ਬਰਨਾਲਾ ਦੀ ਇਹ ਰੈਲੀ ਮਨਰੇਗਾ ਮਜ਼ਦੂਰਾਂ ਦੇ ਹੱਕ ’ਚ ਵੱਡਾ ਸੰਘਰਸ਼ ਸਾਬਿਤ ਹੋਵੇਗੀ :ਗਿੱਲ
ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਆਮ ਲੋਕਾਂ ਦੇ ਨਾਲ ਖੜ੍ਹੀ ਰਹੀ ਹੈ
Publish Date: Sat, 28 Feb 2026 05:20 PM (IST)
Updated Date: Sun, 01 Mar 2026 04:04 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੱਟੀ ਹਲਕੇ ਤੋਂ ਕਾਂਗਰਸੀ ਵਰਕਰਾਂ ਦਾ ਵਿਸ਼ਾਲ ਕਾਫ਼ਲਾ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਰਾਹੁਲ ਗਾਂਧੀ ਦੀ ਬਰਨਾਲਾ ਵਿਖੇ ਹੋਈ ਰੈਲੀ ਲਈ ਜੋਸ਼ੋ-ਖਰੋਸ਼ ਨਾਲ ਰਵਾਨਾ ਹੋਇਆ। ਇਹ ਰੈਲੀ ਖਾਸ ਤੌਰ ‘ਤੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਅਤੇ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿਚ ਆਯੋਜਿਤ ਕੀਤੀ ਗਈ ਸੀ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਮਨਰੇਗਾ ਯੋਜਨਾ ਦੇ ਬਜਟ ’ਚ ਕਟੌਤੀ ਕਰਕੇ ਤੇ ਭੁਗਤਾਨਾਂ ’ਚ ਦੇਰੀ ਕਰਕੇ ਗਰੀਬ ਮਜ਼ਦੂਰ ਵਰਗ ਨਾਲ ਨਿਆਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮਨਰੇਗਾ ਪਿੰਡਾਂ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਤੇ ਇਸ ਨਾਲ ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਜੁੜੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਰਕਾਰ ਦੀਆਂ ਨੀਤੀਆਂ ਕਾਰਨ ਮਜ਼ਦੂਰਾਂ ਨੂੰ ਸਮੇਂ ‘ਤੇ ਮਜ਼ਦੂਰੀ ਨਹੀਂ ਮਿਲ ਰਹੀ ਤੇ ਕਈ ਪਿੰਡਾਂ ’ਚ ਕੰਮ ਰੁਕਣ ਦੀ ਨੌਬਤ ਆ ਗਈ ਹੈ। ਰਾਹੁਲ ਗਾਂਧੀ ਹਮੇਸ਼ਾ ਤੋਂ ਹੀ ਗਰੀਬਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀ ਆਵਾਜ਼ ਬਣੇ ਹਨ ਅਤੇ ਬਰਨਾਲਾ ਦੀ ਇਹ ਰੈਲੀ ਮਨਰੇਗਾ ਮਜ਼ਦੂਰਾਂ ਦੇ ਹੱਕ ’ਚ ਇਕ ਵੱਡਾ ਸੰਘਰਸ਼ ਸਾਬਿਤ ਹੋਵੇਗੀ। ਪੱਟੀ ਹਲਕੇ ਦੇ ਵਰਕਰਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਨੌਜਵਾਨਾਂ, ਮਹਿਲਾਵਾਂ ਤੇ ਸੀਨੀਅਰ ਆਗੂਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰ ਕੇ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ। ਅਖੀਰ ’ਚ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾਂ ਆਮ ਲੋਕਾਂ ਦੇ ਨਾਲ ਖੜ੍ਹੀ ਰਹੀ ਹੈ ਤੇ ਮਨਰੇਗਾ ਵਰਗੀਆਂ ਲੋਕ-ਹਿੱਤ ਯੋਜਨਾਵਾਂ ਨੂੰ ਮਜ਼ਬੂਤ ਕਰਨ ਲਈ ਹਰ ਸੰਘਰਸ਼ ਕੀਤਾ ਜਾਵੇਗਾ। ਪੱਟੀ ਹਲਕੇ ਤੋਂ ਗਿਆ ਇਹ ਵੱਡਾ ਕਾਫ਼ਲਾ ਬਰਨਾਲਾ ਰੈਲੀ ’ਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾ ਕੇ ਕੇਂਦਰ ਸਰਕਾਰ ਤੱਕ ਸਪੱਸ਼ਟ ਸੰਦੇਸ਼ ਪਹੁੰਚਾਵੇਗਾ। ਇਸ ਮੌਕੇ ਦਲਬੀਰ ਸਿੰਘ ਸੇਂਖੋ ਸਾਬਕਾ ਪ੍ਰਧਾਨ ਨਗਰ ਕੌਂਸਲ ਪੱਟੀ, ਰਾਜ ਕੁਮਾਰ ਰਾਜੂ, ਸੁਖਵਿੰਦਰ ਸਿੰਘ ਸਿੱਧੂ, ਸ਼ੋਭਾ ਸਿੰਘ, ਹਰਜਿੰਦਰ ਸਿੰਘ ਬੌਬੀ, ਗੁਰਵੇਲ ਸਿੰਘ, ਸੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।