ਸੜਕ ’ਤੇ ਵਾਰ ਵਾਰ-ਲੱਗਦੇ ਜਾਮ ਕਾਰਨ ਰਾਹਗੀਰ ਪ੍ਰੇਸ਼ਾਨ
ਮਾਤਾ ਕੌਲਾਂ ਦੇਵੀ ਮੰਦਰ ਨੂੰ ਜਾਣ ਵਾਲੀ ਸੜਕ ’ਤੇ ਵਾਰ ਵਾਰ ਲੱਗਦੇ ਹਨ ਟਰੈਫਿਕ ਜਾਮ, ਰਾਹਗੀਰ ਪ੍ਰੇਸ਼ਾਨ
Publish Date: Thu, 19 Feb 2026 06:32 PM (IST)
Updated Date: Fri, 20 Feb 2026 04:09 AM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਵਿਚ ਟਰੈਫਿਕ ਸਮੱਸਿਆ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਸ਼ਹਿਰ ਦੇ ਹੋਰ ਚੌਕ ਚੁਰਾਹੇ ਵਿਚ ਜਿਥੇ ਲਗਾਤਾਰ ਜਾਮ ਲੱਗਦੇ ਰਹਿੰਦੇ ਹਨ। ਉਥੇ ਹੀ ਮਾਤਾ ਕੌਂਲਾ ਦੇਵੀ ਮੰਦਰ ਤੋਂ ਇਲਾਵਾ ਗੋਇੰਦਵਾਲ ਬਾਈਪਾਸ, ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਅਤੇ ਵੱਡੇ ਨਿੱਜੀ ਸਕੂਲ ਵੱਲ ਜਾਣ ਵਾਲੇ ਰਸਤੇ ’ਤੇ ਲੱਗਣ ਵਾਲੇ ਜਾਮ ਤੋਂ ਰਾਹਗੀਰ ਵੱਡੀ ਪ੍ਰੇਸ਼ਾਨੀ ਵਿਚ ਹਨ। ਥਾਣਾ ਸਦਰ ਤਰਨਤਾਰਨ ਵਾਲੀ ਇਸ ਸੜਕ ’ਤੇ ਅਕਸਰ ਵਾਹਨਾਂ ਦਾ ਭਾਰੀ ਜਮਾਵੜਾ ਰਹਿੰਦਾ ਹੈ, ਜਿਸ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਰਾਹਗੀਰ ਪ੍ਰੇਸ਼ਾਨ ਹੁੰਦੇ ਹਨ, ਕਿਉਂਕਿ ਟਰੈਫਿਕ ਜਾਮ ਵਿਚ ਲੋਕ ਕਈ-ਕਈ ਚਿਰ ਫਸੇ ਰਹਿੰਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਵੇਕ ਗੁਪਤਾ ਬੌਬੀ, ਸੰਚਿਤ ਗੁਪਤਾ, ਦਿਨੇਸ਼ ਜੋਸ਼ੀ, ਪਵਨ ਸ਼ਰਮਾ, ਅਮਰੀਕ ਸਿੰਘ, ਦਵਿੰਦਰ ਗੁਪਤਾ, ਮਾਸਟਰ ਜਗਦੀਸ਼ ਕੁਮਾਰ, ਅਵਤਾਰ ਸਿੰਘ ਅਤੇ ਹੋਰਨਾਂ ਦੱਸਿਆ ਕਿ ਥਾਣਾ ਸਦਰ ਤੋਂ ਸ਼ੁਰੂ ਹੁੰਦੀ ਇਹ ਸੜਕ ਗੋਇੰਦਵਾਲ ਬਾਈਪਾਸ ਨੂੰ ਸ਼ਹਿਰ ਨਾਲ ਜੋੜਦੀ ਹੈ, ਜਿਸ ਕਾਰਨ ਅਕਸਰ ਇਸ ਸੜਕ ਉਪਰ ਲੋਕਾਂ ਦੀ ਆਵਾਜਾਈ ਰਹਿੰਦੀ ਹੈ, ਉਥੇ ਇਸ ਸੜਕ ’ਤੇ ਕਲੋਨੀ ਵੀ ਬਣੀ ਹੋਈ ਹੈ, ਜਿਥੇ ਲੋਕ ਰਹਿੰਦੇ ਹਨ। ਇਸ ਤੋਂ ਇਲਾਵਾ ਇਹ ਸੜਕ ਮਾਤਾ ਕੌਂਲਾ ਦੇਵੀ ਮੰਦਰ, ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ, ਸ਼ਨੀ ਮੰਦਰ, ਪੀਸੀਐੱਸ ਸਕੂਲ ਨੂੰ ਵੀ ਜਾਂਦੀ ਹੈ, ਜਿਸ ਕਾਰਨ ਇਸ ਸੜਕ ਉਪਰ ਜ਼ਿਆਦਾ ਆਵਾਜਾਈ ਰਹਿੰਦੀ ਹੈ। ਸਕੂਲ ਵਿਚ ਛੁੱਟੀ ਸਮੇਂ ਹਲਾਤ ਹੋਰ ਖਰਾਬ ਹੋ ਜਾਂਦੇ ਹਨ, ਕਿਉਂਕਿ ਸਕੂਲੀ ਵਾਹਨ ਵੀ ਇਸ ਰਸਤੇ ਰਾਂਹੀ ਬੱਚਿਆਂ ਨੂੰ ਘਰਾਂ ਤੱਕ ਪਹੁੰਚਾਉਂਦੇ ਹਨ। ਟਰੈਫਿਕ ਜਾਮ ਹੋਣ ਕਾਰਨ ਕਈ ਵਾਰ ਤਾਂ ਐਮਰਜੈਂਸੀ ਹਾਲਤ ਵਿਚ ਐਬੂਲੈਂਸ ਵੀ ਜਾਮ ਵਿਚ ਫਸੀ ਦਿਖਾਈ ਦਿੰਦੀ ਹੈ। ਇਥੇ ਪ੍ਰਸਿੱਧ ਨਿੱਜੀ ਹਸਪਤਾਲ ਦੇ ਨਾਲ ਵਪਾਰਕ ਅਦਾਰੇ ਵੀ ਮੌਜੂਦ ਹਨ। ਉਥੇ ਸਕੂਲ ਜਾਣ ਵਾਲੇ ਬੱਚੇ, ਮੰਦਰ ਜਾਣ ਵਾਲੇ ਸ਼ਰਧਾਲੂ ਅਤੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਜਦੋਂਕਿ ਕਿਤੇ ਥਾਣੇ ਅੱਗੇ ਧਰਨਾ ਆਦਿ ਲੱਗ ਜਾਵੇ, ਤਾਂ ਇਹ ਜਾਮ ਹੋਰ ਵਿਕਰਾਲ ਰੂਪ ਧਾਰਨ ਕਰ ਜਾਂਦੇ ਹਨ। ਲੋਕਾਂ ਨੇ ਟ੍ਰੈਫਿਕ ਪੁਲਿਸ ਪਾਸੋਂ ਮੰਗ ਕੀਤੀ ਕਿ ਇਸ ਸੜਕ ਉਪਰ ਟਰੈਫਿਕ ਨੂੰ ਕੰਟੋਰਲ ਕਰਨ ਲਈ ਪੁਲਿਸ ਮੁਲਾਜਮਾਂ ਦੀ ਪੱਕੀ ਤਾਇਨਾਤੀ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।