ਐੱਸਕੇਐੱਮ ਸਹਿਕਾਰੀ ਖੰਡ ਮਿੱਲ ਸ਼ੇਰੋ ਦੀ ਮਾਲਕੀ ਤਬਦੀਲ ਕਰਨ ਵਿਰੁੱਧ 26 ਨੂੰ ਕੱਢੇਗਾ ਟਰੈਕਟਰ ਮਾਰਚ
ਪੰਜਾਬ ਸਰਕਾਰ ਖੰਡ ਮਿੱਲ ਵੇਚਣ ਦੀ ਨੀਤੀ ਦਾ ਤਿਆਗ ਕਰਕੇ ਮਿੱਲ ਮੁੜ ਚਾਲੂ ਕਰੇ : ਆਗੂ
Publish Date: Thu, 22 Jan 2026 05:30 PM (IST)
Updated Date: Fri, 23 Jan 2026 04:07 AM (IST)

ਸਰਕਾਰ ਖੰਡ ਮਿੱਲ ਵੇਚਣ ਦੀ ਨੀਤੀ ਦਾ ਤਿਆਗ ਕਰ ਕੇ ਮੁੜ ਕਰੇ ਚਾਲੂ : ਆਗੂ ਗੁਰਪ੍ਰੀਤ ਸਿੰਘ ਕੱਦਗਿੱਲ•, ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ਦੀ ਅਹਿਮ ਮੀਟਿੰਗ ਮੇਹਰ ਸਿੰਘ ਸਖੀਰਾ ਜ਼ਿਲ੍ਹਾ ਆਗੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਗਾਂਧੀ ਪਾਰਕ ਵਿਖੇ ਕੀਤੀ ਗਈ। ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ, ਕੁਲ ਹਿੰਦ ਕਿਸਾਨ ਸਭਾ 1936, ਕੌਮੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਪੰਨੂ, ਆਜਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਟਾਂਡਾ ਆਦਿ ਕਿਸਾਨ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਦਲਜੀਤ ਸਿੰਘ ਦਿਆਲਪੁਰ, ਨਛੱਤਰ ਸਿੰਘ ਮੁਗਲਚੱਕ, ਤਰਸੇਮ ਸਿੰਘ ਲੁਹਾਰ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਖਦੇਵ ਸਿੰਘ ਤੁੜ, ਭੁਪਿੰਦਰ ਸਿੰਘ ਪੰਡੋਰੀ ਤਖਤ ਮੱਲ ਆਦਿ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਕਿਸਾਨਾਂ ਦੇ ਹਿੱਤਾਂ ਨੂੰ ਭੁੱਲ ਗਈ ਹੈ ਅਤੇ ਜਿਹੜੇ ਵਾਅਦੇ ਕਰਕੇ ਮਾਨ ਸਰਕਾਰ ਸੱਤਾ ਵਿਚ ਆਈ ਸੀ, ਉਨ੍ਹਾਂ ਸਾਰੇ ਵਾਅਦਿਆਂ ਨੂੰ ਭੁਲਾ ਦਿੱਤਾ ਗਿਆ ਹੈ। ਸਹਿਕਾਰੀ ਸ਼ੂਗਰ ਮਿੱਲ ਸੇਰੋਂ ਜਿਸ ਵਿਚ ਕਿ ਕਿਸਾਨਾਂ ਦੀ 60 ਫੀਸਦੀ ਮਾਲਕੀ ਹੈ, ਪੰਜਾਬ ਸਰਕਾਰ ਮਨ ਮਾਨੇ ਢੰਗ ਨਾਲ ਤਾਨਾਸ਼ਾਹੀ ਫਰਮਾਨ ਜਾਰੀ ਕਰਕੇ ਇਹ 98 ਏਕੜ ਜ਼ਮੀਨ ਘਟੀਆ ਨੀਤੀ ਤਹਿਤ ਕਾਰਪੋਰੇਟਾਂ ਦੇ ਨਾਮ ਤਬਦੀਲ ਕਰ ਰਹੀ ਹੈ। ਸਯੁੰਕਤ ਕਿਸਾਨ ਮੋਰਚਾ ਲੰਬੇ ਸਮੇਂ ਜਦੋਂ ਤੋਂ ਮਿੱਲ ਬੰਦ ਹੋਈ ਹੈ, ਉਦੋਂ ਤੋਂ ਹੀ ਇਹ ਦਾਅਵਾ ਕਰ ਰਿਹਾ ਹੈ ਕਿ ਸਾਡੀ ਇਹ ਮਾਝੇ ਦੀ ਮਿੱਲ ਬਾਕੀ ਪੰਜਾਬ ਦੀਆਂ ਮਿੱਲਾਂ ਤੋਂ ਜ਼ਿਆਦਾ ਪੈਦਾਵਾਰ ਦੇਣ ਦੀ ਸਮਰੱਥਾ ਵਾਲੀ ਸੀ। ਇਥੇ 100 ਕੁਇੰਟਲ ਗੰਨੇ ਵਿਚੋਂ 12 ਕੁਇੰਟਲ ਖੰਡ ਪੈਦਾ ਹੁੰਦੀ ਸੀ ,ਜਿਹੜੀ ਕਿ ਬਾਕੀ ਸਾਰੀਆਂ ਮਿੱਲਾਂ ਤੋਂ ਵੱਧ ਸੀ। ਸਰਕਾਰਾਂ ਦੀਆਂ ਆਪਣੀਆਂ ਨਲਾਇਕੀਆਂ ਕਾਰਨ ਇਹ ਸਰਕਾਰੀ ਅਦਾਰੇ ਜਿਹੜੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਂਦੇ ਸਨ ਅਤੇ ਕਿਸਾਨਾਂ ਨੂੰ ਬਦਲਵੀਂ ਖੇਤੀ ਲਈ ਉਤਸ਼ਾਹਿਤ ਕਰਦੇ ਸਨ। ਸਰਕਾਰਾਂ ਨੇ ਇਹ ਸਭ ਤਬਾਹ ਕਰ ਦਿੱਤੇ ਹਨ। ਅੱਜ ਕਾਰਪੋਰੇਟ ਕੰਪਨੀਆਂ ਦੇ ਹੱਥੀਂ ਚੜ੍ਹ ਕੇ ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਇਸ ਸੰਪਤੀ ਨੂੰ ਆਪਣੀ ਸਮਝ ਕੇ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਆਗੂਆਂ ਨੇ ਸਖਤ ਸ਼ਬਦਾਂ ਵਿਚ ਕਿਹਾ ਹੈ ਕਿ ਸਰਕਾਰ ਕਦਾਚਿਤ ਇਹ ਨਾਂ ਸੋਚੇ ਕਿ ਉਹ ਆਪਣੇ ਇਨ੍ਹਾਂ ਭੈੜੇ ਮਨਸੂਬਿਆਂ ’ਚ ਕਾਮਯਾਬ ਹੋ ਸਕੇਗੀ। ਸੰਯੁਕਤ ਕਿਸਾਨ ਮੋਰਚਾ ਕਦੇ ਵੀ ਪੰਜਾਬ ਸਰਕਾਰ ਦੀ ਇਹ ਕੋਝੀ ਸਾਜਿਸ਼ ਕਾਮਯਾਬ ਨਹੀਂ ਹੋਣ ਦੇਵੇਗਾ। ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਕਿ 26 ਜਨਵਰੀ ਵਾਲੇ ਦਿਨ ਟਰੈਕਟਰ ਮਾਰਚ ਦੌਰਾਨ ਟਰੈਕਟਰ ਸੇਰੋ ਖੰਡ ਮਿਲ ਦੇ ਸਾਹਮਣੇ ਰੋਕੇ ਜਾਣਗੇ ਅਤੇ ਮਿਲ ਸਾਹਮਣੇ ਰੋਹ ਭਰਪੂਰ ਰੋਸ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਮਨਜੀਤ ਸਿੰਘ ਬੱਗੂ, ਡਾ. ਪਰਮਜੀਤ ਸਿੰਘ ਕੋਟ ਮੁਹੰਮਦ ਖਾਂ, ਗੁਰਚਰਨ ਸਿੰਘ ਸਭਰਾਂ, ਜੱਸਾ ਸਿੰਘ ਕੱਦਗਿਲ, ਗੁਰਬਚਨ ਸਿੰਘ ਘੜਕਾ, ਜੱਸਾ ਸਿੰਘ ਕੱਦਗਿਲ, ਦਵਿੰਦਰ ਕੁਮਾਰ ਸੋਹਲ, ਜਤਿੰਦਰਪਾਲ ਸਿੰਘ, ਦਵਿੰਦਰ ਸਿੰਘ ਗਰੇਵਾਲ, ਹਰਦੀਪ ਸਿੰਘ ਕੱਦਗਿਲ, ਹਰਵਿੰਦਰ ਸਿੰਘ ਵਲੀਪੁਰ, ਗੁਰਦਿਆਲ ਸਿੰਘ, ਚਰਨ ਸਿੰਘ ਤੇ ਪ੍ਰਗਟ ਸਿੰਘ ਸੇਰੋਂ ਨੇ ਵੀ ਹਿੱਸਾ ਲਿਆ।