ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ’ਚ ਹੋਈ ਸਜਾਵਟ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ’ਚ ਹੋਈ ਸਜਾਵਟ
Publish Date: Mon, 06 Apr 2026 07:57 PM (IST)
Updated Date: Tue, 07 Apr 2026 04:09 AM (IST)

ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗੁਰੂਘਰ, ਦੀਵਾਨ ਹਾਲ ਵੀ ਸਜਾਇਆ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਸ਼ਹਿਰ ਦੇ ਰਚੇਤਾ, ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ 463ਵੇਂ ਪ੍ਰਕਾਸ਼ ਪੁਰਬ ਮੌਕੇ ਤਰਨਤਾਰਨ ਵਿਚ ਆਰੰਭ ਹੋਏ ਦਸ ਰੋਜਾ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਮੰਗਲਵਾਰ ਤੋਂ ਤਿੰਨ ਦਿਨ ਦੇ ਸਮਾਗਮ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਦੀਵਾਨ ਹਾਲ ਵਿਚ ਹੋਣ ਜਾ ਰਹੇ ਹਨ। ਜਿਸ ਨੂੰ ਲੈ ਕੇ ਗੁਰੂ ਘਰ ਨੂੰ ਜਿਥੇ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ ਹੈ। ਉਥੇ ਹੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਨੀ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਜਦੋਂਕਿ ਦੀਵਾਨ ਹਾਲ ਨੂੰ ਵੀ ਸਜਾਇਆ ਜਾ ਚੁੱਕਾ ਹੈ। ਇਹ ਸਮਾਗਮ ਸ੍ਰੀ ਗੁਰੂ ਅਰਜਨ ਦੇਵ ਜੀ ਕੀਰਤਨ ਦਰਬਾਰ ਸਭਾ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਹਰਜਿੰਦਰ ਸਿੰਘ ਪੱਟੀ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਦੱਸ ਦਈਏ ਕਿ 31 ਮਾਰਚ ਨੂੰ ਪਹਿਲੇ ਦਿਨ ਦੇ ਸਮਾਗਮ ਗੁਰਦੁਆਰਾ ਸ੍ਰੀ ਲਕੀਰ ਸਾਹਿਬ ਤਰਨਤਾਰਨ ਵਿਖੇ ਹੋਏ ਸਨ। ਇਸ ਤੋਂ ਬਾਅਦ 1 ਅਪ੍ਰੈਲ ਨੂੰ ਗੁਰਦੁਆਰਾ ਪੁਲਿਸ ਕਲੋਨੀ ਅੰਮ੍ਰਿਤਸਰ ਰੋਡ, 2 ਅਪ੍ਰੈਲ ਨੂੰ ਗੁਰਦੁਆਰਾ ਭਗਤ ਨਾਮਦੇਵ ਜੀ ਮੁਹੱਲਾ ਟਾਂਕਕੁਸ਼ੱਤਰੀ, 3 ਅਪ੍ਰੈਲ ਨੂੰ ਗੁਰਦੁਆਰਾ ਖੂਹ ਬੀਬੀ ਭਾਨੀ ਜੀ, 4 ਅਪ੍ਰੈਲ ਨੂੰ ਗੁਰਦੁਆਰਾ ਗੁਰੂ ਕਾ ਖੂਹ, 5 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਅਫਸਰ ਐਵੀਨਿਊ ਫੋਕਲ ਪੁਵਾਇੰਟ ਅਤੇ 6 ਅਪ੍ਰੈਲ ਨੂੰ ਗੁਰਦੁਆਰਾ ਸਿੰਘ ਸਭਾ ਮੁਰਾਦਪੁਰਾ ਵਿਖੇ ਸ਼ਾਮ 6 ਤੋਂ ਰਾਤ 10 ਵਜੇ ਤਕ ਗੁਰਮਤਿ ਸਮਾਗਮ ਕਰਵਾਏ ਗਏ। ਜਿਨ੍ਹਾਂ ਵਿਚ ਇਲਾਕੇ ਦੀਆਂ ਸੰਗਤਾਂ ਵੱਲੋਂ ਸ਼ਰਧਾ ਨਾਲ ਹਾਜਰੀ ਭਰੀ ਜਾਵੇਗੀ। ਸੇਵਾਦਾਰਾਂ ਨੇ ਦੱਸਿਆ 7, 8 ਅਤੇ 9 ਅਪ੍ਰੈਲ ਨੂੰ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਗੁਰਮਤਿ ਸਮਾਗਮ ਹੋਣਗੇ। 7 ਅਪ੍ਰੈਲ ਨੂੰ ਸਵੇਰੇ 9 ਵਜੇ ਸ੍ਰੀ ਗੁਰੂ ਅਰਜਨ ਦੇਵ ਜੀ ਨਿਵਾਸ ਅਸਥਾਨ ਸਰਾਂ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਜਦੋਂਕਿ ਸ਼ਾਮ 5 ਤੋਂ ਰਾਤ 11 ਵਜੇ ਤਕ ਸ੍ਰੀ ਦਰਬਾਰ ਸਾਹਿਬ ਦੇ ਦੀਵਾਨ ਹਾਲ ਵਿਚ ਹੋਣ ਵਾਲੇ ਸਮਾਗਮ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। 8 ਅਪ੍ਰੈਲ ਨੂੰ ਸ਼ਾਮ 5 ਤੋਂ ਰਾਤ 12 ਵਜੇ ਤੱਕ ਗੁਰਮਤਿ ਸਮਾਗਮ ਦੀਵਾਨ ਹਾਲ ਵਿਚ ਹੋਵੇਗਾ ਅਤੇ 9 ਅਪ੍ਰੈਲ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਹੋਵੇਗਾ। ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਸੰਗਤ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰੇਗੀ। ਸਵੇਰੇ ਸਾਢੇ 11 ਤੋਂ ਦੁਪਹਿਰ ਸਵਾ 2 ਵਜੇ ਤੱਕ ਕੀਰਤਨ ਤੇ ਗੁਰਮਤਿ ਸਮਾਗਮ ਹੋਵੇਗਾ। ਉਪਰੰਤ ਸ਼ਾਮ 5 ਤੋਂ ਰਾਤ 12 ਵਜੇ ਤਕ ਦੀਵਾਨ ਹਾਲ ਵਿਚ ਹੋਣ ਵਾਲੇ ਗੁਰਮਤਿ ਸਮਾਗਮ ਵਿਚ ਵੀ ਪੰਥ ਪ੍ਰਸਿੱਧ ਜਥੇ ਸੰਗਤ ਨੂੰ ਕਥਾ ਕੀਰਤਨ ਨਾਲ ਨਿਹਾਲ ਕਰਨਗੇ। ਰਾਤ 12 ਵਜੇ ਗੁਰੂ ਸਾਹਿਬ ਉੱਪਰ ਫੁੱਲਾਂ ਦੀ ਵਰਖਾ ਅਤੇ ਆਤਿਸ਼ਬਾਜੀ ਹੋਵੇਗੀ। ਸ੍ਰੀ ਦਰਬਾਰ ਸਾਹਿਬ ਅਤੇ ਪ੍ਰਕਰਮਾਂ ਸਮੇਤ ਦੀਵਾਨ ਹਾਲ ਦੀ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਸਜਾਵਟ ਕੀਤੀ ਗਈ ਹੈ ਅਤੇ ਦੀਵਾਨ ਹਾਲ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ।