- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਖਰਾਂ ਦੀ ਬਣਤਰ ਤੇ ਬਣਾਵਟ ਬਾਰੇ ਵਿਦਿਆਰਥੀਆਂ ਨੂੰ ਬਰੀਕੀ ਨਾਲ ਨੁਕਤੇ ਦੱਸੇ ਗਏ।

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਸ੍ਰੀ ਗੁਰੂ ਅੰਗਦ ਦੇਵ ਕਾਲਜ ਆਫ ਐਜੂਕੇਸ਼ਨ ਖਡੂਰ ਸਾਹਿਬ ਵਿਖੇ ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ’ਚ ਜ਼ਿਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਵੱਲੋਂ ਕਾਲਜ ਮੈਨੇਜਮੈਂਟ ਕਮੇਟੀ ਦੇ ਸਹਿਯੋਗ ਨਾਲ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਪਹਿਲੇ ਦਿਨ ਜਗਤਾਰ ਸਿੰਘ ਸੋਖੀ ਤੇ ਅਰਸ਼ਦੀਪ ਸਿੰਘ ਸੋਖੀ ਦੀ ਅਗਵਾਈ ਹੇਠ ਪੰਜਾਬੀ ਅੱਖਰਕਾਰੀ ਕਾਰਜਸ਼ਾਲਾ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ, ਜਿਸ ’ਚ ਅੱਖਰਾਂ ਦੀ ਬਣਤਰ ਤੇ ਬਣਾਵਟ ਬਾਰੇ ਵਿਦਿਆਰਥੀਆਂ ਨੂੰ ਬਰੀਕੀ ਨਾਲ ਨੁਕਤੇ ਦੱਸੇ ਗਏ। ਸਮਾਗਮ ਦੇ ਦੂਜੇ ਦਿਨ ਗੁਰਮੁਖੀ ਲਿਪੀ ਦੇ ਸਰੋਤ, ਵਿਕਾਸ ਤੇ ਸਮਕਾਲੀ ਚਿੰਤਨ ਦੇ ਪ੍ਰਸੰਗ ’ਚ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੀ ਪ੍ਰਧਾਨਗੀ ਹੇਠ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਦਾ ਮੁੱਖ ਵਿਸ਼ਾ ‘ਗੁਰਮੁਖੀ ਲਿਪੀ, ਚਿੰਤਨ, ਪੁਨਰ-ਚਿੰਤਨ’ ਸੀ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਭਾਸ਼ਾ ਵਿਭਾਗ ਦੀ ਧੁਨੀ ਦੇ ਗਾਇਨ ਨਾਲ ਕੀਤੀ ਗਈ। ਬੀਐੱਡ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਪ੍ਰੀਤ ਕੌਰ ਨੇ ਆਏ ਹੋਏ ਵਿਦਵਾਨਾਂ ਤੇ ਮਹਿਮਾਨਾਂ ਦਾ ਨਿੱਘਾ ਸਵਾਗਤ ਕਰਦਿਆਂ ਸੈਮੀਨਾਰ ਦੀ ਰੂਪ-ਰੇਖਾ ਸਾਂਝੀ ਕੀਤੀ। ਇਸ ਮੌਕੇ ਸੂਬੇਦਾਰ ਬਾਬਾ ਬਲਬੀਰ ਸਿੰਘ ਨੇ ਵਾਤਾਵਰਨ ਦੇ ਪ੍ਰਦੂਸ਼ਣ ਨੂੰ ਸਮਾਜਿਕ ਜੀਵਨ ਨਾਲ ਜੋੜਦਿਆਂ ਇਕ ਅਰਥਪੂਰਨ ਕਵਿਤਾ ਪੇਸ਼ ਕੀਤੀ ਤੇ ਭਾਸ਼ਾ ਦੀ ਵਰਤਮਾਨ ਸਥਿਤੀ 'ਤੇ ਚਿੰਤਾ ਪ੍ਰਗਟਾਈ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਸੈਮੀਨਾਰ ਦੇ ਸਰੋਕਾਰਾਂ ਬਾਰੇ ਵਿਸਥਾਰ ’ਚ ਚਰਚਾ ਕੀਤੀ ਤੇ ਅਧਿਆਪਕਾਂ, ਵਿਦਿਆਰਥੀਆਂ ਨੂੰ ਪਿੰਡਾਂ ਦੀਆਂ ਲਾਇਬ੍ਰੇਰੀਆਂ ਲਈ 'ਪੁਸਤਕ ਦਾਨ ਮਹਾ ਦਾਨ ਮੁਹਿੰਮ' ਤਹਿਤ ਪੁਸਤਕਾਂ ਦਾਨ ਕਰਨ ਲਈ ਬੇਨਤੀ ਕੀਤੀ। ਪ੍ਰਮੁੱਖ ਵਕਤਾ ਤੇ ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਸੁਖਵਿੰਦਰ ਸਿੰਘ ਸੰਘਾ ਨੇ ਗੁਰਮੁਖੀ ਲਿਪੀ ਦੀ ਇਤਿਹਾਸਕ ਵਿਲੱਖਣਤਾ ਤੇ ਵਿਗਿਆਨਕ ਬਣਤਰ ’ਤੇ ਚਾਨਣਾ ਪਾਇਆ। ਉਨ੍ਹਾਂ ਅਜੋਕੇ ਸਮੇਂ ’ਚ ਗੁਰਮੁਖੀ ਦੇ ਡਾਟਾ ਨੂੰ ਅਮੀਰ ਕਰਨ ਲਈ ਇਸ ਨੂੰ ਇਲੈਕਟ੍ਰਾਨਿਕ ਮੀਡੀਆ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਮੁਖੀ ਡਾ. ਮਨਜਿੰਦਰ ਸਿੰਘ ਨੇ ਕਿਹਾ ਕਿ ਖਡੂਰ ਸਾਹਿਬ ਦੀ ਧਰਤੀ ਉਹ ਪਵਿੱਤਰ ਅਸਥਾਨ ਹੈ, ਜਿੱਥੇ ਗੁਰੂ ਸਾਹਿਬ ਬਾਲ-ਬੋਧ ਪੜ੍ਹਾਉਂਦੇ ਸਨ। ਉਨ੍ਹਾਂ ਦੱਸਿਆ ਕਿ ਗੁਰਮੁਖੀ ਲਿਪੀ ‘ਫੋਨੈਮਿਕ’ ਇਕ ਧੁਨੀ, ਇਕ ਅੱਖਰ ਦੇ ਸਿਧਾਂਤ 'ਤੇ ਆਧਾਰਿਤ ਹੈ, ਜਿਸ ਕਾਰਨ ਇਹ ਦੁਨੀਆ ਦੀਆਂ ਹੋਰਨਾਂ ਲਿਪੀਆਂ ਨਾਲੋਂ ਵੱਖਰੀ ਤੇ ਪੂਰਨ ਹੈ। ਉਨ੍ਹਾਂ ਗੁਰਬਾਣੀ ਦੇ ਅਧਿਆਤਮਕ ਪ੍ਰਵਚਨ, ਗੁਰੂ ਸਾਹਿਬਾਨ ਦੀ ਭਾਸ਼ਾ-ਸ਼ੈਲੀ ਤੇ ਭਾਈ ਗੁਰਦਾਸ ਜੀ ਦੀ ਰਚਨਾ ’ਚ ਲਿਪੀ ਦੇ ਮਹੱਤਵ ਬਾਰੇ ਵੀ ਵਿਸਥਾਰ ’ਚ ਦੱਸਿਆ।
ਇਸ ਮੌਕੇ ਮੰਚ ਸੰਚਾਲਨ ਡਾ. ਕੰਵਲਜੀਤ ਸਿੰਘ ਵੱਲੋਂ ਕੀਤਾ ਗਿਆ। ਸਮਾਗਮ ਦੀ ਸਫ਼ਲਤਾ ’ਚ ਡਾ. ਅਰਜਿੰਦਰ ਕੌਰ ਨੇ ਬਤੌਰ ਕੋਆਰਡੀਨੇਟਰ ਭੂਮਿਕਾ ਨਿਭਾਈ। ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਤੇ ਜਗਤਾਰ ਸਿੰਘ ਸੋਖੀ ਦੀਆਂ ਕਲਾਤਮਿਕ ਕਿਰਤਾਂ ਦੀਆਂ ਪ੍ਰਦਰਸ਼ਨੀਆਂ ਵੀ ਖਿੱਚ ਦਾ ਕੇਂਦਰ ਰਹੀਆਂ। ਅੰਤ ’ਚ ਭਾਸ਼ਾ ਵਿਭਾਗ ਨੇ ਆਏ ਵਿਸ਼ਾ ਮਾਹਿਰਾਂ ਨੂੰ ਸਨਮਾਨਿਤ ਕੀਤਾ ਤੇ ਅੱਖਰਕਾਰੀ ਮੁਕਾਬਲੇ ’ਚ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਭਾਸ਼ਾ ਵਿਭਾਗ ਦੀਆਂ ਪ੍ਰਕਾਸ਼ਿਤ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ, ਡਾ. ਬਲਬੀਰ ਕੌਰ ਪੰਧੇਰ, ਚੇਤਨ ਕੁਮਾਰ, ਵਿਨੋਦ ਕੁਮਾਰ, ਮਾਸਟਰ ਬਲਦੇਵ ਸਿੰਘ ਖੁੱਲਰ ਹੋਰ ਪਤਵੰਤੇ, ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
======
ਵਿਚਾਰਾਂ ਦੇ ਪ੍ਰਗਟਾਵੇ ਲਈ ਸ਼ਬਦ ਅਹਿਮ ਜ਼ਰੀਆ : ਡਾ. ਦਲਜੀਤ ਸਿੰਘ
ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂ ਢੀਂਗਾ ਦੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਭਾਸ਼ਾ ਤੇ ਲਿਪੀ ਦੇ ਅੰਤਰ-ਸਬੰਧਾਂ 'ਤੇ ਡੂੰਘੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਮਨੁੱਖੀ ਭਾਵਨਾਵਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਲਈ ‘ਸ਼ਬਦ’ ਇਕ ਅਹਿਮ ਜ਼ਰੀਆ ਹਨ, ਪਰ ਇਨ੍ਹਾਂ ਸ਼ਬਦਾਂ ਨੂੰ ਸਦੀਵੀ ਰੂਪ |ਚ ਅੰਕਿਤ ਕਰਨ ਲਈ ‘ਗੁਰਮੁਖੀ ਲਿਪੀ’ ਗੁਰੂ ਸਾਹਿਬਾਨ ਦੀ ਇਕ ਮਹਾਨ ਬਖ਼ਸ਼ਿਸ਼ ਹੈ। ਉਨ੍ਹਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਹ ਜਮਾਤਾਂ ’ਚ ਪੜ੍ਹਾਉਂਦੇ ਸਮੇਂ ਬਾਣੀ ਦੇ ਸ਼ੁੱਧ ਉਚਾਰਨ ਤੇ ਲਗਾਂ-ਮਾਤਰਾਂ ਦੀ ਸਹੀ ਵਰਤੋਂ 'ਤੇ ਜ਼ੋਰ ਦੇਣ। ਮਾਤਰਾਵਾਂ ਦਾ ਸੂਖਮ ਗਿਆਨ ਹੀ ਭਾਸ਼ਾ ਦੇ ਅਸਲ ਅਰਥਾਂ ਤੇ ਪ੍ਰਭਾਵ ਨੂੰ ਸਪੱਸ਼ਟ ਕਰਦਾ ਹੈ ਤੇ ਕਿਸੇ ਵੀ ਭਾਸ਼ਾ ਨੂੰ ਸਿੱਖਣ ਲਈ ਉਸ ਦੇ ਵਿਆਕਰਨਕ ਪੱਖਾਂ ਦਾ ਗਹਿਰਾ ਅਧਿਐਨ ਲਾਜ਼ਮੀ ਹੈ।
====
