ਬੇਰੁਜ਼ਗਾਰ 26 ਜਨਵਰੀ ਨੂੰ ਕਰਨਗੇ ਮੰਤਰੀਆਂ ਦੇ ਪ੍ਰੋਗਰਾਮਾਂ ਦਾ ਵਿਰੋਧ
ਪੰਜਾਬ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ ਕੱਢਣ ਲਈ ਜਿੱਥੇ 25 ਦਸੰਬਰ ਤੋਂ ਸੰਗਰੂਰ ਵਿਖੇ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ।
Publish Date: Sun, 18 Jan 2026 04:54 PM (IST)
Updated Date: Mon, 19 Jan 2026 04:06 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਬੇਰੁਜ਼ਗਾਰ ਸਾਂਝਾ ਮੋਰਚਾ ਤਰਨਤਾਰਨ ਦੀ ਇਕੱਤਰਤਾ ਬਲਾਕ ਭਿੱਖੀਵਿੰਡ ਵਿਖੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲ੍ਹਿਆਵਾਲਾਂ ਦੀ ਅਗਵਾਈ ਹੇਠ ਹੋਈ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਲਗਪਗ ਪਿਛਲੇ ਚਾਰ ਸਾਲਾਂ ਦੌਰਾਨ ਸਿੱਖਿਆ ਵਿਭਾਗ ’ਚ ਇਕ ਵੀ ਨਵੀਂ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ, ਪਰ ਸਰਕਾਰ ਸਿੱਖਿਆ ਕ੍ਰਾਂਤੀ ਦੇ ਦਮਗਜ਼ੇ ਮਾਰ ਰਹੀ ਹੈ। ਇਸ ਲਈ ਬੇਰੁਜ਼ਗਾਰਾਂ ਨੇ ਆਪਣੀਆਂ ਮੰਗਾਂ ਤੋਂ ਆਮ ਜਨਤਾ ਨੂੰ ਜਾਣੂੰ ਕਰਵਾਉਣ ਤੇ ਪੰਜਾਬ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ ਕੱਢਣ ਲਈ ਜਿੱਥੇ 25 ਦਸੰਬਰ ਤੋਂ ਸੰਗਰੂਰ ਵਿਖੇ ਡੀਸੀ ਦਫਤਰ ਅੱਗੇ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ। ਉੱਥੇ ਪੰਜਾਬ ਅੰਦਰ ਕੰਧਾਂ ’ਤੇ ਨਾਅਰੇ ਲਿਖਣ ਦੀ ਮੁਹਿੰਮ ਵੀ ਚੱਲ ਰਹੀ ਹੈ। ਇਸੇ ਲੜੀ ਤਹਿਤ 26 ਜਨਵਰੀ ਨੂੰ ਸਾਰੇ ਮੰਤਰੀਆਂ ਦਾ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਹਰਨੰਦ ਸਿੰਘ ਬੱਲ੍ਹਿਆਂਵਾਲਾ, ਸੂਬਾ ਕਮੇਟੀ ਮੈਂਬਰ ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ ਵਿਭਾਗ ਅੰਦਰ ਨਰਸਰੀ, ਪ੍ਰਾਇਮਰੀ, ਮਾਸਟਰ ਕੇਡਰ, ਲੈਕਚਰਾਰ ਤੇ ਸਹਾਇਕ ਪ੍ਰੋਫੈਸਰ ਪੱਧਰ ਤੱਕ ਦੀ ਇਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ। ਉਲਟਾ ਪਿਛਲੀ ਸਰਕਾਰ ਮੌਕੇ ਦੀਆਂ ਜਾਰੀ ਅਸਾਮੀਆਂ ਜਿਨ੍ਹਾਂ ’ਚ ਲੈਕਚਰਾਰ 343 ਪੋਸਟਾਂ, ਪੀਟੀਆਈ ਅਧਿਆਪਕ 646 ਅਤੇ 2 ਹਜ਼ਾਰ ਪੀਟੀਆਈ ਅਧਿਆਪਕ ਪੋਸਟਾਂ ਨੂੰ ਰੱਦ ਜ਼ਰੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਨੇਕਾਂ ਥਾਵਾਂ ਤੋਂ ਐਲਾਨ ਕੀਤਾ ਸੀ ਅਤੇ ਅਜੇ ਵੀ ਐਲਾਨ ਕਰ ਰਹੇ ਹਨ ਕਿ ਪਿਛਲੀਆਂ ਸਰਕਾਰਾਂ ਮੌਕੇ ਰੁਜ਼ਗਾਰ ਮੰਗਦੇ, ਧਰਨੇ ਲਾਉਂਦੇ ਅਨੇਕਾਂ ਬੇਰੁਜ਼ਗਾਰ ਓਵਰਏਜ਼ ਹੋ ਚੁੱਕੇ ਹਨ। ਪੰਜਾਬ ਸਰਕਾਰ ਕਾਨੂੰਨ ’ਚ ਸੋਧ ਕਰ ਕੇ ਰੁਜ਼ਗਾਰ ਪ੍ਰਾਪਤੀ ਲਈ ਉਪਰਲੀ ਉਮਰ ਸੀਮਾ ’ਚ ਛੋਟ ਦੇਵੇਗੀ। ਜਦਕਿ ਅਜਿਹਾ ਅਮਲੀ ਰੂਪ ’ਚ ਨਹੀਂ ਕੀਤਾ ਗਿਆ। ਬੇਰੁਜ਼ਗਾਰਾਂ ਦੀਆਂ ਸਮੁੱਚੀਆਂ ਮੰਗਾਂ ਜਿਨ੍ਹਾਂ ’ਚ ਮਾਸਟਰ ਕੇਡਰ, ਲੈਕਚਰਾਰ, ਸਹਾਇਕ ਪ੍ਰੋਫੈਸਰ, ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਪੋਸਟਾਂ ਉਮਰ ਹੱਦ ਛੋਟ ਦੇ ਕੇ, ਮਾਸਟਰ ਕੇਡਰ ’ਚ ਥੋਪੀ ਬੇਤੁਕੀ ਸ਼ਰਤ 55 ਫ਼ੀਸਦੀ ਲਾਜ਼ਮੀ ਅੰਕਾਂ ਨੂੰ ਰੱਦ ਕਰਵਾਉਣ ਤੇ ਆਰਟ ਐਂਡ ਕਰਾਫਟ ਦੀ 250 ਭਰਤੀ ਪੂਰੀ ਕਰਵਾਉਣ ਲਈ ਬੇਰੁਜ਼ਗਾਰ ਸਾਂਝਾ ਮੋਰਚਾ ਪੱਕੇ ਮੋਰਚੇ ’ਤੇ ਸੰਗਰੂਰ ਡਟਿਆ ਹੋਇਆ ਹੈ ਤੇ ਜਦ ਤੱਕ ਪੰਜਾਬ ਸਰਕਾਰ ਮੰਗਾਂ ਮੰਨ ਕੇ ਵੱਡੀ ਭਰਤੀ ਦਾ ਇਸ਼ਤਿਹਾਰ ਜਾਰੀ ਨਹੀਂ ਕਰਦੀ ਤਦ ਤੱਕ ਮੋਰਚਾ ਜਾਰੀ ਰਹੇਗਾ। ਖ਼ਜ਼ਾਨਚੀ ਕਰਨਬੀਰ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਸਰਕਾਰ ਮੋਰਚੇ ਦੀਆਂ ਜਾਇਜ਼ ਮੰਗਾਂ ਵੱਲ ਜਲਦ ਧਿਆਨ ਦੇ ਕੇ ਹੱਲ ਕਰੇਗੀ। ਇਸ ਮੌਕੇ ਜਸਗੁਰਪ੍ਰੀਤ ਸਿੰਘ, ਗੁਰਲਾਲ ਸਿੰਘ, ਜਗਰੂਪ ਸਿੰਘ ਅਤੇ ਦਲਜੀਤ ਸਿੰਘ ਹਾਜ਼ਰ ਸਨ।