ਹਲਦੀ ਦਾ ਪ੍ਰੋਸੈਸਿੰਗ ਪਲਾਂਟ ਬਣਿਆ ਆਮਦਨ ਦਾ ਵਧੀਆ ਸਰੋਤ - ਮੁੱਖ ਖੇਤੀਬਾੜੀ ਅਫ਼ਸਰ
ਹਲਦੀ ਦਸ ਮਹੀਨੇ ਦੀ ਫ਼ਸਲ ਹੈ ਅਤੇ ਇਸ ਵਿਚੋਂ ਚੰਗੀ ਕਮਾਈ ਹੋ ਜਾਂਦੀ ਹੈ।
Publish Date: Wed, 04 Feb 2026 05:50 PM (IST)
Updated Date: Thu, 05 Feb 2026 04:05 AM (IST)

ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਡਾਕਟਰ ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਵਲੋਂ ਹਲਦੀ ਪ੍ਰੋਸੈਸਿੰਗ ਪਲਾਂਟ ਨਾਗੋਕੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ 2011-12 ਵਿਚ ਉਨ੍ਹਾਂ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਹਲਦੀ ਬੀਜਣ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਸ਼ੁਰੂਆਤ ਵਿਚ ਇਕ ਕਿੱਲੇ ਵਿਚ ਹਲਦੀ ਦੀ ਬਿਜਾਈ ਕੀਤੀ। ਕ੍ਰਿਸ਼ਨ ਕੁਮਾਰ ਦੀ ਮਾਲਕੀ 6 ਏਕੜ ਹੈ ਜਿਵੇਂ ਸਮਾਂ ਬੀਤਦਾ ਗਿਆ, ਉਸ ਤਰ੍ਹਾਂ ਹੀ ਕ੍ਰਿਸ਼ਨ ਕੁਮਾਰ ਅਤੇ ਉਨ੍ਹਾਂ ਦੇ ਹਿੱਸੇਦਾਰ ਅਮਰਜੀਤ ਸਿੰਘ ਦੀ ਦਿਲਚਸਪੀ ਹੋਰ ਵਧੀ ਅਤੇ ਉਨ੍ਹਾਂ ਨੇ ਹਲਦੀ ਦਾ ਪ੍ਰੋਸੈਸਿੰਗ ਪਲਾਂਟ ਵੀ ਨਾਲ ਲਗਾ ਲਿਆ। ਉਨ੍ਹਾਂ ਨੇ ਕਣਕ ਝੋਨੇ ਦੀ ਰਿਵਾਇਤੀ ਖੇਤੀ ਦੇ ਨਾਲ ਕਣਕ ਝੋਨੇ ਨੂੰ ਬੀਜਣ ਵਾਸਤੇ ਉਨ੍ਹਾਂ ਤਕਨੀਕਾਂ ਨੂੰ ਅਪਣਾਇਆ ਜਿਨ੍ਹਾਂ ਦੇ ਨਾਲ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਜਿਵੇਂ ਕਿ ਝੋਨੇ ਦੀ ਸਿੱਧੀ ਬਿਜਾਈ ਅਤੇ ਕਣਕ ਦੀ ਸੁਪਰ ਸੀਡਰ ਹੈਪੀ ਸੀਡਰ ਨਾਲ ਬਿਜਾਈ। ਉਹ ਆਪਣੇ ਪਰਿਵਾਰ ਦੇ ਖਾਣ ਲਈ ਕਣਕ ਅਤੇ ਬਾਸਮਤੀ ਦੀ ਜੈਵਿਕ ਕਾਸ਼ਤ ਕਰਦੇ ਹਨ, ਅਤੇ ਉਨ੍ਹਾਂ ਨੇ ਪਿਛਲੇ 7-8 ਸਾਲਾਂ ਤੋਂ ਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ। ਉਨ੍ਹਾਂ ਨੇ ਹਲਦੀ ਦੇ ਪ੍ਰੋਸੈਸਿੰਗ ਪਲਾਂਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਪਣੇ ਨਾਲ 5-7 ਕਿਸਾਨਾਂ ਨੂੰ ਜੋੜਿਆ ਜਿਨ੍ਹਾਂ ਕੋਲੋਂ ਉਹ ਹਲਦੀ ਬਿਜਵਾਏ ਅਤੇ ਉਸ ਨੂੰ ਆਪਣੇ ਪ੍ਰੋਸੈਸਿੰਗ ਪਲਾਂਟ ਵਿਚ ਉਬਾਲ ਕੇ ਪੀਸ ਕੇ ਖਪਤਕਾਰਾਂ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹਲਦੀ ਦਸ ਮਹੀਨੇ ਦੀ ਫ਼ਸਲ ਹੈ ਅਤੇ ਇਸ ਵਿਚੋਂ ਚੰਗੀ ਕਮਾਈ ਹੋ ਜਾਂਦੀ ਹੈ। ਯਾਦਵਿੰਦਰ ਸਿੰਘ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਾਂ ਦੇ ਪਲਾਂਟ ਵਿਚ 5-7 ਵਰਕਰ ਕੰਮ ਕਰਦੇ ਹਨ ਅਤੇ ਉਹ ਪ੍ਰੋਸੈਸਿੰਗ ਪਲਾਂਟ ਵਿਚ ਕੰਮ ਕਰਕੇ ਖੁਸ਼ ਹਨ ਅਤੇ ਮੈਨੂੰ ਵੀ ਖੁਸੀ ਮਿਲਦੀ ਹੈ ਕਿ ਮੇਰੇ ਇਸ ਪਲਾਂਟ ਨਾਲ ਉਨ੍ਹਾਂ ਦੀ ਰੋਜ਼ੀ ਰੋਟੀ ਚੱਲਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਤਮਾ ਅਤੇ ਡਾ. ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖਡੂਰ ਸਾਹਿਬ ਦੀ ਪ੍ਰੇਰਨਾ ਸਦਕਾ ਉਹ ਇਸ ਖੇਤਰ ਵਿਚ ਆਏ। ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਰੋਜ਼ਾਨਾ ਦੀ 40-50 ਕਿਲੋ ਹਲਦੀ ਰਿਟੇਲ ਵਿਚ ਸੇਲ ਹੋ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਹਲਦੀ ਦਾ ਰਿਟੇਲ ਮੁੱਲ 240/- ਰੁਪਏ ਪ੍ਰਤੀ ਕਿਲੋ ਹੈ। ਜਿਨ੍ਹਾਂ ਖਪਤਕਾਰਾਂ ਨੇ ਹਲਦੀ ਖਰੀਦਣੀ ਹੈ, ਉਹ ਕ੍ਰਿਸ਼ਨ ਕੁਮਾਰ ਦੇ ਮੋਬਾਇਲ ਨੰਬਰ 94171-21387 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਰੁਪਿੰਦਰਜੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਅਮਰਜੀਤ ਸਿੰਘ, ਕਿ੍ਸ਼ਨ ਕੁਮਾਰ, ਹਰਦਿਆਲ ਸਿੰਘ, ਗੁਰਮੀਤ ਸਿੰਘ, ਬੇਅੰਤ ਕੌਰ ਆਦਿ ਹਾਜਰ ਸਨ। ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿਚ ਹਲਦੀ ਦੀ ਖੇਤੀ ਅਤੇ ਪ੍ਰੋਸੈਸਿੰਗ ਦੇ ਕੰਮ ਦਾ ਵਿਸਥਾਰ ਕਰਨਾ ਚਾਹੁੰਦੇ ਹਨ, ਅਤੇ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਦਾ ਇਕ ਗਰੁੱਪ ਬਣਾਉਣਾ ਚਾਹੁੰਦੇ ਹਨ। ਗਰੁੱਪ ਦੇ ਵਰਤਣ ਲਈ ਸਧਾਰਨ ਮਸ਼ੀਨਾਂ ਖਰੀਦਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਹਿਯੋਗ ਦੇਣਾ ਚਾਹੁੰਦੇ ਹਨ। ਅਖੀਰ ਵਿਚ ਉਨ੍ਹਾਂ ਨੇ ਕਿਹਾ ਕਿ ਮੈਂ ਇਕ ਸੰਦੇਸ਼ ਜੋ ਮੈਂ ਕਿਸਾਨਾਂ ਨੂੰ ਦੇਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਰਿਵਾਇਤੀ ਖੇਤੀ ਦੇ ਨਾਲ ਜੈਵਿਕ ਖੇਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਜੋ ਬਹੁਤ ਮਹੱਤਵਪੂਰਨ ਹੈ। ਸਾਰਿਆਂ ਨੂੰ ਜੈਵਿਕ ਖੇਤੀ ਕਰਨੀ ਚਾਹੀਦੀ ਹੈ ਅਤੇ ਜੈਵਿਕ ਖਾਣਾ ਚਾਹੀਦਾ ਹੈ, ਇਸ ਪ੍ਰਕਾਰ ਪ੍ਰਦੂਸ਼ਣ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।