ਤਰਨਤਾਰਨ ’ਚ ਚੋਰਾਂ ਦੀ ਦਹਿਸ਼ਤ, ਘਰ ਦੇ ਬਾਹਰੋਂ ਚੋਰੀ ਕੀਤੀ ਜੈੱਨ ਕਾਰ
ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤੀਆਂ ਹਨ ਅਤੇ ਲੋਕਾਂ ਕੋਲੋਂ ਮੰਗ ਕੀਤੀ ਹੈ ਕਿ ਉਸਦੀ ਕਾਰ ਦਿਖਾਈ ਦੇਵੇ ਤਾਂ ਉਸ ਨੂੰ ਸੂਚਨਾ ਦਿੱਤੀ ਜਾਵੇ।
Publish Date: Sun, 11 Jan 2026 08:37 PM (IST)
Updated Date: Mon, 12 Jan 2026 04:18 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਉਹ ਜਿਥੇ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਥੇ ਹੀ। ਰਾਤ ਬਰਾਤੇ ਵੀ ਘਰਾਂ ਦੇ ਦਰਵਾਜਿਆਂ ਅੱਗੋਂ ਵਾਹਨ ਚੋਰੀ ਹੋ ਰਹੇ ਹਨ। ਤਾਜਾ ਮਾਮਲਾ ਐਤਵਾਰ ਤੜਕਸਾਰ ਇਕ ਘਰ ਦੇ ਬਾਹਰੋਂ ਜੈੱਨ ਕਾਰ ਚੋਰੀ ਹੋਣ ਤੋਂ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਨਵਦੀਪ ਸਿੰਘ ਸ਼ੈਂਟੀ ਨੇ ਦੱਸਿਆ ਕਿ ਉਸ ਨੇ ਕਰੀਬ 6 ਮਹੀਨੇ ਪਹਿਲਾਂ ਇਕ ਪੁਰਾਣੀ ਜੈੱਨ ਕਾਰ ਖਰੀਦੀ ਸੀ ਅਤੇ ਉਹ ਉਕਤ ਕਾਰ ਆਪਣੇ ਰੇਲਵੇ ਰੋਡ ’ਤੇ ਸਥਿਤ ਘਰ ਦੇ ਦਰਵਾਜੇ ਅੱਗੇ ਖੜ੍ਹੀ ਕਰਦਾ ਹੈ। ਉਸਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਕਾਰ ਘਰ ਦੇ ਦਰਵਾਜੇ ’ਤੇ ਖੜ੍ਹੀ ਸੀ ਪਰ ਐਤਵਾਰ ਸਵੇਰੇ ਤੜਕੇ ਕਰੀਬ ਤਿੰਨ ਵਜੇ ਅਣਪਛਾਤੇ ਚੋਰ ਉਨ੍ਹਾਂ ਦੀ ਕਾਰ ਨੰਬਰ ਪੀਬੀ18 ਐੱਚ 3557 ਚੋਰੀ ਕਰਕੇ ਲੈ ਗਏ। ਉਸਨੇ ਦੱਸਿਆ ਕਿ ਆਸ ਪਾਸ ਦੇ ਦੁਕਾਨਾਂ ਅੱਗੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕਾਰ ਲਿਜਾਂਦਿਆਂ ਦੀ ਫੁਟੇਜ਼ ਰਿਕਾਰਡ ਹੋਈ ਹੈ, ਜਿਸ ਨੂੰ ਹਾਸਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਚੋਰਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਕਾਰ ਬਰਾਮਦ ਕਰਵਾਈ ਜਾਵੇ। ਉਸਨੇ ਆਪਣੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤੀਆਂ ਹਨ ਅਤੇ ਲੋਕਾਂ ਕੋਲੋਂ ਮੰਗ ਕੀਤੀ ਹੈ ਕਿ ਉਸਦੀ ਕਾਰ ਦਿਖਾਈ ਦੇਵੇ ਤਾਂ ਉਸ ਨੂੰ ਸੂਚਨਾ ਦਿੱਤੀ ਜਾਵੇ। ====== ਪੁੱਤਰ ਨਾਲ ਮੋਟਰਸਾਈਕਲ ’ਤੇ ਸਵਾਰ ਮਹਿਲਾ ਦੀਆਂ ਵਾਲੀਆਂ ਲਾਹੀਆਂ ਰੇਲਵੇ ਰੋਡ ’ਤੇ ਹੀ ਆਪਣੇ ਲੜਕੇ ਨਾਲ ਮੋਟਰਸਾਈਕਲ ’ਤੇ ਜਾ ਰਹੀ ਕਵਲਜੀਤ ਕੌਰ ਨਾਮਕ ਮਹਿਲਾ ਦੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਗਈਆਂ। ਉਕਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪੁੱਤ ਨਾਲ ਜਾ ਰਹੀ ਸੀ ਕਿ ਪਿੱਛੋਂ ਦੋ ਜਣੇ ਆਏ ਅਤੇ ਦੋਵਾਂ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਲੈ ਗਏ। ==== ਚਿੱਟੇ ਦਿਨ ਦੀਪ ਐਵੀਨਿਊ ’ਚੋਂ ਚੋਰੀ ਹੋਈ ਸੀ ਬਾਈਕ ਇਸੇ ਤਰ੍ਹਾਂ ਤਰਨਤਾਰਨ ਦੇ ਦੀਪ ਐਵੀਨਿਊ ਵਿੱਚੋਂ ਵੀ ਸ਼ਨਿਚਰਵਾਰ ਨੂੰ ਇਕ ਮੋਟਰਸਾਈਕਲ ਚੋਰੀ ਹੋਇਆ ਸੀ। ਇਹ ਮੋਟਰਸਾਈਕਲ ਕਰਮਜੀਤ ਸਿੰਘ ਰਿੰਕੂ ਵਾਸੀ ਨੂਰਦੀ ਅੱਡਾ ਦਾ ਸੀ। ਜੋ ਦੀਪ ਐਵੀਨਿਊ ਇਲਾਕੇ ਵਿਚ ਕਿਸੇ ਦੇ ਘਰ ਨਿੱਜੀ ਕੰਮ ਲਈ ਗਿਆ ਅਤੇ ਕੁਝ ਸਮੇਂ ’ਚ ਹੀ ਘਰ ਦੇ ਦਰਵਾਜੇ ਅੱਗੋਂ ਇਕ ਨੌਜਵਾਨ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਹਾਲਾਂਕਿ ਉਕਤ ਘਰ ਦਾ ਦਰਵਾਜਾ ਵੀ ਖੁੱਲਾ ਹੋਇਆ ਸੀ। ਇਹ ਘਟਨਾ ਵੀ ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਹੈ।