ਸੰਯੁਕਤ ਕਿਸਾਨ ਮੋਰਚੇ ਦਾ ਖੰਡ ਮਿੱਲ ਸ਼ੇਰੋਂ ’ਚ ਸ਼ੁਰੂ ਕੀਤਾ ਰੋਸ ਧਰਨਾ ਤੀਸਰੇ ਦਿਨ ’ਚ ਦਾਖਲ
ਨੇਤਾਵਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਤੁਰੰਤ ਕੋਈ ਕਾਰਵਾਈ ਨਾ ਕੀਤੀ, ਤਾਂ ਇਸ ਤੋਂ ਅੱਗੇ ਤਿੱਖੇ ਐਕਸ਼ਨ ਕੀਤੇ ਜਾਣਗੇ।
Publish Date: Wed, 25 Feb 2026 06:47 PM (IST)
Updated Date: Thu, 26 Feb 2026 04:08 AM (IST)

ਗੁਰਪ੍ਰੀਤ ਸਿੰਘ ਕੱਦਗਿੱਲ•,ਪੰਜਾਬੀ ਜਾਗਰਣ, ਤਰਨਤਾਰਨ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨਤਾਰਨ ’ਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਸ਼ੇਰੋਂ ਦੀ ਸੰਪਤੀ ਵੇਚਣ ਵਿਰੁੱਧ ਲੱਗਾ ਪੱਕਾ ਮੋਰਚਾ ਅੱਜ ਤੀਸਰੇ ਦਿਨ ’ਚ ਦਾਖਲ ਹੋ ਗਿਆ। ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ, ਜੋ ਕਿ ਬਹੁਤ ਮਾੜੀ ਗੱਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ 92 ਐੱਮਐੱਲਏ ਚੁਣ ਕੇ ਭੇਜੇ ਸਨ। ਪਰ ਤਰਨਤਾਰਨ ਹਲਕੇ ਨਾਲ ਸਬੰਧਿਤ ਸਾਰੇ ਵਿਧਾਇਕ ਅਤੇ ਮੰਤਰੀ ਕਿਸਾਨਾਂ ਦੀ ਇਹ ਸੰਪਤੀ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਬਚਾਉਣ ਵਾਸਤੇ ਬਿਲਕੁਲ ਬੇਪਰਵਾਹ ਹਨ। ਨੇਤਾਵਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮਾਂ ਰਹਿੰਦਿਆਂ ਤੁਰੰਤ ਕੋਈ ਕਾਰਵਾਈ ਨਾ ਕੀਤੀ, ਤਾਂ ਇਸ ਤੋਂ ਅੱਗੇ ਤਿੱਖੇ ਐਕਸ਼ਨ ਕੀਤੇ ਜਾਣਗੇ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਅੱਜ ਤੱਕ ਧਰਨੇ ਵਾਲੀ ਥਾਂ ’ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੱਕ ਨਹੀਂ ਕੀਤਾ ਗਿਆ। ਇਸ ਉਪਰੰਤ ਦਲਜੀਤ ਸਿੰਘ ਦਿਆਲਪੁਰ, ਮਨਜੀਤ ਸਿੰਘ ਬੱਗੂ, ਮਹਾਂਵੀਰ ਸਿੰਘ ਗਿੱਲ, ਨਛੱਤਰ ਸਿੰਘ ਮੁਗਲਚੱਕ, ਜੱਸਾ ਸਿੰਘ ਕੱਦਗਿਲ, ਗੁਰਸਾਬ ਸਿੰਘ ਡੱਲ, ਹਰਜੀਤ ਸਿੰਘ ਜੀਤਾ, ਸੁਖਚੈਨ ਸਿੰਘ ਸਰਹਾਲੀ, ਖਜਾਨ ਸਿੰਘ ਸਰਪੰਚ, ਗੁਰਪ੍ਰਤਾਪ ਸਿੰਘ ਗੰਜਾ, ਡਾਕਟਰ ਇੰਦਰਜੀਤ ਸਿੰਘ ਮਰਹਾਣਾ, ਅਮੋਲਕ ਸਿੰਘ, ਗੁਰਚਰਨ ਸਿੰਘ ਸਭਰਾ, ਰਾਜ ਗੋਬਿੰਦ ਸਿੰਘ, ਦਵਿੰਦਰਪਾਲ ਸਿੰਘ ਕਾਦੀਆਂ, ਗੁਰਦਿਆਲ ਸਿੰਘ, ਪੂਰਨ ਸਿੰਘ ਮਾੜੀਮੇਘਾ, ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ। ਪੰਜਾਬ ਸਰਕਾਰ ਦੀ ਚੁੱਪ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।