ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲਿਆਂ ਨਾਲ ਨਾ ਸਟੇਜ ਸਾਂਝੀ ਹੋਵੇਗੀ, ਨਾ ਫ਼ਤਿਹ : ਬ੍ਰਹਮਪੁਰਾ
ਮਾਵਾਂ ਦੀਆਂ ਕੁੱਖਾਂ ਉਜਾੜਨ ਵਾਲਿਆਂ ਨਾਲ ਨਾ ਸਟੇਜ ਸਾਂਝੀ ਹੋਵੇਗੀ, ਨਾ ਫ਼ਤਿਹ - ਬ੍ਰਹਮਪੁਰਾ
Publish Date: Thu, 23 Apr 2026 08:09 PM (IST)
Updated Date: Fri, 24 Apr 2026 04:11 AM (IST)

ਖਡੂਰ ਸਾਹਿਬ ਨੂੰ ਨਸ਼ਿਆਂ ਤੇ ਸਿਆਸੀ ਵਪਾਰੀਕਰਨ ਤੋਂ ਬਚਾਉਣ ਲਈ ਵਰਕਰਾਂ ਨੇ ਕੱਸੀ ਕਮਰ ਗੁਰਬਰਿੰਦਰ ਸਿੰਘ•, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਹੈ ਕਿ ਪੰਥਕ ਅਸੂਲਾਂ ’ਤੇ ਪਹਿਰਾ ਦਿੰਦਿਆਂ ਦਾਗੀ ਅਨਸਰਾਂ ਅਤੇ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਲਏ ਗਏ ਸਿਧਾਂਤਕ ਸਟੈਂਡ ਨੂੰ ਆਮ ਲੋਕਾਂ ਅਤੇ ਜ਼ਮੀਨੀ ਪੱਧਰ ਦੇ ਵਰਕਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਲਾਕੇ ਦੇ ਸੁਹਿਰਦ ਲੋਕਾਂ ਵੱਲੋਂ ਲਗਾਤਾਰ ਮਿਲ ਰਹੇ ਹੌਂਸਲਾ-ਅਫ਼ਜ਼ਾਈ ਦੇ ਸੁਨੇਹਿਆਂ ਤੇ ਸਹਿਯੋਗ ਸਦਕਾ ਅੱਜ ਪਿੰਡ ਕੱਲ੍ਹਾ ਦੇ ਮੋਹਤਬਰਾਂ ਅਤੇ ਅਕਾਲੀ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਸਥਾਨਕ ਸੀਨੀਅਰ ਟਕਸਾਲੀ-ਅਕਾਲੀ ਪਰਿਵਾਰ ਦੇ ਗ੍ਰਹਿ ਵਿਖੇ ਕੀਤੀ ਗਈ ਹੈ। ਇਸ ਮੀਟਿੰਗ ਦੌਰਾਨ ਇਕੱਤਰ ਹੋਏ ਟਕਸਾਲੀ ਵਰਕਰਾਂ ਅਤੇ ਆਮ ਲੋਕਾਂ ਨੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਥਕ ਸਿਆਸਤ ਵਿਚ ਵੱਧ ਰਿਹਾ ਸਿਆਸੀ ਵਪਾਰੀਕਰਨ ਪੰਜਾਬ ਦੇ ਭਵਿੱਖ ਲਈ ਬੇਹੱਦ ਘਾਤਕ ਹੈ। ਵਰਕਰਾਂ ਨੇ ਬਿਨਾਂ ਕਿਸੇ ਦਾ ਨਾਮ ਲਏ ਸਪੱਸ਼ਟ ਕੀਤਾ ਕਿ ਜਦੋਂ ਸਿਆਸਤ ਵਿਚ ਅਸੂਲਾਂ ਨੂੰ ਛੱਡ ਕੇ ਗੈਰ-ਸਮਾਜਿਕ ਅਤੇ ਨਸ਼ਿਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਅਨਸਰਾਂ ਨੂੰ ਤਰਜੀਹ ਦਿੱਤੀ ਜਾਣ ਲੱਗੇ, ਤਾਂ ਸੁਹਿਰਦ ਅਤੇ ਟਕਸਾਲੀ ਸੋਚ ਵਾਲੇ ਲੋਕਾਂ ਦਾ ਦਰਦ ਛਲਕਣਾ ਸੁਭਾਵਿਕ ਹੈ। ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਸਾਡੀ ਲੜਾਈ ਪੰਜਾਬ ਦੀ ਨਸਲ ਨੂੰ ਬਚਾਉਣ ਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ ਲਿਆਉਣਾ ਇਕ ਸ਼ਲਾਘਾਯੋਗ ਕਦਮ ਹੈ, ਪਰ ਇਸ ਕਾਨੂੰਨ ਦੇ ਅਸਲੀ ਮਨੋਰਥ ਤਦ ਹੀ ਪੂਰੇ ਹੋ ਸਕਦੇ ਹਨ ਜਦੋਂ ਇਸਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਨਾਲ ਲਾਗੂ ਕੀਤਾ ਜਾਵੇ। ਇਹ ਪਵਿੱਤਰ ਕਾਰਜ ਉਹ ਲੋਕ ਕਦੇ ਨਹੀਂ ਕਰ ਸਕਦੇ ਜਿਨ੍ਹਾਂ ਦਾ ਆਪਣਾ ਪਿਛੋਕੜ ਗੈਰ-ਸਮਾਜਿਕ ਅਨਸਰਾਂ ਨਾਲ ਜੁੜਿਆ ਹੋਵੇ। ਇਸ ਲਈ ਹੁਣ ਇਲਾਕੇ ਦੇ ਸਾਫ਼-ਸੁਥਰੇ ਕਿਰਦਾਰ ਵਾਲੇ ਲੋਕਾਂ ਨੇ ਆਪ ਅੱਗੇ ਆ ਕੇ ਇਸ ਐਕਟ ਨੂੰ ਲਾਗੂ ਕਰਵਾਉਣ ਅਤੇ ਨਸ਼ਿਆਂ ਖਿਲਾਫ਼ ਪਹਿਰਾ ਦੇਣ ਦਾ ਜ਼ਿੰਮਾ ਚੁੱਕਿਆ ਹੈ। ਇਸ ਨੇਕ ਕਾਰਜ ਨੂੰ ਪਸੰਦ ਕਰਨ ਵਾਲੇ ਆਮ ਲੋਕਾਂ ਅਤੇ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਹੋਇਆਂ, ਨਸ਼ਿਆਂ ਅਤੇ ਉਹਨਾਂ ਦੇ ਸੌਦਾਗਰਾਂ ਖਿਲਾਫ਼ ਇਸ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਮਿਤੀ 25 ਅਪ੍ਰੈਲ ਨੂੰ ਭਾਈ ਜੋਧ ਹਾਲ ਖਡੂਰ ਸਾਹਿਬ ਵਿਖੇ ਦੁਪਹਿਰ ਸਾਢੇ 12 ਵਜੇ ਵਰਕਰ ਮਿਲਣੀ ਰੱਖੀ ਗਈ ਹੈ, ਜਿਸ ਵਿੱਚ ਉਹ ਸਾਰੇ ਸੁਹਿਰਦ ਲੋਕ ਸ਼ਾਮਲ ਹੋਣਗੇ ਜੋ ਸ੍ਰੀ ਖਡੂਰ ਸਾਹਿਬ ਦੀ ਪਵਿੱਤਰਤਾ ਅਤੇ ਪੰਜਾਬ ਦੀ ਆਉਣ ਵਾਲੀ ਨਸਲ ਦਾ ਫ਼ਿਕਰ ਕਰਦੇ ਹਨ। ਇਸ ਮੀਟਿੰਗ ਵਿਚ ਗੁਰਜੰਟ ਸਿੰਘ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਮਾਸਟਰ ਬਲਦੇਵ ਸਿੰਘ ਮੌਜੂਦਾ ਸਰਪੰਚ, ਸੁਖਵੰਤ ਸਿੰਘ ਬਿੱਲਾ, ਬਖਸ਼ੀਸ਼ ਸਿੰਘ, ਗੁਰਦੀਪ ਸਿੰਘ, ਦਿਲਾਵਰ ਸਿੰਘ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਸਰਵਨ ਸਿੰਘ, ਗੁਰਮੀਤ ਸਿੰਘ, ਜਸਬੀਰ ਸਿੰਘ, ਬਖਸ਼ਿੰਦਰ ਸਿੰਘ, ਦਿਲਾਵਰ ਸਿੰਘ, ਗੁਰਵਿੰਦਰ ਸਿੰਘ ਸ਼ਾਹ, ਜਸਬੀਰ ਸਿੰਘ, ਮੇਜਰ ਸਿੰਘ ਅਤੇ ਗੁਰਦੇਵ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਮੌਜੂਦ ਸਨ।