ਕਚਹਿਰੀ ਰੋਡ ’ਤੇ ਜਾਮ ਦੀ ਵੱਡੀ ਸਮੱਸਿਆ, ਲੋਕ ਪਰੇਸ਼ਾਨ ਤੇ ਪ੍ਰਸ਼ਾਸਨ ਖਾਮੋਸ਼
ਪੱਟੀ ਦੇ ਕਚਹਿਰੀ ਰੋਡ ’ਤੇ ਜਾਮ ਦੀ ਵੱਡੀ ਸਮੱਸਿਆ, ਲੋਕ ਪਰੇਸ਼ਾਨ, ਪ੍ਰਸ਼ਾਸਨ ਖਾਮੋਸ਼
Publish Date: Mon, 06 Apr 2026 05:47 PM (IST)
Updated Date: Tue, 07 Apr 2026 04:05 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ਵਿਚ ਟਰੈਫਿਕ ਜਾਮ ਦੀ ਸਮੱਸਿਆ ਦਿਨੋਂ-ਦਿਨ ਗੰਭੀਰ ਰੂਪ ਧਾਰ ਰਹੀ ਹੈ। ਖਾਸ ਕਰਕੇ ਵੇਰਕਾ ਡੇਅਰੀ ਤੋਂ ਪੁਰਾਣੀ ਕਚਹਿਰੀ ਰੋਡ ਤਕ ਦਾ ਇਲਾਕਾ ਹਰ ਰੋਜ਼ ਲੰਮੇ-ਲੰਮੇ ਜਾਮਾਂ ਨਾਲ ਜੂਝ ਰਿਹਾ ਹੈ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਥੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਰੋਡ ‘ਤੇ ਸਵੇਰੇ ਅਤੇ ਸ਼ਾਮ ਦੇ ਸਮੇਂ ਹਾਲਤ ਬਹੁਤ ਹੀ ਖ਼ਰਾਬ ਹੋ ਜਾਂਦੀ ਹੈ। ਵਾਹਨ ਘੰਟਿਆਂ ਤਕ ਜਾਮ ਵਿਚ ਫਸੇ ਰਹਿੰਦੇ ਹਨ, ਜਿਸ ਨਾਲ ਲੋਕਾਂ ਦਾ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਦੁਕਾਨਦਾਰ ਰੋਹਿਤ ਅਰੋੜਾ ਨੇ ਕਿਹਾ ਕਿ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਵੱਲ ਧਿਆਨ ਕਿਉ ਨਹੀਂ ਦਿੰਦਾ। ਉਨ੍ਹਾਂ ਦਾ ਕਹਿਣਾਂ ਹੈ ਕਿ ਜਲਦੀ ਹੀ ਟਰੈਫਿਕ ਮੈਨੇਜਮੈਂਟ ਲਈ ਕੋਈ ਯੋਜਨਾ ਬਣਾਈ ਜਾਵੇ, ਤਾਂ ਜੋ ਲੋਕਾਂ ਨੂੰ ਇਸ ਰੋਜ਼ਾਨਾ ਦੀ ਪਰੇਸ਼ਾਨੀ ਤੋਂ ਰਾਹਤ ਮਿਲੇ ਸਕੇ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਟਰੈਫਿਕ ਨਿਯੰਤਰਣ ਲਈ ਕਦਮ ਚੁੱਕੇ ਜਾਣ, ਜਿਵੇਂ ਕਿ ਟਰੈਫਿਕ ਪੁਲਿਸ ਦੀ ਤਾਇਨਾਤੀ, ਪਾਰਕਿੰਗ ਪ੍ਰਬੰਧ ਅਤੇ ਸੜਕਾਂ ਦੀ ਵਿਵਸਥਾ ਵਿਚ ਸੁਧਾਰ ਲਿਆਂਦਾ ਜਾਵੇ। ਬਾਕਸ- ਸਕੂਲੀ ਬੱਚੇ ਸਭ ਤੋਂ ਵੱਧ ਪ੍ਰਭਾਵਿਤ ਇਸੇ ਰੋਡ ’ਤੇ ਤਿੰਨ ਵੱਡੇ ਸਕੂਲ ਜਿਨ੍ਹਾਂ ਵਿਚ ਸਕੂਲ ਆਫ ਐਮੀਨੈਂਸ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਵੁੱਡ ਬਲੋਸਮ ਸਕੂਲ ਹਨ। ਸਕੂਲ ਛੁੱਟੀ ਦੇ ਸਮੇਂ ਜਾਮ ਹੋਰ ਵੀ ਭਿਆਨਕ ਹੋ ਜਾਂਦਾ ਹੈ। ਛੋਟੇ-ਛੋਟੇ ਬੱਚਿਆਂ ਨੂੰ ਲੰਬੇ ਸਮੇਂ ਤਕ ਸੜਕਾਂ ‘ਤੇ ਖੜ੍ਹੇ ਰਹਿਣਾ ਪੈਂਦਾ ਹੈ, ਜੋ ਉਨ੍ਹਾਂ ਦੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ। ਬਾਕਸ - ਐਮਰਜੈਂਸੀ ਸੇਵਾਵਾਂ ਲਈ ਵੱਡੀ ਰੁਕਾਵਟ ਇਸੇ ਰਸਤੇ ‘ਤੇ 3 ਤੋਂ 4 ਹਸਪਤਾਲ ਜਿਨ੍ਹਾਂ ਵਿਚ ਭੁੱਲਰ ਹਸਪਤਾਲ, ਤ੍ਰੇਹਨ ਹਸਪਤਾਲ, ਮਨਜੀਤ ਹਸਪਤਾਲ, ਚੀਮਾ ਹਸਪਤਾਲ ਅਤੇ ਗੁਪਤਾ ਹਸਪਤਾਲ ਹੋਣ ਕਰ ਕੇ ਐਮਰਜੈਂਸੀ ਵਾਹਨਾਂ ਜਿਵੇਂ ਐਂਬੂਲੈਂਸ ਲਈ ਵੀ ਰਸਤਾ ਬਣਾ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ। ਕਈ ਵਾਰ ਇਹ ਦੇਰੀ ਮਰੀਜ਼ਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਬਾਕਸ - ਪ੍ਰਸ਼ਾਸਨ ਦੀ ਲਾਪਰਵਾਹੀ ‘ਤੇ ਸਵਾਲ ਸਥਾਨਕ ਲੋਕਾਂ ਵੱਲੋਂ ਕਈ ਵਾਰ ਇਸ ਮਸਲੇ ਨੂੰ ਉਠਾਇਆ ਗਿਆ ਹੈ ਪਰ ਹਾਲੇ ਤਕ ਕੋਈ ਪੱਕਾ ਹੱਲ ਸਾਹਮਣੇ ਨਹੀਂ ਆਇਆ। ਡੀਐੱਸਪੀ ਦਫ਼ਤਰ, ਪੱਟੀ ਥਾਣਾ, ਨਗਰ ਕੌਂਸਲ ਦਫ਼ਤਰ ਪੱਟੀ, ਇਸੇ ਰੋਡ ’ਤੇ ਹੈ। ਜਾਮ ਦੌਰਾਨ ਨਾ ਹੀ ਟਰੈਫਿਕ ਪੁਲਿਸ ਦੀ ਯੋਗ ਤਾਇਨਾਤੀ ਹੈ ਅਤੇ ਨਾ ਹੀ ਕੋਈ ਸਿਸਟਮੈਟਿਕ ਟਰੈਫਿਕ ਮੈਨੇਜਮੈਂਟ ਨਜ਼ਰ ਆਉਂਦਾ ਹੈ।