ਦਿ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਨੇ ਰਾਮ ਨੌਮੀ ਸ਼ਰਧਾ ਨਾਲ ਮਨਾਈ
ਰਾਮ ਨੌਮੀ ਦਾ ਤਿਉਹਾਰ ਵਿਸ਼ਵ ਭਰ ’ਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
Publish Date: Sun, 29 Mar 2026 07:30 PM (IST)
Updated Date: Mon, 30 Mar 2026 04:09 AM (IST)
ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੱਟੀ ਵਿਖੇ ਦੀ ਯੰਗ ਮੈਨ ਰਾਮਾ ਕ੍ਰਿਸ਼ਨਾ ਕਲੱਬ ਵੱਲੋਂ ਰਾਮ ਨੌਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਭਗਤੀ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸਮੂਹ ਰਾਮ ਭਗਤਾਂ ਅਤੇ ਕਲੱਬ ਮੈਂਬਰਾਂ ਵੱਲੋਂ ਵੱਡੀ ਗਿਣਤੀ ’ਚ ਹਾਜ਼ਰੀ ਭਰੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਵਿਜੇ ਸ਼ਰਮਾ ਅਤੇ ਪ੍ਰਧਾਨ ਰਕੇਸ਼ ਪਾਠਕ ਨੇ ਦੱਸਿਆ ਕਿ ਰਾਮ ਨੌਮੀ ਦਾ ਤਿਉਹਾਰ ਵਿਸ਼ਵ ਭਰ ’ਚ ਹਰ ਸਾਲ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਜੀ ਦਾ ਜਨਮ ਅਯੁੱਧਿਆ ’ਚ ਹੋਇਆ ਸੀ, ਜਿਸ ਕਰ ਕੇ ਇਹ ਦਿਹਾੜਾ ਹਰ ਹਿੰਦੂ ਲਈ ਖ਼ਾਸ ਮਹੱਤਵ ਰੱਖਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੱਟੀ ਵਿਖੇ ਵੀ ਸਮੂਹ ਸੰਗਤਾਂ ਤੇ ਕਲੱਬ ਮੈਂਬਰਾਂ ਵੱਲੋਂ ਇਸ ਤਿਉਹਾਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਭੂ ਰਾਮ ਦੇ ਜੈਕਾਰਿਆਂ ਨਾਲ ਲੰਗਰ ਦੀ ਸ਼ੁਰੂਆਤ ਕੀਤੀ ਗਈ ਤੇ ਸੰਗਤਾਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ।
ਸਮਾਗਮ ਦੌਰਾਨ ਅਸ਼ੋਕ ਬਜਾਜ, ਕੁਲਦੀਪ ਰਾਏ ਸ਼ਰਮਾ, ਦੇਵੀ ਦਿੱਤਾ, ਕੇਸ਼ਵ ਦੇਵਗਨ, ਰਕੇਸ਼ ਟੋਨੀ, ਰਿੰਕੂ ਚੰਦਨ, ਹਰਜੀਤ ਸਿੰਘ ਕਲਸੀ ਆਦਿ ਵੀ ਮੌਜੂਦ ਸਨ, ਜਿਨ੍ਹਾਂ ਨੇ ਸਮਾਗਮ ਨੂੰ ਸਫ਼ਲ ਬਣਾਉਣ ’ਚ ਯੋਗਦਾਨ ਪਾਇਆ। ਪੂਰੇ ਸਮਾਗਮ ਦੌਰਾਨ ਪ੍ਰਭੂ ਰਾਮ ਦੇ ਜੈਕਾਰਿਆਂ ਨਾਲ ਮਾਹੌਲ ਗੂੰਜਦਾ ਰਿਹਾ ਤੇ ਸੰਗਤਾਂ ਨੇ ਭਗਤੀ ਰੰਗ ’ਚ ਰੰਗ ਕੇ ਇਸ ਪਵਿੱਤਰ ਦਿਹਾੜੇ ਨੂੰ ਮਨਾਇਆ।