ਯਾਦਗਾਰੀ ਹੋ ਨਿੱਬੜੀ ਜ਼ਿਲ੍ਹਾ ਤਰਨਤਾਰਨ ਦੇ ਸਰਕਾਰੀ ਸਕੂਲਾਂ ਦੀ 'ਮੈਗਾ ਮਾਪੇ-ਅਧਿਆਪਕ ਮਿਲਣੀ
ਸਕੂਲਾਂ ’ਚ ਮੇਲੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ, ਉੱਥੇ ਹੀ ਸਾਲਾਨਾ ਨਤੀਜਿਆਂ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਦੇ ਚਿਹਰਿਆਂ 'ਤੇ ਖੁਸ਼ੀ ਦੀ ਲਹਿਰ ਦੌੜ ਗਈ।
Publish Date: Sat, 28 Mar 2026 05:53 PM (IST)
Updated Date: Sun, 29 Mar 2026 04:09 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਸ਼ਨੀਵਾਰ ਨੂੰ ਕਰਵਾਈ ਗਈ ਮੈਗਾ ਮਾਪੇ-ਅਧਿਆਪਕ ਮਿਲਣੀ ਬੇਹੱਦ ਸਫ਼ਲ ਤੇ ਯਾਦਗਾਰੀ ਹੋ ਨਿੱਬੜੀ। ਇਸ ਮਿਲਣੀ ਦੌਰਾਨ ਜਿੱਥੇ ਸਕੂਲਾਂ ’ਚ ਮੇਲੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ, ਉੱਥੇ ਹੀ ਸਾਲਾਨਾ ਨਤੀਜਿਆਂ ਦੇ ਐਲਾਨ ਤੋਂ ਬਾਅਦ ਵਿਦਿਆਰਥੀਆਂ ਤੇ ਮਾਪਿਆਂ ਦੇ ਚਿਹਰਿਆਂ ਤੇ ਖੁਸ਼ੀ ਦੀ ਲਹਿਰ ਦੌੜ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਿਨਾਮ ਸਿੰਘ ਬਾਠ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਲਹੁਕਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਵਲਟੋਹਾ ਸਕੂਲਾਂ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਅੱਜ ਪਹਿਲੀ ਤੋਂ ਗਿਆਰਵੀਂ ਜਮਾਤ ਨਾਨ-ਬੋਰਡ ਦੇ ਸਾਲਾਨਾ ਨਤੀਜਿਆਂ ਦਾ ਐਲਾਨ ਕੀਤਾ ਗਿਆ। ਅਧਿਆਪਕਾਂ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ਹੋਲਿਸਟਿਕ ਰਿਪੋਰਟ ਕਾਰਡ ਸੌਂਪੇ ਗਏ, ਜਿਸ ’ਚ ਬੱਚੇ ਦੀ ਸਾਲ ਭਰ ਦੀਆਂ ਵਿੱਦਿਅਕ ਤੇ ਸਹਿ-ਵਿੱਦਿਅਕ ਗਤੀਵਿਧੀਆਂ ਦਾ ਪੂਰਾ ਵੇਰਵਾ ਦਿੱਤਾ ਗਿਆ ਸੀ। ਮਾਪਿਆਂ ਨੇ ਆਪਣੇ ਬੱਚਿਆਂ ਦੀ ਪ੍ਰਗਤੀ ਦੇਖ ਕੇ ਤਸੱਲੀ ਪ੍ਰਗਟਾਈ। ਮਿਲਣੀ ਦੌਰਾਨ ਮਾਪਿਆਂ ਨਾਲ ਕਈ ਅਹਿਮ ਨੁਕਤਿਆਂ ਤੇ ਵਿਚਾਰ-ਵਟਾਂਦਰਾ ਕੀਤਾ ਗਿਆ। 1 ਅਪ੍ਰੈਲ 2026 ਤੋਂ ਸ਼ੁਰੂ ਹੋ ਰਹੇ ਨਵੇਂ ਵਿੱਦਿਅਕ ਸੈਸ਼ਨ ਲਈ ਦਾਖ਼ਲੇ ਤੇ ਨਿਯਮਿਤ ਹਾਜ਼ਰੀ ਲਈ ਪ੍ਰੇਰਿਤ ਕੀਤਾ ਗਿਆ। ਬੱਚਿਆਂ ਦੀ ਗੈਰ-ਹਾਜ਼ਰੀ ਸਬੰਧੀ ਮਾਪਿਆਂ ਨੂੰ ਮਿਲਣ ਵਾਲੇ ਆਟੋਮੈਟਿਕ ਐੱਸਐੱਮਐੱਸ ਸਿਸਟਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ 14 ਸਾਲ ਤਕ ਦੀਆਂ ਲੜਕੀਆਂ ਲਈ ਐੱਚਪੀਵੀ ਟੀਕਾਕਰਨ ਤੇ ਦਸਵੀਂ ਦੇ ਵਿਦਿਆਰਥੀਆਂ ਲਈ ਹੁਨਰ ਸਿੱਖਿਆ ਬਾਰੇ ਵਿਸ਼ੇਸ਼ ਜਾਗਰੂਕਤਾ ਸੈਸ਼ਨ ਲਾਏ ਗਏ। ਜ਼ਿਲ੍ਹਾ ਸਿੱਖਿਆ ਅਫ਼ਸਰ ਸਤਿਨਾਮ ਸਿੰਘ ਬਾਠ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਡਾ ਮੁੱਖ ਉਦੇਸ਼ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਪਿਆਂ ਨਾਲ ਸਾਂਝਾ ਕਰ ਕੇ ਉਨ੍ਹਾਂ ਨੂੰ ਸਕੂਲ ਦਾ ਅਹਿਮ ਹਿੱਸਾ ਬਣਾਉਣਾ ਹੈ। ਅਸੀਂ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੇ ਅੰਕਾਂ ਦੀ ਤੁਲਨਾ ਦੂਜਿਆਂ ਨਾਲ ਕਰਨ ਦੀ ਬਜਾਏ, ਉਨ੍ਹਾਂ ਦੀ ਆਪਣੀ ਤਰੱਕੀ ਤੇ ਧਿਆਨ ਦੇਣ। ਸਕੂਲਾਂ ’ਚ ਸਫ਼ਾਈ ਤੇ ਮਾਪਿਆਂ ਦੇ ਬੈਠਣ ਲਈ ਕੀਤੇ ਗਏ ਸੁਚੱਜੇ ਪ੍ਰਬੰਧਾਂ ਦੀ ਹਰ ਪਾਸੇ ਸ਼ਲਾਘਾ ਹੋਈ। ਇਸ ਮਿਲਣੀ ’ਚ ਪਿੰਡਾਂ ਦੀਆਂ ਪੰਚਾਇਤਾਂ, ਐੱਸਐੱਮਸੀ ਮੈਂਬਰਾਂ ਤੇ ਇਲਾਕੇ ਦੇ ਪਤਵੰਤਿਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਮਾਪਿਆਂ ਦੇ ਕੀਮਤੀ ਸੁਝਾਅ ਲੈਣ ਲਈ ਸਕੂਲਾਂ ’ਚ ਸੁਝਾਅ ਬਕਸੇ ਵੀ ਰੱਖੇ ਗਏ ਸਨ, ਤਾਂ ਜੋ ਆਉਣ ਵਾਲੇ ਸਮੇਂ ’ਚ ਸਰਕਾਰੀ ਸਕੂਲਾਂ ਦੇ ਵਿੱਦਿਅਕ ਮਿਆਰ ਨੂੰ ਹੋਰ ਵੀ ਉੱਚਾ ਚੁੱਕਿਆ ਜਾ ਸਕੇ।