- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਵਾਰ ਨੌਜਵਾਨਾਂ ਵਿਚ ਪਤੰਗਾਂ ਉਡਾਉਣ ਲਈ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ।

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਲੋਹੜੀ ਦੇ ਤਿਉਹਾਰ ਮੌਕੇ ਕੜਾਕੇ ਦੀ ਠੰਢ ਦੇ ਬਾਵਜੂਦ ਦੁਕਾਨਦਾਰਾਂ ਨੂੰ ਗ੍ਰਾਹਕਾਂ ਦਾ ਇੰਤਜ਼ਾਰ ਹੈ, ਤਾਂ ਜੋ ਮੰਦੀ ਦੇ ਦੌਰ ਵਿਚ ਉਹ ਕੁਝ ਮੁਨਾਫ਼ਾ ਕਮਾ ਸਕਣ। ਪਰ ਠੰਢ ਦੇ ਕਾਰਨ ਖਾਣ-ਪੀਣ ਵਾਲੀਆਂ ਚੀਜ਼ਾਂ ਦਾ ਬਾਜ਼ਾਰ ਜਿੱਥੇ ਇਸ ਵਾਰ ਠੰਢਾ ਹੈ। ਉਥੇ ਹੀ ਗੁੱਡੀਆਂ ਉਡਾਉਣ ਦੇ ਸ਼ੌਕੀਨਾਂ ਕਾਰਨ ਪਤੰਗਬਾਜ਼ੀ ਦਾ ਬਾਜ਼ਾਰ ਬੇਹੱਦ ਸਰਗਰਮ ਹੈ। ਇਸ ਵਾਰ ਨੌਜਵਾਨਾਂ ਵਿਚ ਪਤੰਗਾਂ ਉਡਾਉਣ ਲਈ ਕਾਫੀ ਉਤਸ਼ਾਹ ਦਿਖਾਈ ਦੇ ਰਿਹਾ ਹੈ।
ਇਸ ਮੌਕੇੇ ਗੱਲਬਾਤ ਕਰਦਿਆਂ ਵੱਖ-ਵੱਖ ਦੁਕਾਨਦਾਰਾਂ ਦੀਪਕ ਕੁਮਾਰ, ਮਾਸਟਰ ਕਸ਼ਮੀਰ ਸਿੰਘ, ਕਾਲਾ ਸਿੰਘ, ਕੋਹਲੀ ਅਤੇ ਸੋਨੂੰ ਨੇ ਦੱਸਿਆ ਕਿ ਰੰਗ-ਬਿਰੰਗੀਆਂ ਪਤੰਗਾਂ ਦੀ ਖੂਬ ਵਿੱਕਰੀ ਪਿਛਲੇ ਇਕ ਹਫ਼ਤੇ ਤੋਂ ਹੋ ਰਹੀ ਹੈ ਅਤੇ ਬੱਚੇ, ਵੱਡੇ ਤੇ ਬਜ਼ੁਰਗ ਹਰ ਕੋਈ ਲੋਹੜੀ ਮੌਕੇ ਪਤੰਗਬਾਜ਼ੀ ਦਾ ਆਨੰਦ ਲੈਣ ਲਈ ਆਪਣੀ ਜੇਬ ਹੱਸ ਕੇ ਢਿੱਲੀ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕਈ ਲੋਕ ਚਾਈਨਾ ਡੋਰ ਦੀ ਮੰਗ ਕਰਦੇ ਹਨ। ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਚਾਈਨਾ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਜਗ੍ਹਾ-ਜਗ੍ਹਾ ਛਾਪਾਮਾਰੀ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤੀ ਵਰਤੀ ਗਈ ਹੈ। ਜ਼ਿਆਦਾਤਰ ਇਸ ਵਾਰ ਧਾਗੇ ਵਾਲੀ ਡੋਰ ਦੀ ਵਿਕਰੀ ਹੈ। ਇਸ ਵਾਰ ਪਤੰਗ ਬਨਾਉਣ ਵਾਲਿਆਂ ਵਲੋਂ ਪਤੰਗਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕ੍ਰਿਕਟਰਾਂ ਅਤੇ ਮੋਟੂ-ਪਤਲੂ, ਸਿੱਧੂ ਮੂਸੇ ਵਾਲਾ, ਦੇ ਨਾਲ ਪਾਕਿਸਤਾਨੀ ਛੱਜ ਅਤੇ ਰਾਮ ਪੁਰੀ ਗੁੱਡਾ, ਅੰਮ੍ਰਿਤਸਰੀ ਪਤੰਗਾਂ ਦੀ ਵਿਕਰੀ ਹੋ ਰਹੀ ਹੈ।
ਇਸ ਵਾਰ ਨੌਜਵਾਨਾਂ ਵਿਚ ਕਾਫ਼ੀ ਉਤਸ਼ਾਹ ਹੈ। ਉਹ ਜਿਥੇ ਵੱਡੇ ਪੱਧਰ ’ਤੇ ਖ੍ਰੀਦਦਾਰੀ ਕਰ ਰਹੇ ਹਨ। ਪਤੰਗਾਂ ਦੀ ਕੀਮਤ ਵੀਂ ਇਸ ਵਾਰ ਪਿਛਲੇ ਸਾਲ ਨਾਲੋ ਵੱਧ ਹੈ। ਕਿਉਕਿ ਇਸ ਵਾਰ ਹੜ੍ਹਾਂ ਦੀ ਮਾਰ ਕਰਕੇ ਪਤੰਗਾਂ ਵਾਲਾ ਵਾਸ ਪਾਣੀ ਵਿਚ ਰੁੜ ਗਿਆ। ਜਿਸ ਕਰਕੇ ਪਤੰਗਾਂ ਨਹੀਂ ਬਣ ਸਕੀਆ। ਨੌਜਵਾਨ ਆਪਣੇ ਨਾਮ ਦੀਆਂ ਪਤੰਗਾਂ ਬਣਾ ਕੇ ਉਡਾ ਰਹੇ ਹਨ। ਜਿਸ ਦੀਆਂ ਤਸਵੀਰਾਂ ਉਹ ਸੋਸ਼ਲ ਮੀਡੀਏ ’ਤੇ ਪਾ ਕੇ ਹੋਰਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਇਸ ਵਾਰ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਤੋਂ ਲੋਹੜੀ ਦਾ ਤਿਉਹਾਰ ਮਨਾਉਣ ਆਏ ਹਨ।
ਲੋਹੜੀ ਮੌਕੇ ਲੋਕ ਮੂੰਗਫ਼ਲੀ, ਗਚਕ, ਰਿਊੜੀ, ਖਜ਼ੂਰ, ਪੁੱਗੇ ਅਤੇ ਹੋਰ ਵਸਤਾਂ ਖੂਬ ਖਾਂਦੇ ਹਨ ਅਤੇ ਆਪਣੇ ਰਿਸ਼ਤੇਦਾਰਾਂ ’ਤੇ ਸੱਜਣਾਂ-ਮਿੱਤਰਾਂ ਨੂੰ ਤੋਹਫਿਆਂ ਵਜੋਂ ਦੇ ਕੇ ਲੋਹੜੀ ਦੀਆਂ ਸ਼ੁਭ ਕਾਮਨਾਵਾਂ ਦਿੰਦੇ ਹਨ। ਮੂੰਗਫ਼ਲੀ, ਗਚਕ, ਰਿਊੜੀ, ਖਜ਼ੂਰ, ਪੁੱਗੇ ਆਦਿ ਦੀਆਂ ਦੁਕਾਨਾਂ ਕਰਨ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਦੇ ਮੱਦੇ ਨਜ਼ਰ ਗ੍ਰਾਹਕਾਂ ਦਾ ਆਉਣਾ ਤਾਂ ਸ਼ੁਰੂ ਹੋ ਗਿਆ ਹੈ। ਪਰ ਤਿਉਹਾਰ ਇਸ ਵਾਰ ਘੱਟ ਲੱਗ ਰਿਹਾ ਹੈ, ਲੋਕ ਖਾਣ-ਪੀਣ ਵਾਲੀਆਂ ਵਸਤਾਂ ਪਹਿਲਾਂ ਨਾਲੋਂ ਘੱਟ ਮਾਤਰਾ ਵਿਚ ਖਰੀਦ ਰਹੇ ਹਨ। ਜਿਸ ਕਾਰਨ ਇਸ ਵਾਰ ਸਾਡਾ ਮੁਨਾਫ਼ਾ ਘੱਟ ਹੋ ਰਿਹਾ ਹੈ।
ਇਥੇ ਆਮ ਲੋਕਾਂ ਵਲੋਂ ਵੀ ਪੁੱਤਰਾਂ ਦੀ ਲੋਹੜੀ ਮਨਾਉਣ ਦੇ ਨਾਲ-ਨਾਲ ਧੀਆਂ ਦੀ ਲੋਹੜੀ ਵੀ ਬੜੇ ਉਤਸ਼ਾਹ ਨਾਲ ਮਨਾਈ ਜਾ ਰਹੀ ਹੈ। ਪੱਟੀ ਨਿਵਾਸੀ ਜਤਿਨ ਸ਼ਰਮਾ, ਦੀਪਕ ਕੁਮਾਰ ਨੇ ਦੱਸਿਆ ਕਿ ਇਸ ਸਾਲ ਸਾਡੇ ਗ੍ਰਹਿ ਧੀ ਨੇ ਜਨਮ ਲਿਆ ਹੈ। ਜਿਸਦੀ ਸਾਨੂੰ ਬਹੁਤ ਖੁਸ਼ੀ ਹੈ ਅਤੇ ਅਸੀਂ ਆਪਣੀ ਧੀ ਨੂੰ ਪੁੱਤਰ ਤੋਂ ਘੱਟ ਨਹੀਂ ਸਮਝਦੇ। ਇਸ ਲਈ ਸਾਡੇ ਪਰਿਵਾਰ ਵਲੋਂ ਆਪਣੀ ਧੀ ਦੀ ਪਹਿਲੀ ਲੋਹੜੀ ਬੜੇ ਹੀ ਧੂਮਧਾਮ ਨਾਲ ਨੱਚ-ਟੱਪ ਕੇ ਮਨਾਈ ਜਾਵੇਗੀ।
====
ਪੰਜਾਬ ’ਚ ਤਿਉਹਾਰ ਬੜੇ ਧੂਮਧਾਮ ਨਾਲ ਮਨਾਏ ਜਾਦੇ, ਜਦੋਂਕਿ ਵਿਦੇਸ਼ ’ਚ ਨਹੀਂ : ਜਗਰੂਪ ਸਿੰਘ ਬੁੱਟਰ
ਜਗਰੂਪ ਸਿੰਘ ਬੁੱਟਰ ਦਾ ਕਹਿਣਾ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ ਤੇ ਇਥੇ ਕਈ ਤਿਉਹਾਰ ਬੜੇ ਧੂਮਧਾਮ ਨਾਲ ਮਨਾਏ ਜਾਂਦੇ ਹਨ। ਜਦੋ ਕਿ ਵਿਦੇਸ਼ਾਂ ਵਿਚ ਅਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਲੋਹੜੀ ਅਤੇ ਮਾਘੀ ਦਾ ਤਿਉਹਾਰ ਮਨਾਉਣ ਲਈ ਹੀ ਪੱਟੀ ਆਪਣੇ ਪਰਿਵਾਰ ਸਮੇਤ ਆਏ ਹਨ। ਉਨ੍ਹਾਂ ਕਿਹਾ ਕਿ ਲੋਹੜੀ ਦੇ ਤਿਉਹਾਰ ਨੂੰ ਪੰਜਾਬ ਦੇ ਲੋਕਾਂ ਤੇ ਸਿੱਖ ਭਾਈਚਾਰੇ ਵਿਚ ਮਨਾਉਣ ਪਿਛੇ ਬਹੁਤ ਸਾਰੀਆਂ ਮਾਨਤਾਵਾਂ ਹਨ। ਲੋਹੜੀ ਦੀ ਸ਼ਾਮ ਨੂੰ ਲੱਕੜ ਨਾਲ ਅੱਗ ਬਾਲਦੇ ਅਤੇ ਇਸ ਵਿਚ ਤਿਲ ਤੇ ਮੂੰਗਫਲੀ ਪਾ ਮੱਥਾ ਟੇਕਦੇ ਹਨ। ਇਸ ਮਗਰੋਂ ਲੋਕ ਅੱਗ ਦੇ ਆਲੇ-ਦੁਆਲੇ ਲੋਕ ਭੰਗੜਾ ਪਾਉਂਦੇ, ਗੀਤ ਗਾਉਂਦੇ ਹਨ। ਲੋਹੜੀ ਦਾ ਤਿਉਹਾਰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
===
ਕੈਨੇਡਾ ਤੋਂ ਪੱਟੀ ਲੋਹੜੀ ਮਨਾਉਣ ਆਇਆ ਗੁਰਮਨਦੀਪ ਸਿੰਘ
ਗੁਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਿਚ ਪੜ੍ਹਾਈ ਕਰ ਰਿਹਾ ਹੈ ਅਤੇ ਕਨੇਡਾ ਤੋਂ ਸਪੈਸ਼ਲ ਲੋਹੜੀ ਦਾ ਤਿਉਹਾਰ ਮਨਾਉਣ ਲਈ ਹੀ ਪੰਜਾਬ ਆਏ ਹਨ। ਪਿਛਲੇ ਚਾਰ ਸਾਲ ਤੋਂ ਉਸਨੇ ਪਤੰਗਾਂ ਨਹੀਂ ਉਡਾਈਆਂ। ਉਸਦਾ ਕਹਿਣਾ ਹੈ ਕਿ ਭਾਰਤ ਤਿਉਹਾਰਾਂ ਦਾ ਦੇਸ਼ ਹੈ। ਜਿਥੇ ਸਾਲ ਦੇ 12 ਮਹੀਨਿਆਂ ’ਚੋਂ ਕੋਈ ਵੀ ਅਜਿਹਾ ਮਹੀਨਾ ਨਹੀਂ, ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਮਾਘੀ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ ‘ਤਿਲ ਰਿਓੜੀ’ ਤੋਂ ਹਨ। ਤਿਲ ਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ ‘ਤਿਲੋੜੀ’ ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ ‘ਲੋਹੜੀ’ ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ ’ਚ ਮਨਾਇਆ ਜਾਂਦਾ ਹੈ।