ਪੱਟੀ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ, ਲੋਕਾਂ ’ਚ ਡਰ ਦਾ ਮਾਹੌਲ
ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਮੁਹਿੰਮ ਚਲਾਈ ਜਾਵੇ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
Publish Date: Wed, 18 Mar 2026 04:18 PM (IST)
Updated Date: Thu, 19 Mar 2026 04:01 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਸ਼ਹਿਰ ਪੱਟੀ ’ਚ ਅਵਾਰਾ ਕੁੱਤਿਆਂ ਦੀ ਵਧਦੀ ਗਿਣਤੀ ਕਾਰਨ ਲੋਕਾਂ ’ਚ ਡਰ ਤੇ ਘਬਰਾਹਟ ਦਾ ਮਾਹੌਲ ਬਣ ਗਿਆ ਹੈ। ਗਲੀਆਂ, ਬਾਜ਼ਾਰਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਟੋਲੀਆਂ ’ਚ ਘੁੰਮਦੇ ਕੁੱਤੇ ਕਈ ਵਾਰ ਰਾਹਗੀਰਾਂ ’ਤੇ ਹਮਲੇ ਕਰ ਰਹੇ ਹਨ, ਜਿਸ ਨਾਲ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਬਾਹਰ ਨਿਕਲਣ ’ਚ ਮੁਸ਼ਕਿਲ ਪੈ ਰਹੀ ਹੈ। ਪੱਟੀ ਦੀ ਵਿਸ਼ਾਲ ਕਾਲੋਨੀ, ਬੱਸ ਅੱਡਾ, ਪੁਰਾਣਾ ਬਾਜ਼ਾਰ, ਗਾਂਧੀ ਸੱਥ, ਜੈਨ ਮੁਹੱਲਾ ਅਤੇ ਦਾਣਾ ਮੰਡੀ ਅੰਦਰ ਅਵਾਰਾ ਕੁੱਤਿਆਂ ਦੀਆਂ ਟੋਲੀਆਂ ਆਮ ਹੀ ਦੇਖੀਆ ਜਾ ਸਕਦੀਆ ਹਨ। ਇਸ ਸੰਬੰਧੀ ਨਗਰ ਕੌਂਸਲ ਦੀ ਪ੍ਰਧਾਨ ਬੀਬੀ ਲਖ਼ਬੀਰ ਕੌਰ ਦਾ ਕਹਿਣਾ ਹੈ ਕਿ ਜਲਦ ਹੀ ਟੀਮਾਂ ਤਾਇਨਾਤ ਕਰ ਕੇ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਜਾ ਰਿਹਾ ਹੈ। ==== ਕੁਝ ਮਾਮਲਿਆਂ ’ਚ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ : ਪ੍ਰਭ ਇਸ ਸਬੰਧੀ ਨੌਜਵਾਨ ਪ੍ਰਭ ਦਾ ਕਹਿਣਾ ਹੈ ਕਿ ਸਵੇਰੇ ਸਕੂਲ ਜਾਂਦੇ ਬੱਚੇ ਅਤੇ ਸ਼ਾਮ ਨੂੰ ਘਰ ਵਾਪਸੀ ਕਰਦੇ ਲੋਕ ਅਕਸਰ ਕੁੱਤਿਆਂ ਦਾ ਨਿਸ਼ਾਨਾ ਬਣਦੇ ਹਨ। ਕੁਝ ਮਾਮਲਿਆਂ ’ਚ ਲੋਕਾਂ ਨੂੰ ਕੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਲਦੀ ਕਾਰਵਾਈ ਕਰਦੇ ਹੋਏ ਕੁੱਤਿਆਂ ਦੀ ਨਸਬੰਦੀ ਤੇ ਟੀਕਾਕਰਨ ਦੀ ਯੋਜਨਾ ਬਣਾਈ ਜਾਵੇ, ਤਾਂ ਜੋ ਇਸ ਸਮੱਸਿਆ ਨੂੰ ਲੰਬੇ ਸਮੇਂ ਲਈ ਹੱਲ ਕੀਤਾ ਜਾ ਸਕੇ। ===== ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਮੁਹਿੰਮ ਚਲਾਈ ਜਾਵੇ : ਗੁਰਬਚਨ ਸਿੰਘ ਲਾਲੀ ਸੇਵਾ ਮੁਕਤ ਡਿਪਟੀ ਡੀਓ ਗੁਰਬਚਨ ਸਿੰਘ ਲਾਲੀ ਦਾ ਕਹਿਣਾ ਹੈ ਕਿ ਇਸ ਮਸਲੇ ਬਾਰੇ ਕਈ ਵਾਰ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ ਗਿਆ ਹੈ, ਪਰ ਹਾਲੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਨੂੰ ਕਾਬੂ ਕਰਨ ਲਈ ਤੁਰੰਤ ਮੁਹਿੰਮ ਚਲਾਈ ਜਾਵੇ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਲੋਕਾਂ ਦੀ ਜਾਨ ਦੀ ਸੁਰੱਖਿਆ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਇਸ ਮਾਮਲੇ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।