇਤਾਵਾਂ ਨੇ ਸਹਿਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਕਾਰਪੋਰੇਸ਼ਨ ਦੇ ਨਾਂ ਕਰਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ 5 ਫਰਵਰੀ ਤੱਕ ਸਰਕਾਰ ਨੇ ਸਹਿਕਾਰੀ ਮਿੱਲ ਵੇਚਣ ਦਾ ਤਾਨਾਸ਼ਾਹੀ ਫੁਰਮਾਨ ਵਾਪਸ ਨਾ ਲਿਆ, ਤਾਂ ਸੰਯੁਕਤ ਕਿਸਾਨ ਮੋਰਚਾ ਤੁਰੰਤ ਮੀਟਿੰਗ ਕਰਕੇ ਇਸ ਸਬੰਧੀ ਤਿੱਖੇ ਐਕਸ਼ਨ ਦਾ ਐਲਾਨ ਕਰੇਗਾ। ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਏਗੀ। ਇਸ ਮੌਕੇ ਸੁਖਦੇਵ ਸਿੰਘ ਤੁੜ, ਦਲਜੀਤ ਸਿੰਘ ਦਿਆਲਪੁਰਾ, ਗੁਰਚਰਨ ਸਿੰਘ ਸਭਰਾ, ਰੇਸ਼ਮ ਸਿੰਘ ਫੇਲੋਕੇ, ਸੁਖਚੈਨ ਸਿੰਘ ਸਰਹਾਲੀ, ਮਹਾਂਵੀਰ ਸਿੰਘ ਗਿੱਲ, ਭੁਪਿੰਦਰ ਸਿੰਘ ਪੰਡੋਰੀ ਤਖਤ ਮਲ, ਹਰਦੀਪ ਸਿੰਘ ਜੋੜਾ, ਪ੍ਰਗਟ ਸਿੰਘ ਸੇਰੋਂ, ਸੁਖਵੰਤ ਸਿੰਘ, ਹਰਪ੍ਰੀਤ ਸਿੰਘ ਕੋਟ, ਚਮਕੌਰ ਸਿੰਘ ਭੁੱਲਰ, ਕੁਲਵੰਤ ਸਿੰਘ, ਪ੍ਰਗਟ ਸਿੰਘ ਮਹਿਦੀਪੁਰ ਹਾਜਰ ਸਨ। ਸਟੇਜ ਸਕੱਤਰ ਵਜੋਂ ਰਤਨ ਸਿੰਘ ਢੰਡ ਨੇ ਭੂਮਿਕਾ ਨਿਭਾਈ। ਸਹਿਕਾਰੀ ਸ਼ੂਗਰ ਮਿੱਲ ਸੇਰੋਂ ਤੋਂ ਰੋਸ ਪ੍ਰਦਰਸ਼ਨ ਤੋਂ ਬਾਅਦ ਇਹ ਟਰੈਕਟਰ ਮਾਰਚ ਡਿਪਟੀ ਕਮਿਸ਼ਨਰ ਦਫ਼ਤਰ ਤਰਨਤਾਰਨ ਦੇ ਬਾਹਰ ਖ਼ਤਮ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ’ਚ ਨਾਅਰੇਬਾਜ਼ੀ ਕੀਤੀ ਗਈ।