ਸੜਕਾਂ ’ਤੇ ਘੁੰਮਦੀਆਂ ਅਣਢੱਕੀਆਂ ਟਰਾਲੀਆਂ ਬਣ ਰਹੀਆਂ ਹਨ ਰਾਹਗੀਰਾਂ ਲਈ ਜਾਨ ਦਾ ਖੌਅ
ਖੁੱਲ੍ਹੀਆਂ ਟਰੈਕਟਰ ਟਰਾਲੀਆਂ ਵਿੱਚੋਂ ਉੱਡਦੀ ਰੇਤ, ਮਿੱਟੀ ਅਤੇ ਇੱਟਾਂ ਦੀ ਕੇਰੀ ਆਦਿ ਪਿੱਛੇ ਚੱਲਦੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਣ ਕਰਕੇ ਉਨ੍ਹਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
Publish Date: Sun, 11 Jan 2026 08:15 PM (IST)
Updated Date: Mon, 12 Jan 2026 04:18 AM (IST)

ਪੰਜਾਬੀ ਜਾਗਰਣ ਟੀਮ, ਤਰਨਤਾਰਨ : ਜ਼ਿਲ੍ਹੇ ਦੀਆਂ ਸੜਕਾਂ ’ਤੇ ਰੇਤ, ਮਿੱਟੀ ਤੇ ਇੱਟਾਂ ਆਦਿ ਦੀ ਢੋਆ ਢੁਆਈ ਕਰਦਿਆਂ ਅਣਢੱਕੀਆਂ ਟਰਾਲੀਆਂ ਲੋਕਾਂ ਦੀ ਜਾਨ ਦਾ ਖੌਅ ਬਣ ਕੇ ਘੁੰਮ ਰਹੀਆਂ ਹਨ। ਇਕ ਤਾਂ ਖੇਤੀਬਾੜੀ ਸੰਦ ਦੀ ਵਪਾਰਕ ਵਰਤੋਂ ਤੇ ਦੂਜਾ ਨਿਯਮਾਂ ਦੀ ਕੀਤੀ ਜਾ ਰਹੀ ਉਲੰਘਣਾ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਮੂੰਹ ਚਿੜਾਉਂਦੀ ਦਿਖਾਈ ਦਿੰਦੀ ਹੈ। ਹਾਲਾਂਕਿ ਇਹ ਮੁੱਦਾ ਕਈ ਵਾਰ ਸੁਰਖੀਆਂ ਵਿਚ ਆ ਚੁੱਕਾ ਹੈ, ਪਰ ਨਿਯਮਾਂ ਦੀ ਉਲੰਘਣਾ ਰੁਕਣ ਦਾ ਨਾਂ ਨਹੀਂ ਲੈ ਰਹੀ। ਤਰਨਤਾਰਨ ਦੀ ਗੱਲ ਕਰੀਏ ਤਾਂ ਇਸਦੀਆਂ ਵੱਖ-ਵੱਖ ਸੜਕਾਂ ’ਤੇ ਹਰ ਰੋਜ਼ ਮਿੱਟੀ, ਰੇਤ ਤੇ ਇੱਟਾਂ ਤੋਂ ਇਲਾਵਾ ਮਲਬਾ ਆਦਿ ਨਾਲ ਲੱਦੀਆਂ ਟਰੈਕਟਰ ਟਰਾਲੀਆਂ ਅਤੇ ਹੋਰ ਛੋਟੇ ਜੁਗਾੜੂ ਵਾਹਨ ਆਮ ਚਲਦੇ ਵੇਖੇ ਜਾ ਸਕਦੇ ਹਨ। ਨਿਯਮਾਂ ਦੀ ਗੱਲ ਕਰੀਏ ਤਾਂ ਅਜਿਹਾ ਸਾਮਾਨ ਜੇਕਰ ਢੋਹਣਾ ਹੋਵੇ ਤਾਂ ਉਸ ਨੂੰ ਢੱਕਣਾ ਜ਼ਰੂਰੀ ਹੈ। ਪਰ ਨਿਯਮਾਂ ਨੂੰ ਛਿੱਕੇ ’ਤੇ ਢੰਗ ਕੇ ਅਜਿਹੇ ਵਾਹਨ ਖੁੱਲ੍ਹੇ ਰੂਪ ਵਿਚ ਹੀ ਚੱਲਦੇ ਵੇਖੇ ਜਾਂਦੇ ਹਨ। ਇਹ ਟਰੈਕਟਰ ਟਰਾਲੀਆਂ ਪਿੰਡਾਂ ਦੀਆਂ ਲਿੰਕ ਸੜਕਾਂ ਨਹੀਂ ਬਲਕਿ ਹਾਈਵੇ ਅਤੇ ਸ਼ਹਿਰ ਦੀਆਂ ਅੰਦਰੂਨੀ ਸੜਕਾਂ ਉੱਪਰ ਵੀ ਘੁੰਮਦੇ ਦਿਖਾਈ ਦਿੰਦੇ ਹਨ। ਜਦੋਂਕਿ ਕਈ ਕਈ ਨਾਕਿਆਂ ਅੱਗੋਂ ਵੀ ਇਹ ਵਾਹਨ ਆਰਾਮ ਨਾਲ ਲੰਘ ਜਾਂਦੇ ਹਨ। ਖੁੱਲ੍ਹੀਆਂ ਟਰੈਕਟਰ ਟਰਾਲੀਆਂ ਵਿੱਚੋਂ ਉੱਡਦੀ ਰੇਤ, ਮਿੱਟੀ ਅਤੇ ਇੱਟਾਂ ਦੀ ਕੇਰੀ ਆਦਿ ਪਿੱਛੇ ਚੱਲਦੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਣ ਕਰਕੇ ਉਨ੍ਹਾਂ ਨੂੰ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਜਦੋਂਕਿ ਟਰਾਲੀਆਂ ’ਚੋਂ ਡਿੱਗਦੇ ਮਿੱਟੀ ਦੇ ਢੇਲੇ ਵੀ ਦੋ ਪਹੀਆ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ ਤਾਂ ਹਨ ਹੀ, ਨਾਲ ਹੀ ਪ੍ਰਦੂਸ਼ਣ ਦਾ ਕਾਰਨ ਵੀ ਬਣਦੇ ਹਨ। ਇਨ੍ਹਾਂ ਟਰਾਲੀਆਂ ਦੇ ਪਿੱਛੇ ਕੋਈ ਰਿਫਲੈਕਟਰ ਨਾ ਹੋਣ ਕਰਕੇ ਰਾਤ ਸਮੇਂ ਇਹ ਹੋਰ ਵੀ ਖਤਰਨਾਕ ਸਾਬਤ ਹੋ ਸਕਦੀਆਂ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰ ਵਾਹਨ ਵਿਰੁੱਧ ਕਾਰਵਾਈ ਹੁੰਦੀ ਹੈ : ਟਰੈਫਿਕ ਵਿੰਗ ਦੇ ਇੰਚਾਰਜ ਤਰਨਤਾਰਨ ਟਰੈਫਿਕ ਵਿੰਗ ਦੇ ਇੰਚਾਰਜ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਰ ਵਾਹਨ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਮਾਮਲਾ ਮਨੁੱਖੀ ਜਾਨਾਂ ਨਾਲ ਜੁੜਿਆ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਅਜਿਹਾ ਕੋਈ ਵਾਹਨ ਧਿਆਨ ਵਿਚ ਆਉਂਦਾ ਹੈ ਤਾਂ ਉਸ ਵਿਰੁੱਧ ਉਸੇ ਵੇਲੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਆਵਾਜਾਈ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਹਾਦਸਿਆਂ ਵਿਚ ਕਮੀਂ ਲਿਆਂਦੀ ਜਾ ਸਕੇ। === ਮਨੁੱਖੀ ਜਾਨਾਂ ਲਈ ਖੌਅ ਬਣੀਆਂ ਟਰਾਲੀਆਂ ’ਤੇ ਲੱਗੇ ਰੋਕ : ਰਾਜਪੂਤ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਦੇ ਸੂਬਾ ਆਗੂ ਬਲਜੀਤ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਰੇਤ, ਮਿੱਟੀ ਅਤੇ ਇੱਟਾਂ ਆਦਿ ਨਾਲ ਭਰੀਆਂ ਅਣਢੱਕੀਆਂ ਟਰਾਲੀਆਂ ਮਨੁੱਖੀ ਜਾਨਾਂ ਦਾ ਖੌਅ ਬਣ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਟਰਾਲੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਕਰਕੇ ਵਾਪਰਣ ਵਾਲੇ ਹਾਦਸੇ ’ਚ ਕੀਮਤੀ ਜਾਨ ਅਜਾਈਂ ਨਾ ਜਾਵੇ। ਉਨ੍ਹਾਂ ਨੇ ਕਿਹਾ ਕਿ ਅਜਿਹੇ ਵਾਹਨਾਂ ਪਿੱਛੇ ਰਿਫਲੈਕਟਰ ਵੀ ਜ਼ਰੂਰ ਲੱਗੇ ਹੋਣੇ ਚਾਹੀਦੇ ਹਨ। ਕਿਉਂਕਿ ਰਾਤ ਸਮੇਂ ਇਹ ਪਿੱਛੋਂ ਆਉਂਦੇ ਵਾਹਨ ਨੂੰ ਦਿਖਾਈ ਤੱਕ ਨਹੀਂ ਦਿੰਦੀਆਂ। ==== ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇ ਕਾਰਵਾਈ : ਅਰੋੜਾ ਤਰਨਤਾਰਨ ਦੇ ਸੀਨੀਅਰ ਐਡਵੋਕੇਟ ਰਾਕੇਸ਼ ਰਮਨ ਅਰੋੜਾ ਦਾ ਕਹਿਣਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਦਾ ਲਿਹਾਜ਼ ਨਹੀਂ ਹੋਣਾ ਚਾਹੀਦਾ। ਉਨ੍ਹਾਂ ਅੱਗੇ ਕਿਹਾ ਕਿ ਅਣਢੱਕੀਆਂ ਟਰੈਕਟਰ ਟਰਾਲੀਆਂ ਵੱਡੀ ਸਮੱਸਿਆ ਹਨ। ਜਿਸ ਕਿਸੇ ਦੇ ਵੀ ਅਧਿਕਾਰ ਖੇਤਰ ਵਿਚ ਇਹ ਮਾਮਲਾ ਆਉਂਦਾ ਹੈ, ਉਹ ਇਸ ਪ੍ਰਤੀ ਸਖਤ ਕਦਮ ਚੁੱਕੇ। ਉਨ੍ਹਾਂ ਨੇ ਇਹੀ ਕਿਹਾ ਕਿ ਰੇਤ, ਮਿੱਟੀ ਅਤੇ ਇੱਟਾਂ ਵਿੱਚੋਂ ਉੱਡਦੀ ਧੂੜ ਕਈਆਂ ਦੀ ਜਾਨ ਲਈ ਖਤਰਾ ਬਣ ਸਕਦੀ ਹੈ। ਇਸ ਲਈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ।