ਪ੍ਰਕਾਸ਼ ਪੁਰਬ ਸਬੰਧੀ 7ਵੇਂ ਦਿਨ ਦੇ ਸਮਾਗਮ ’ਚ ਵੱਡੀ ਗਿਣਤੀ ’ਚ ਜੁੜੀ ਸੰਗਤ
ਗੁਰਦੁਆਰਾ ਸਿੰਘ ਸਭਾ ਮੁਰਾਦਪੁਰ ਵਿਚ ਹੋਏ ਪ੍ਰਕਾਸ਼ ਪੁਰਬ ਸਬੰਧੀ 7ਵੇਂ ਦਿਨ ਦੇ ਸਮਾਗਮ
Publish Date: Mon, 06 Apr 2026 08:05 PM (IST)
Updated Date: Tue, 07 Apr 2026 04:09 AM (IST)

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ’ਤੇ ਤਰਨਤਾਰਨ ਸ਼ਹਿਰ ਦੇ ਗੁਰੂ ਘਰਾਂ ਵਿਚ ਕਰਵਾਏ ਜਾ ਰਹੇ ਦਸ ਰੋਜਾ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਸੋਮਵਾਰ ਨੂੰ ਗੁਰਦੁਆਰਾ ਸਿੰਘ ਸਭਾ ਮੁਰਾਦਪੁਰ ਵਿਖੇ 7ਵੇਂ ਦਿਨ ਦੇ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਏ ਗਏ। ਇਸ ਦੌਰਾਨ ਵੱਡੀ ਗਿਣਤੀ ਸੰਗਤ ਨੇ ਸਮਾਗਮ ਵਿਚ ਹਾਜਰੀ ਭਰੀ। ਸ਼ਾਮ 6 ਤੋਂ ਰਾਤ ਸਾਢੇ 10 ਵਜੇ ਤਕ ਵੱਖ-ਵੱਖ ਜਥਿਆਂ ਨੇ ਗੁਰਬਾਣੀ ਦੀ ਛਹਿਬਰ ਲਗਾ ਕੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ। ਦੱਸਣਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵਲੋਂ ਕਰਵਾਏ ਜਾ ਰਹੇ ਦਸ ਰੋਜਾ ਗੁਰਮਤਿ ਸਮਾਗਮਾਂ ਵਿਚ ਹਰ ਰੋਜ ਸੰਗਤ ਸ਼ਰਧਾ ਤੇ ਉਤਸ਼ਾਹ ਨਾਲ ਹਾਜਰੀ ਭਰ ਰਹੀ ਹੈ। ਸੋਮਵਾਰ ਨੂੰ 7ਵੇਂ ਦਿਨ ਗੁਰਦੁਆਰਾ ਸਿੰਘ ਸਭਾ ਮੁਰਾਦਪੁਰ ਵਿਖੇ ਕਰਵਾਏ ਗਏ ਸਮਾਗਮ ਮੌਕੇ ਭਾਈ ਜਤਿੰਦਰਪਾਲ ਸਿੰਘ ਸਾਬੀ ਤਰਨਤਾਰਨ, ਭਾਈ ਲਖਮੀਰ ਸਿੰਘ ਕੱਕਾ ਕੰਡਿਆਲਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਹਰਵਿੰਦਰ ਸਿੰਘ ਅੰਮ੍ਰਿਤਸਰ, ਭਾਈ ਸਰਬਜੀਤ ਸਿੰਘ ਢੋਟੀਆਂ ਕਥਾ ਵਾਚਕ ਅਤੇ ਭਾਈ ਗੁਰਵਿੰਦਰ ਸਿੰਘ ਰਿੰਕੂ ਅੰਮ੍ਰਿਤਸਰ ਵਾਲਿਆਂ ਨੇ ਕਥਾ ਅਤੇ ਕੀਰਤਨ ਸਰਵਣ ਕਰਵਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਸਮਾਗਮ ਮੌਕੇ ਭਾਈ ਬਲਵਿੰਦਰ ਸਿੰਘ ਖਜਾਨ, ਭਾਈ ਪ੍ਰਭਜੋਤ ਸਿੰਘ ਗ੍ਰੰਥੀ, ਨਿਰਮਲਜੀਤ ਸਿੰਘ ਮੁੱਖ ਸੇਵਾਦਾਰ, ਸੁਖਦੇਵ ਸਿੰਘ, ਕੁਲਵੰਤ ਸਿੰਘ ਨੰਬਰਦਾਰ, ਸੁਰਿੰਦਰ ਸਿੰਘ, ਹੀਰਾ ਸਿੰਘ, ਬਲਵਿੰਦਰ ਸਿੰਘ ਕੰਗ, ਕੰਵਲਜੀਤ ਸਿੰਘ ਮੁਰਾਦਪੁਰ, ਹਰਦੇਵ ਸਿੰਘ ਅਤੇ ਇਲਾਕੇ ਦੇ ਹੋਰ ਪਤਵੰਤਿਆਂ ਨੇ ਸਮਾਗਮਾਂ ਦੀ ਸਫਲਤਾ ਵਾਸਤੇ ਸ਼ਰਧਾ ਪੂਰਵਕ ਸੇਵਾ ਵੀ ਨਿਭਾਈ। ਇਸ ਮੌਕੇ ਗੁਰੂ ਕੇ ਲੰਗਰ ਜਿਥੇ ਅਤੁੱਟ ਵਰਤਾਏ ਗਏ। ਉਥੇ ਹੀ ਗੁਰਦੁਆਰਾ ਸਾਹਿਬ ਦੀ ਰੌਸ਼ਨੀਆਂ ਨਾਲ ਸਜਾਵਟ ਵੀ ਕੀਤੀ ਗਈ। ਬਾਕਸ- ਅੱਜ ਸ੍ਰੀ ਦਰਬਾਰ ਸਾਹਿਬ ਵਿਚ ਹੋਣਗੇ 8ਵੇਂ ਦਿਨ ਦੇ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਅੱਜ 7 ਅਪ੍ਰੈਲ ਨੂੰ ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਹੋਣ ਵਾਲੇ 8ਵੇਂ ਦਿਨ ਦੇ ਸਮਾਗਮ ਵਿਚ ਮਾਤਾ ਗੰਗਾ ਜੀ ਕੀਰਤਨੀ ਜਥਾ ਬੀਬੀਆਂ, ਭਾਈ ਕੰਵਰਜੀਤ ਸਿੰਘ ਤਰਨਤਾਰਨ, ਭਾਈ ਗੁਰਚਰਨ ਸਿੰਘ ਤਰਨਤਾਰਨ, ਭਾਈ ਰਣਜੀਤ ਸਿੰਘ ਚੰਡੀਗੜ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਬਿ, ਬੀਬੀ ਕੌਲਾਂ ਜੀ ਭਲਾਈ ਕੇਂਦਰ ਅੰਮ੍ਰਿਤਸਰ ਤੋ ਬਾਲ ਫੁਲਵਾੜੀ ਦੇ ਬੱਚੇ, ਅੰਮ੍ਰਿਤਰਸ ਕੀਰਤਨ ਕੌਂਸਲ ਤਰਨਤਾਰਨ, ਭਾਈ ਸਿਮਰਨਜੀਤ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਅਮਨਦੀਪ ਸਿੰਘ ਲੁਧਿਆਣੇ ਵਾਲੇ ਸੰਗਤ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ। ਬਾਕਸ- ਸਰਾਂ ਤੋਂ ਸਜਾਇਆ ਜਾਵੇਗਾ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਅਲੌਕਿਕ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਸਜਾਇਆ ਜਾਵੇਗਾ। ਸਵੇਰੇ 9 ਵਜੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਸਥਾਨ ਸਰਾਂ ਤੋਂ ਆਰੰਭ ਹੋ ਕੇ ਇਹ ਨਗਰ ਕੀਰਤਨ ਵੱਖ-ਵੱਖ ਬਜਾਰਾਂ ਵਿੱਚੋਂ ਹੁੰਦਾ ਹੋਇਆ ਸਰਾਂ ਵਿਚ ਹੀ ਸਮਾਪਤ ਹੋਵੇਗਾ। ਵੱਖ-ਵੱਖ ਬਜਾਰਾਂ ਵਿਚ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕਰਦਿਆਂ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ।