ਪੰਜਾਬ ਸਰਕਾਰ ਵਪਾਰੀਆਂ ਦੇ ਹਿੱਤਾਂ ਦੀ ਰੱਖਿਆ ਲਈ ਵਚਨਬੱਧ : ਐੱਸਡੀਐੱਮ
ਪੰਜਾਬ ਸਟੇਟ ਟਰੇਡਰ ਕਮਿਸ਼ਨ ਦੀ ਮੀਟਿੰਗ ’ਚ ਗੈਂਗਸਟਰ ਧਮਕੀਆਂ ਤੋਂ ਲੈ ਕੇ ਬਿਜਲੀ, ਸੁਰੱਖਿਆ ਤੇ ਟਰਾਂਸਪੋਰਟ ਤਕ ਮੁੱਦਿਆਂ ਦੀ ਭਰਮਾਰ
Publish Date: Thu, 19 Mar 2026 06:48 PM (IST)
Updated Date: Fri, 20 Mar 2026 04:13 AM (IST)

ਪੰਜਾਬ ਸਟੇਟ ਟਰੇਡਰ ਕਮਿਸ਼ਨ ਦੀ ਮੀਟਿੰਗ, ਹਰ ਮੰਗ ਦਾ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ ਪੱਤਰ ਪ੍ਰੇਰਕ• ਪੰਜਾਬੀ ਜਾਗਰਣ, ਪੱਟੀ : ਸ਼ਹੀਦ ਸੋਹਣ ਲਾਲ ਪਾਠਕ ਪਾਰਕ, ਪੱਟੀ ਵਿਖੇ ਪੰਜਾਬ ਸਟੇਟ ਟਰੇਡਰ ਕਮਿਸ਼ਨ ਵੱਲੋਂ ਇਕ ਵਿਸ਼ਾਲ ਇੰਟਰੈਕਸ਼ਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਸ਼ਹਿਰ ਅਤੇ ਇਲਾਕੇ ਦੇ ਵਪਾਰੀਆਂ ਨੇ ਵੱਡੀ ਗਿਣਤੀ ਵਿਚ ਹਾਜਰੀ ਭਰਦਿਆਂ ਆਪਣੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਅੱਗੇ ਰੱਖਿਆ। ਮੀਟਿੰਗ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ। ਮੀਟਿੰਗ ਦੌਰਾਨ ਐੱਸਡੀਐੱਮ ਪੱਟੀ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵਪਾਰੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਅਤੇ ਸਰਕਾਰ ਦਾ ਮੁੱਖ ਮਕਸਦ ਵਪਾਰਕ ਮਾਹੌਲ ਨੂੰ ਸੁਰੱਖਿਅਤ, ਸੁਚੱਜਾ ਅਤੇ ਵਿਕਾਸਸ਼ੀਲ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਰਾਹੀਂ ਜਿਥੇ ਵਪਾਰੀਆਂ ਨੂੰ ਆਪਣੀ ਗੱਲ ਸਿੱਧੀ ਤਰ੍ਹਾਂ ਰੱਖਣ ਦਾ ਮੌਕਾ ਮਿਲਦਾ ਹੈ, ਉਥੇ ਹੀ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਹੀ ਹੱਲ ਦੇਣ ਦਾ ਮੌਕਾ ਮਿਲਦਾ ਹੈ। ਇਸ ਮੌਕੇ ਬਿਜਲੀ ਵਿਭਾਗ, ਜੀਐੱਸਟੀ ਵਿਭਾਗ, ਵਾਟਰ ਸਪਲਾਈ ਵਿਭਾਗ, ਪੁਲਿਸ ਵਿਭਾਗ, ਨਗਰ ਕੌਂਸਲ ਅਤੇ ਲੇਬਰ ਵਿਭਾਗ ਦੇ ਨੁਮਾਇੰਦਿਆਂ ਨੇ ਵੀ ਹਾਜਰੀ ਭਰੀ ਅਤੇ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਿਤ ਜਾਣਕਾਰੀ ਸਾਂਝੀ ਕੀਤੀ। ਵਪਾਰੀਆਂ ਵੱਲੋਂ ਉਠਾਏ ਗਏ ਹਰ ਇਕ ਮੁੱਦੇ ਨੂੰ ਧਿਆਨ ਨਾਲ ਸੁਣਿਆ ਗਿਆ ਅਤੇ ਮੌਕੇ ’ਤੇ ਹੀ ਕੁਝ ਸਮੱਸਿਆਵਾਂ ਦੇ ਹੱਲ ਲਈ ਆਦੇਸ਼ ਦਿੱਤੇ ਗਏ। ਇਸ ਮੌਕੇ ’ਤੇ ਵਪਾਰੀਆਂ ਨੇ ਸਭ ਤੋਂ ਗੰਭੀਰ ਮੁੱਦਾ ਗੈਂਗਸਟਰਾਂ ਵੱਲੋਂ ਮਿਲ ਰਹੀਆਂ ਧਮਕੀਆਂ ਦਾ ਉਠਾਇਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਲਾਕੇ ਵਿਚ ਕਈ ਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੁਕਾਨਾਂ ’ਤੇ ਗੋਲੀਆਂ ਚਲਾਉਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ਕਾਰਨ ਵਪਾਰਕ ਵਰਗ ਵਿਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਿਆ ਹੋਇਆ ਹੈ। ਵਪਾਰੀਆਂ ਨੇ ਦੋਸ਼ ਲਗਾਇਆ ਕਿ ਕੁਝ ਮਾਮਲਿਆਂ ਵਿਚ ਪੁਲਿਸ ਵੱਲੋਂ ਸਮੇਂ ਸਿਰ ਕੇਸ ਦਰਜ ਨਹੀਂ ਕੀਤੇ ਗਏ, ਜਿਸ ਨਾਲ ਅਪਰਾਧੀਆਂ ਦੇ ਹੌਸਲੇ ਹੋਰ ਵਧੇ ਹਨ। ਇਸਦੇ ਨਾਲ ਹੀ ਵਪਾਰੀਆਂ ਨੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਰਾਤ ਸਮੇਂ ਪੱਕੇ ਤੌਰ ’ਤੇ ਚੌਕੀਦਾਰ ਤਾਇਨਾਤ ਕੀਤੇ ਜਾਣ ਅਤੇ ਪੁਲਿਸ ਪੈਟਰੋਲਿੰਗ ਨੂੰ ਵਧਾਇਆ ਜਾਵੇ। ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਸੀਸੀਟੀਵੀ ਕੈਮਰਿਆਂ ਦੀ ਸੰਖਿਆ ਵਧਾਈ ਜਾਵੇ, ਤਾਂ ਜੋ ਅਪਰਾਧਿਕ ਘਟਨਾਵਾਂ ’ਤੇ ਨਜ਼ਰ ਰੱਖੀ ਜਾ ਸਕੇ। ਸ਼ਹਿਰ ਦੀਆਂ ਅਧੂਰੀਆਂ ਸਟਰੀਟ ਲਾਈਟਾਂ ਦਾ ਮੁੱਦਾ ਵੀ ਜ਼ੋਰ ਨਾਲ ਉਠਾਇਆ ਗਿਆ। ਵਪਾਰੀਆਂ ਨੇ ਕਿਹਾ ਕਿ ਕਈ ਇਲਾਕਿਆਂ ਵਿਚ ਰਾਤ ਸਮੇਂ ਅੰਧੇਰਾ ਰਹਿੰਦਾ ਹੈ, ਜਿਸ ਨਾਲ ਚੋਰੀ ਅਤੇ ਹੋਰ ਅਪਰਾਧਾਂ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ ਸ਼ਹਿਰ ਵਿਚ ਤੁਰੰਤ ਲਾਈਟਾਂ ਲਗਾ ਕੇ ਰੋਸ਼ਨੀ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। ਇਲਾਕੇ ਦੇ ਟਰਾਂਸਪੋਰਟਰਾਂ ਵੱਲੋਂ ਮਨਮਾਨੀ ਕਰਦਿਆਂ ਵੱਧ ਕਿਰਾਇਆ ਵਸੂਲ ਕਰਨ ਦੀ ਸ਼ਿਕਾਇਤ ਕਰਦਿਆਂ ਵਪਾਰੀਆਂ ਨੇ ਮੰਗ ਕੀਤੀ ਕਿ ਟਰਾਂਸਪੋਰਟ ਦੇ ਕਿਰਾਏ ਨੂੰ ਨਿਰਧਾਰਿਤ ਕੀਤਾ ਜਾਵੇ ਅਤੇ ਇਸ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਇਸ ਤੋਂ ਇਲਾਵਾ ਸ਼ਹਿਰ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀ ਪੂਰੀ ਸ਼ਨਾਖਤ ਅਤੇ ਰਜਿਸਟਰੇਸ਼ਨ ਕਰਨ ਦੀ ਵੀ ਮੰਗ ਉੱਠੀ। ਨੌਜਵਾਨ ਦਿਵਿਆਸ਼ੂ ਤੇਜੀ ਨੇ ਕਿਹਾ ਕਿ ਇਸ ਨਾਲ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇਗਾ। ਲੇਬਰ ਵਿਭਾਗ ਨਾਲ ਸਬੰਧਿਤ ਮੁੱਦਿਆਂ ’ਤੇ ਵੀ ਚਰਚਾ ਹੋਈ, ਜਿਥੇ ਮਜ਼ਦੂਰਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਭਲਾਈ ਲਈ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਜੀਐੱਸਟੀ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਵੀ ਵਪਾਰੀਆਂ ਨੂੰ ਆਪਣੇ ਵਿਭਾਗਾਂ ਨਾਲ ਜੁੜੀਆਂ ਪ੍ਰਕਿਰਿਆਵਾਂ ਬਾਰੇ ਜਾਣੂੰ ਕਰਵਾਇਆ ਅਤੇ ਸਮੱਸਿਆਵਾਂ ਦੇ ਹੱਲ ਲਈ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਐੱਸਡੀਐੱਮ ਅਮਨਦੀਪ ਸਿੰਘ ਨੇ ਸਾਰੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਵਪਾਰੀਆਂ ਨੂੰ ਆਸ਼ਵਾਸਨ ਦਿੱਤਾ ਕਿ ਹਰ ਇਕ ਮੰਗ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਸਬੰਧਿਤ ਵਿਭਾਗਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਪਾਰਕ ਮਾਹੌਲ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਅਣਦੇਖੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਵਪਾਰੀਆਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੀਆਂ ਬੈਠਕਾਂ ਕਰਵਾਈਆਂ ਜਾਣਗੀਆਂ, ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਮੀਨੀ ਪੱਧਰ ’ਤੇ ਕੀਤਾ ਜਾ ਸਕੇ। ਮੀਟਿੰਗ ਦੌਰਾਨ ਵਪਾਰੀਆਂ ਅਤੇ ਅਧਿਕਾਰੀਆਂ ਵਿਚਕਾਰ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ ਗਏ ਅਤੇ ਸਾਰਿਆਂ ਨੇ ਮਿਲਜੁਲ ਕੇ ਸ਼ਹਿਰ ਦੇ ਵਿਕਾਸ ਅਤੇ ਸੁਧਾਰ ਲਈ ਕੰਮ ਕਰਨ ਦੀ ਵਚਨਬੱਧਤਾ ਜਤਾਈ। ਇਸ ਮੌਕੇ ਜੁਗਰਾਜ ਸਿੰਘ ਸੁਪਰਡੈਂਟ ਨਗਰ ਕੌਂਸਲ ਪੱਟੀ, ਗੁਰਬਲਜੀਤ ਸਿੰਘ ਜੇਈ, ਮੰਗਲ ਸਿੰਘ ਜੇਈ, ਰਜਨੀ ਈਟੀਓ, ਕੁਲਦੀਪ ਸਿੰਘ ਏਈਟੀਓ, ਜਸਦੀਪ ਸਿੰਘ ਬੋਪਾਰਾਏ, ਐੱਸਡੀਓ ਸੈਨੇਟਰੀ ਵਿਭਾਗ, ਹਰਮਨਜੀਤ ਸਿੰਘ ਲੇਬਰ ਵਿਭਾਗ, ਸੁਖਜਿੰਦਰ ਸਿੰਘ ਸਟੇਨੋ ਤੋਂ ਇਲਾਵਾ ਪੱਟੀ ਹਲਕੇ ਦੀ ਇਕਾਈ ਦੇ ਚੇਅਰਮੈਨ ਰਮਨ ਸਹਿਗਲ, ਹਰਮਨਜੀਤ ਸਿੰਘ ਮੈਣੀ, ਮੀਡੀਆ ਇੰਚਾਰਜ਼ ਮੋਹਿਤ ਅਰੋੜਾ ਪੱਟੀ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ, ਗੁਰਦੇਵ ਸਿੰਘ ਬੰਟੀ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਦਿਵਿਆਸੂ ਤੇਜੀ, ਸੁਖਦੀਪ ਸਿੰਘ ਸੂਰੀ ਪ੍ਰਧਾਨ, ਹਰਜਿੰਦਰ ਸਿੰਘ ਪੱਪੂ ਸਰਾਫ, ਐਡਵੋਕੇਟ ਰਾਜਨਪ੍ਰੀਤ ਸਿੰਘ ਸੱਗੂ, ਗੁਰਦੀਪ ਸੋਹਲ, ਹਰਮਣ ਮੈਣੀ, ਪਾਰਸ, ਗੁਰਇਕਬਾਲ ਸਿੰਘ ਦਾਸੂਵਾਲ, ਗੁਰਪ੍ਰੀਤ ਸਿੰਘ ਪ੍ਰਿੰਸ ਧੁੰਨਾ, ਧਰਵਿੰਦਰ ਸਿੰਘ ਕੌਂਸਲਰ, ਅਸ਼ੋਕ ਕੁਮਾਰ, ਸੁਰਜੀਤ ਸਿੰਘ ਕੌਂਸਲਰ, ਸੰਜੀਵ ਕੁਮਾਰ ਸੋਨੂੰ, ਰਾਜੇਸ਼ ਸ਼ਰਮਾ, ਕੰਵਲ ਪੁਰੀ, ਨਛੱਤਰ ਸਿੰਘ ਭੁੱਲਰ, ਧਰਵਿੰਦਰ ਸਿੰਘ ਕੋਂਸਲਰ, ਜੱਜ ਸਿੰਘ ਮਾਲੜਾ, ਗੁਰਚੇਤ ਸਿੰਘ ਬਰਾੜ, ਰਣਜੀਤ ਸਿੰਘ ਮਾਹਲਾ, ਹਰਭਜਨ ਸਿੰਘ ਸਹਿਗਲ, ਗੁਰਮੀਤ ਸਿੰਘ ਪੱਪੂ, ਪਲਵਿੰਦਰ ਸਿੰਘ ਪਿੰਦਰ, ਅਵਤਾਰ ਸਿੰਘ, ਮਲਕੀਤ ਸਿੰਘ ਮੱਲੂ, ਧਰਮਵੀਰ ਸਿੰਘ, ਚੰਦਨ ਅਰੋੜਾ, ਸੰਜੀਵ ਅਰੋੜਾ ਸਮੇਤ ਸ਼ਹਿਰ ਨਿਵਾਸੀ ਹਾਜ਼ਰ ਸਨ।