ਭਾਸ਼ਾ ਦੀਆਂ ਧੁਨੀਆਂ ਦੇ ਸ਼ੁੱਧ ਉਚਾਰਨ ਵੱਲ ਧਿਆਨ ਦੇਣ ਦੀ ਲੋੜ : ਸੋਖੀ
ਜਗਤਾਰ ਸਿੰਘ ਸੋਖੀ ਨੇ ਕਿਹਾ ਕਿ ਸਾਨੂੰ ਆਪਣੀ ਭਾਸ਼ਾ ਦੀਆਂ ‘ਧੁਨੀਆਂ’ ਦੇ ਸ਼ੁੱਧ ਉਚਾਰਨ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅਜੋਕੀ ਪੀੜ੍ਹੀ ਆਪਣੇ ਭਾਸ਼ਾਈ ਮੂਲ ਨਾਲੋਂ ਟੁੱਟ ਰਹੀ ਹੈ, ਜਿਸ ਕਾਰਨ ਲਗਾਂ-ਮਾਤਰਾ ਦਾ ਉਚਾਰਨ ਤੇ ਮਹੱਤਵ ਲਗਾਤਾਰ ਘਟ ਰਿਹਾ ਹੈ। ਇਸ ਤੋਂ ਇਲਾਵਾ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਲਈ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਪੰਜਾਬੀ ਭਾਸ਼ਾ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਏਆਈ ਤੇ ਜੀ-ਬੋਰਡ ਵਰਗੇ ਆਧੁਨਿਕ ਸਾਧਨਾਂ ਨਾਲ ਜੋੜਨ 'ਤੇ ਜ਼ੋਰ ਦਿੱਤਾ।
=====
ਗੁਰਮੁਖੀ ਲਿਪੀ ਚਿੰਨ੍ਹਾਂ ਦਾ ਸਮੂਹ ਹੀ ਨਹੀਂ, ਸੱਭਿਆਚਾਰਕ ਪਛਾਣ ਵੀ : ਜ਼ਫ਼ਰ
ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਨੇ ਸੈਮੀਨਾਰ ਦੇ ਵਿਸ਼ੇ 'ਤੇ ਬੋਲਦਿਆਂ ਬਹੁਤ ਹੀ ਸੂਖਮ ਤੇ ਦਾਰਸ਼ਨਿਕ ਵਿਚਾਰ ਪੇਸ਼ ਕੀਤੇ। ਉਨ੍ਹਾਂ ਗੁਰਮੁਖੀ ਲਿਪੀ ਨੂੰ ਕੇਵਲ ਚਿੰਨ੍ਹਾਂ ਦਾ ਸਮੂਹ ਨਹੀਂ, ਸਗੋਂ ਪੰਜਾਬੀ ਜਨ-ਮਾਨਸ ਦੀ ਰੂਹਾਨੀ ਤੇ ਸੱਭਿਆਚਾਰਕ ਪਛਾਣ ਦਾ ਪ੍ਰਤੀਕ ਦੱਸਿਆ। ਗੁਰਮੁਖੀ ਲਿਪੀ ਦਾ ਵਿਕਾਸ ਗੁਰੂ ਸਾਹਿਬਾਨ ਦੀ ਉਸ ਦੂਰ ਅੰਦੇਸ਼ੀ ਦਾ ਸਿੱਟਾ ਹੈ, ਜਿਸ ਨੇ ਆਮ ਲੋਕਾਂ ਨੂੰ ਆਪਣੀ ਬੋਲੀ ’ਚ ਗਿਆਨ ਹਾਸਲ ਕਰਨ ਦੇ ਸਮੱਰਥ ਬਣਾਇਆ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਭਵਿੱਖ ’ਚ ਭਾਸ਼ਾ ਵਿਭਾਗ ਵੱਲੋਂ ਹਰ ਸਾਲ ਨਿਰੰਤਰ ਰੂਪ ’ਚ ਖਡੂਰ ਸਾਹਿਬ ਦੀ ਧਰਤੀ 'ਤੇ ਗੁਰਮੁਖੀ ਲਿਪੀ ਤੇ ਭਾਸ਼ਾ ਨੂੰ ਸਮਰਪਿਤ ਕਲਾਤਮਿਕ ਤੇ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ।