- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਹੜੀ ਵਾਲੇ ਦਿਨ ਮੰਗਲਵਾਰ ਨੂੰ ਪਤੰਗਬਾਜ਼ੀ ਦੇ ਸ਼ੌਕੀਨ ਆਪਣਾ ਸ਼ੌਕ ਪੂਰਾ ਕਰ ਸਕਣਗੇ ਕਿ ਨਹੀਂ ਇਹ ਸਭ ਕੁਝ ਮੌਸਮ ਦੇ ਮਿਜ਼ਾਜ ’ਤੇ ਹੀ ਨਿਰਭਰ ਰਹੇਗਾ

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਭਲਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਣਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇਕ ਪਾਸੇ ਜਿਥੇ ਇਸ ਦਿਨ ਖਾਧੀਆਂ ਜਾਣ ਵਾਲੀਆਂ ਵਸਤੂਆਂ ਦੀਆਂ ਦੁਕਾਨਾਂ ਸਜ ਚੁੱਕੀਆਂ ਹਨ, ਉਥੇ ਹੀ ਪਤੰਗਬਾਜ਼ੀ ਦੇ ਸ਼ੌਕੀਨਾਂ ਲਈ ਥਾਂ-ਥਾਂ ’ਤੇ ਪਤੰਗਾਂ ਦੀਆਂ ਦੁਕਾਨਾਂ ਵੀ ਸਜੀਆੰ ਦਿਖਾਈ ਦੇ ਰਹੀਆਂ ਹਨ। ਹਾਲਾਂਕਿ ਲੋਹੜੀ ਵਾਲੇ ਦਿਨ ਮੰਗਲਵਾਰ ਨੂੰ ਪਤੰਗਬਾਜ਼ੀ ਦੇ ਸ਼ੌਕੀਨ ਆਪਣਾ ਸ਼ੌਕ ਪੂਰਾ ਕਰ ਸਕਣਗੇ ਕਿ ਨਹੀਂ ਇਹ ਸਭ ਕੁਝ ਮੌਸਮ ਦੇ ਮਿਜ਼ਾਜ ’ਤੇ ਹੀ ਨਿਰਭਰ ਰਹੇਗਾ, ਕਿਉਂਕਿ ਅਜੇ ਤਾਂ ਸੰਘਣੀ ਧੁੰਦ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ।
ਲੋਹੜੀ ਵਾਲੇ ਦਿਨ ਆਮ ਤੌਰ ’ਤੇ ਮੂੰਗਫਲੀ, ਰਿਉੜੀਆਂ, ਗੱਚਕ, ਮੱਕੀ ਦੇ ਦਾਣੇ ਤੇ ਖਜੂਰਾਂ ਆਦਿ ਦੀ ਖਰੀਦਦਾਰੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ। ਜਦੋਂਕਿ ਨਵ ਵਿਆਹੇ ਜੋੜਿਆਂ ਅਤੇ ਨਵ ਜਨਮੇ ਬੱਚਿਆਂ ਦੀ ਲੋਹੜੀ ਵੰਡਣ ਲਈ ਇਨ੍ਹਾਂ ਵਸਤੂਆਂ ਨੂੰ ਵੱਡੀ ਮਾਤਰਾ ’ਚ ਖਰੀਦਿਆ ਜਾਂਦਾ ਹੈ। ਤਰਨਤਾਰਨ ਸ਼ਹਿਰ ਦੀਆਂ ਵੱਖ ਵੱਖ ਸੜਕਾਂ ’ਤੇ ਮੱਕੀ ਦੇ ਦਾਣਿਆਂ, ਮੂੰਗਫਲੀ ਰਿਉੜੀਆਂ ਦੀਆਂ ਦੁਕਾਨਾਂ ਸਜੀਆਂ ਵਿਖਾਈ ਦੇਣ ਲੱਗੀਆਂ ਹਨ। ਜਦੋਂਕਿ ਹਲਵਾਈਆਂ ਵੱਲੋਂ ਵੀ ਖਜੂਰਾਂ ਬਣਾਉਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਲੋਹੜੀ ’ਤੇ ਨਵ ਵਿਆਹੀਆਂ ਲੜਕੀਆਂ ਨੂੰ ਸ਼ਗਨ ਦੇ ਰੂਪ ਵਿਚ ਦਿੱਤੇ ਜਾਣ ਵਾਲੇ ਮੁੱਠ ਲੱਡੂਆਂ ਨੂੰ ਬਣਾਉਣ ’ਚ ਜਿਥੇ ਕਾਰੀਗਰ ਕਈ ਦਿਨਾਂ ਤੋਂ ਜੁਟੇ ਹੋਏ ਹਨ, ਉਥੇ ਹੀ ਇਨ੍ਹਾਂ ਦੀ ਵਿਕਰੀ ਵੀ ਜੋਰਾਂ ’ਤੇ ਹੋ ਰਹੀ ਹੈ। ਦੂਜੇ ਪਾਸੇ ਪਤੰਗਬਾਜ਼ੀ ਦੇ ਸ਼ੌਕੀਨਾਂ ਵੱਲੋਂ ਪਤੰਗਾਂ ਤੇ ਡੋਰ ਦੀ ਖਰੀਦਦਾਰੀ ਕੀਤੀ ਜਾ ਰਹੀ। ਹਾਲਾਂਕਿ ਪਤੰਗਾਂ ’ਤੇ ਮਹਿੰਗਾਈ ਦਾ ਪਰਛਾਵਾਂ ਵੀ ਦਿਖਾਈ ਦੇ ਰਿਹਾ ਹੈ। ਮਾਝੇ ’ਚ ਲੋਹੜੀ ਵਾਲੇ ਦਿਨ ਵੱਡੇ ਪੱਧਰ ’ਤੇ ਪਤੰਗਬਾਜ਼ੀ ਹੁੰਦੀ ਹੈ ਤੇ ਇਸ ਦੀਆਂ ਤਿਆਰੀਆਂ ਨੌਜਵਾਨਾਂ ਵੱਲੋਂ ਕਈ ਦਿਨ ਪਹਿਲਾਂ ਦੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਦੁਕਾਨਦਾਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਚਲਦਿਆਂ ਖਰੀਦਦਾਰੀ ’ਤੇ ਫਰਕ ਤਾਂ ਪੈਂਦਾ ਹੈ ਪਰ ਫਿਰ ਵੀ ਜ਼ਰੂਰੀ ਵਸਤੂਆਂ ਨੂੰ ਖਰੀਦਣ ਲਈ ਲੋਕ ਜ਼ਰੂਰ ਨਿਕਲਦੇ ਹਨ।
====
ਇਸ ਵਾਰ ਬਾਜ਼ਾਰ ’ਚ ਆਈਆਂ ਨਿਵੇਕਲੀ ਕਿਸਮ ਦੀਆਂ ਪਤੰਗਾਂ
ਬਾਜ਼ਾਰ ’ਚ ਬਹੁਰੰਗੀ ਤੇ ਵੱਖ-ਵੱਖ ਡਿਜ਼ਾਈਨਾਂ ਦੀ ਪਤੰਗਾਂ ਉਪਲੱਬਧ ਹਨ। ਜਦੋਂਕਿ ਕਈ ਨਿਵੇਕਲੀਆਂ ਪਤੰਗਾਂ ਵੀ ਇਸ ਵਾਰ ਨੌਜਵਾਨਾਂ ਵੱਲੋਂ ਵੱਡੀ ਗਿਣਤੀ ’ਚ ਖਰੀਦੀਆਂ ਜਾ ਰਹੀਆਂ ਹਨ। ਵੱਖ-ਵੱਖ ਸਾਈਜ਼ ’ਚ ਬਣੀਆਂ ਅਜਿਹੀਆਂ ਪਤੰਗਾਂ ਨੌਜਵਾਨਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਦੂਜੇ ਪਾਸੇ ਰਵਾਇਤੀ ਦਿੱਖ ਵਾਲੀਆਂ ਪਤੰਗਾਂ ਤੋਂ ਇਲਾਵਾ ਇਸ ਵਾਰ ਬੋਤਲ, ਚੋਰਸ ਤੇ ਹੋਰ ਕਈ ਅਕਾਰ ਦੀਆਂ ਪਤੰਗਾਂ ਨਾਲ ਅਸਮਾਨ ਰੰਗੀਨ ਹੁੰਦਾ ਦਿਖਾਈ ਦੇਵੇਗਾ।
====
ਸਾਵਧਾਨੀ ਨਾਲ ਪਤੰਗਬਾਜ਼ੀ ਕਰਨ ਨੌਜਵਾਨ ਤੇ ਬੱਚੇ : ਕੌਂਸਲਰ
ਤਰਨਤਾਰਨ ਸ਼ਹਿਰ ਦੇ ਕੌਂਸਲਰ ਤੇ ਉੱਘੇ ਸਮਾਜ ਚਿੰਤਕ ਸਰਬਜੀਤ ਸਿੰਘ ਰਾਜਪੂਤ ਲਾਲੀ ਵਸੀਕਾ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਭਰਪੂਰ ਤਿਆਰ ਹੈ। ਇਸ ਦਿਨ ਹਰ ਘਰ ’ਚ ਖੁਸ਼ੀ ਆਵੇ, ਉਹ ਇਸ ਦੀ ਦਿਲੋਂ ਕਾਮਨਾ ਕਰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਇਸ ਦਿਨ ਪਤੰਗਬਾਜ਼ੀ ਕਰਨ ਦਾ ਵੀ ਰੁਝਾਨ ਮਾਝਾ ਖੇਤਰ ’ਚ ਹੈ। ਉਹ ਜਿੱਥੇ ਲੋਹੜੀ ਦੀ ਸਾਰਿਆਂ ਨੂੰ ਵਧਾਈ ਦਿੰਦੇ ਹਨ, ਉਥੇ ਹੀ ਨੌਜਵਾਨਾਂ ਤੇ ਬੱਚਿਆਂ ਨੂੰ ਅਪੀਲ ਕਰਦੇ ਹਨ ਕਿ ਸਾਵਧਾਨੀ ਨਾਲ ਪਤੰਗਬਾਜ਼ੀ ਕਰਨ ਤੇ ਚਾਈਨਾ ਡੋਰ ਦੀ ਵਰਤੋਂ ਤੋਂ ਪ੍ਰਹੇਜ ਕਰਨ। ਇਸ ਮੌਕੇ ਆਪ ਦੀ ਸੀਨੀਅਰ ਮਹਿਲਾ ਆਗੂ ਬਲਵਿੰਦਰ ਕੌਰ ਕਲਿਆਣ, ਉੱਘੇ ਸਮਾਜ ਸੇਵੀ ਹਰਪਾਲ ਸਿੰਘ ਤੱਖੂਚੱਕ, ਡਾ. ਐੱਨਪੀ ਸਿੰਘ ਅਤੇ ਕਰਮਜੀਤ ਸਿੰਘ ਰਿੰਕੂ ਨੇ ਵੀ ਸਾਰਿਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ ਤੇ ਤਿਉਹਾਰ ਨੂੰ ਚਾਵਾਂ ਨਾਲ ਮਨਾਉਣ ਤੋਂ ਇਲਾਵਾ ਪਤੰਗਬਾਜ਼ੀ ਦੌਰਾਨ ਸਾਵਧਾਨੀ ਵਰਤਣ ਦੀ ਵੀ ਅਪੀਲ ਕੀਤੀ।
ਉੱਘੇ ਸਮਾਜ ਸੇਵੀ ਵਿਕਰਮ ਸਿੰਘ ਢਿੱਲੋਂ ਝਬਾਲ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ ’ਤੇ ਮਾਝੇ ’ਚ ਪਤੰਗਬਾਜ਼ੀ ਵੱਡੇ ਪੱਧਰ ’ਤੇ ਹੁੰਦੀ ਹੈ। ਜਦੋਂਕਿ ਸਭ ਤੋਂ ਵੱਧ ਪਤੰਗਬਾਜ਼ੀ ਅੰਮ੍ਰਿਤਸਰ ਅਤੇ ਤਰਨਤਾਰਨ ਸ਼ਹਿਰ ’ਚ ਵੇਖੀ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪਤੰਗਬਾਜ਼ੀ ਦਾ ਸ਼ੌਕ ਪੂਰਾ ਕਰਨ ਸਮੇਂ ਸਾਵਧਾਨੀ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਡਰੈਗਨ ਡੋਰ ਨਾ ਵਰਤਣ ਦੀ ਅਪੀਲ ਵੀ ਕੀਤੀ।