ਮੀਂਹ ਨੇ ਵਧਾਈ ਠੰਡ, ਬਾਜ਼ਾਰਾਂ ’ਚ ਮੰਦੀ ਦਾ ਦੌਰ
ਬਦਲਿਆ ਮੌਸਮ: ਪੱਟੀ ’ਚ ਮੀਂਹ ਨੇ ਵਧਾਈ ਠੰਡ, ਬਾਜ਼ਾਰਾਂ ’ਚ ਮੰਦੀ ਦਾ ਦੌਰ
Publish Date: Thu, 19 Mar 2026 05:17 PM (IST)
Updated Date: Fri, 20 Mar 2026 04:07 AM (IST)

ਲਗਾਤਾਰ ਬਾਰਿਸ਼ ਨਾਲ ਲੋਕ ਘਰਾਂ ਤੱਕ ਰਹੇ ਸੀਮਿਤ ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪਿਛਲੇ ਕੁਝ ਦਿਨਾਂ ਤੋਂ ਮੌਸਮ ਵਿਚ ਆਏ ਅਚਾਨਕ ਬਦਲਾਅ ਕਾਰਨ ਪੱਟੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਠੰਡ ਵੱਧ ਗਈ ਹੈ। ਬੀਤੇ ਦਿਨ ਪਈ ਬਾਰਿਸ਼ ਨੇ ਜਿਥੇ ਇਕ ਪਾਸੇ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਦੂਜੇ ਪਾਸੇ ਬਾਜ਼ਾਰਾਂ ਵਿਚ ਮੰਦੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮੀਂਹ ਪੈਣ ਕਾਰਨ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਸੁੰਨਾਪਾ ਦੇਖਣ ਨੂੰ ਮਿਲਿਆ। ਆਮ ਦਿਨਾਂ ਵਿਚ ਰੌਣਕਾਂ ਨਾਲ ਭਰੇ ਰਹਿਣ ਵਾਲੇ ਬਾਜ਼ਾਰ ਅੱਜ ਖਾਲੀ ਨਜ਼ਰ ਆਏ, ਜਿਸ ਕਾਰਨ ਦੁਕਾਨਦਾਰਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ। ਦੁਕਾਨਦਾਰਾਂ ਹਰਜਿੰਦਰ ਸਿੰਘ, ਮਨੀ ਪੁਰੀ, ਹਰੀਸ਼ ਸੂਦ, ਮੋਹਿਤ ਅਰੋੜਾ ਅਤੇ ਰਾਜਾ ਸੇਠੀ ਨੇ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਰਕੇ ਗਾਹਕ ਘੱਟ ਆ ਰਹੇ ਹਨ, ਜਿਸ ਨਾਲ ਵਿਕਰੀ ’ਤੇ ਸਿੱਧਾ ਅਸਰ ਪਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਅਚਾਨਕ ਵੱਧੀ ਠੰਡ ਕਾਰਨ ਲੋਕਾਂ ਨੂੰ ਦੁਬਾਰਾ ਗਰਮ ਕੱਪੜੇ ਪਹਿਨਣ ਪਏ ਹਨ। ਸਵੇਰੇ ਅਤੇ ਸ਼ਾਮ ਦੇ ਸਮੇਂ ਠੰਡੀ ਹਵਾਵਾਂ ਚੱਲਣ ਕਾਰਨ ਮੌਸਮ ਹੋਰ ਵੀ ਠੰਢਾ ਮਹਿਸੂਸ ਹੋ ਰਿਹਾ ਹੈ। ਕਿਸਾਨ ਵਰਗ ਲਈ ਇਹ ਮੀਂਹ ਮਿਲੀ-ਜੁਲੀ ਪ੍ਰਭਾਵ ਵਾਲਾ ਸਾਬਤ ਹੋ ਰਿਹਾ ਹੈ। ਕੁਝ ਕਿਸਾਨਾਂ ਨੇ ਇਸਨੂੰ ਫ਼ਸਲਾਂ ਲਈ ਲਾਭਦਾਇਕ ਦੱਸਿਆ ਹੈ, ਜਦਕਿ ਹੋਰਾਂ ਨੇ ਕਿਹਾ ਕਿ ਜ਼ਿਆਦਾ ਮੀਂਹ ਨਾਲ ਖੜ੍ਹੀਆਂ ਫ਼ਸਲਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ। ਦੂਜੇ ਪਾਸੇ, ਰੋਜ਼ਾਨਾ ਕੰਮ ਕਰਨ ਵਾਲੇ ਮਜ਼ਦੂਰ ਵਰਗ ਨੂੰ ਵੀ ਮੌਸਮ ਦੇ ਇਸ ਬਦਲਾਅ ਨਾਲ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਹਰਲੇ ਕੰਮ ਰੁਕਣ ਕਾਰਨ, ਉਨ੍ਹਾਂ ਦੀ ਰੋਜ਼ੀ-ਰੋਟੀ ’ਤੇ ਅਸਰ ਪਿਆ ਹੈ।