- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕੋਟ ਧਰਮਚੰਦ ਕਲਾਂ ’ਚ ਕੂੜੇ ਦਾ ਡੰਪ ਬਣਾਉਣ ਨੂੰ ਲੈ ਕੇ ਪੰਚਾਇਤ ਤੇ ਪਿੰਡ ਵਾਸੀ ਆਹਮੋ ਸਾਹਮਣੇ

ਹੱਡਾ ਰੋੜੀ ਵਾਲੀ ਜਗ੍ਹਾ ’ਤੇ ਪੰਚਾਇਤ ਬਣਾ ਰਹੀ ਹੈ ਡੰਪ, ਪਿੰਡ ਦੇ ਲੋਕ ਕਰ ਰਹੇ ਵਿਰੋਧ, ਏਡੀਸੀ ਨੇ ਕਿਹਾ ਜਾਂਚ ਕਰਵਾਈ ਜਾਵੇਗੀ, ਜਿਥੇ ਲੋਕ ਕਹਿਣਗੇ ਉਥੇ ਬਣੇਗਾ ਡੰਪ
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਪਿੰਡ ਕੋਟ ਧਰਮ ਚੰਦ ਕਲਾਂ ਵਿਖੇ ਬਣੇ ਹੱਡਾ ਰੋੜੀ ’ਚ ਕੂੜੇ ਦਾ ਡੰਪ ਬਣਾਉਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਤੇ ਲੋਕ ਆਹਮੋ ਸਾਹਮਣੇ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਵਸਨੀਕ ਕੁਲਬੀਰ ਸਿੰਘ, ਗੁਰਲਾਲ ਸਿੰਘ, ਹਰਪਾਲ ਸਿੰਘ, ਬਚਿੱਤਰ ਸਿੰਘ, ਰਾਮ ਸਿੰਘ, ਚਰਨਜੀਤ ਸਿੰਘ, ਆਤਮਾ ਸਿੰਘ, ਦਲੇਰ ਸਿੰਘ, ਦਲਜੀਤ ਸਿੰਘ, ਗੁਰਸੇਵਕ ਸਿੰਘ ਸੋਨੂੰ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਸੰਦੀਪ ਸਿੰਘ, ਮੇਜਰ ਸਿੰਘ, ਹਰਕੀਰਤ ਸਿੰਘ ਆਦਿ ਨੇ ਕਿਹਾ ਕਿ ਕੋਟ ਧਰਮਚੰਦ ਕਲਾਂ ਤੋਂ ਪਿੰਡ ਗਿੱਲ, ਭੋਜੀਆਂ ਅਤੇ ਜਮਸਤਪੁਰ ਨੂੰ ਜਾਣ ਵਾਲੀ ਸੜਕ ’ਤੇ ਪਹਿਲਾਂ ਹੀ ਪਿੰਡ ਵੱਲੋਂ ਹੱਡਾ ਰੋੜੀ ਬਣਾਈ ਗਈ ਸੀ। ਜਿਥੇ ਅਵਾਰਾ ਕੁੱਤਿਆਂ ਤੋਂ ਲੋਕ ਇਨ੍ਹੇਂ ਪ੍ਰੇਸ਼ਾਨ ਹਨ।
ਕੁੱਤੇ ਪਸ਼ੂਆਂ ਦੀਆਂ ਹੱਡੀਆਂ ਉਨ੍ਹਾਂ ਦੇ ਖੇਤਾਂ ਤੇ ਘਰਾਂ ਨਜ਼ਦੀਕ ਲੈ ਜਾਂਦੇ ਹਨ। ਆਉਣ ਜਾਣ ਵਾਲੇ ਰਾਹਗੀਰਾਂ ਨੂੰ ਵੀ ਡਰ ਲੱਗਾ ਰਹਿੰਦਾ ਹੈ ਕਿ ਕਿਤੇ ਅਵਾਰਾ ਕੁੱਤੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਨਾ ਬਣਾ ਲੈਣ। ਇਸ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਇਸੇ ਜਗ੍ਹਾ ’ਤੇ ਕੂੜੇ ਦਾ ਡੰਪ ਬਣਾਉਣ ਕਰਕੇ ਪਿੰਡ ਵਾਲਿਆਂ ਨੇ ਪੰਚਾਇਤ ਦੇ ਵਿਰੁੱਧ ਕਮਰ ਕੱਸੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਕੂੜੇ ਵਾਸਤੇ ਪਿੰਡ ਦੀ ਫਿਰਨੀ ’ਤੇ ਪਹਿਲਾਂ ਹੀ ਗੜੇ ਬਣੇ ਹੋਏ ਹਨ, ਜਿਨ੍ਹਾਂ ਵਿਚ ਲੋਕ ਕੂੜਾ ਸੁੱਟਦੇ ਹਨ। ਜੇ ਪੰਚਾਇਤ ਨੇ ਕੂੜਾ ਰੱਖਣ ਲਈ ਕੋਈ ਜਗ੍ਹਾ ਬਣਾਉਣੀ ਹੈ ਜਾਂ ਡੰਪ ਬਣਾਉਣਾ ਹੈ ਤਾਂ ਉਹ ਉਨ੍ਹਾਂ ਨੂੰ ਵਰਤੇ ਨਾ, ਕਿ ਪਿੰਡ ਦੀ ਹੱਡਾ ਰੋੜੀ ਦੀ ਜਗ੍ਹਾ।
ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਹੱਡਾ ਰੋੜੀ ਦੇ ਕਰਕੇ ਅਵਾਰਾ ਕੁੱਤਿਆਂ ਤੇ ਬਦਬੂਦਾਰ ਹਵਾ ਚੱਲਣ ਕਰਕੇ ਲੋਕ ਪ੍ਰੇਸ਼ਾਨ ਹਨ ਤੇ ਦੁਬਾਰਾ ਫਿਰ ਉਥੇ ਕੂੜੇ ਦਾ ਡੰਪ ਬਣਨਾ ਇਕ ਤਾਂ ਆਮ ਚਲਦੀ ਸੜਕ ਜਿਥੋਂ ਕਈ ਸਕੂਲਾਂ ਨੂੰ ਬੱਚੇ ਜਾਂਦੇ ਹਨ ਤੋਂ ਲੰਘਣਾ ਮੁਸ਼ਕਿਲ ਹੋ ਜਾਵੇਗਾ। ਉਥੇ ਹੋਰ ਬਦਬੂ ਦੇ ਨਾਲ ਉਨ੍ਹਾਂ ਦਾ ਜੀਉਣਾ ਵੀ ਮੁਸ਼ਕਿਲ ਹੋਵੇਗਾ। ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਿਸ ਜਗ੍ਹਾ ’ਤੇ ਕੂੜੇ ਦੇ ਡੰਪ ਹਨ, ਉਸੇ ਹੀ ਜਗ੍ਹਾ ’ਤੇ ਬਣਾਏ ਜਾਣ, ਨਾ ਕਿ ਹੱਡਾ ਰੋੜੀ ਵਾਲੀ ਜਗ੍ਹਾ ’ਤੇ ਬਣਾਏ ਜਾਣ।
ਬਾਕਸ-
ਹੱਡਾਰੋੜੀ ਵਾਲੀ ਜਗ੍ਹਾ ਦੇ ਇਕ ਪਾਸੇ ਬਣ ਰਹੇ ਡੰਪ : ਸਰਪੰਚ
ਇਸ ਸਬੰਧੀ ਪਿੰਡ ਦੇ ਸਰਪੰਚ ਜਸਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਪਿੰਡ ਵਿਚ ਕੰਮ ਕਰਾਉਣ ਦੇ ਕੋਈ ਵੀ ਸਮੱਰਥ ਨਹੀਂ ਹੈ। ਉਨ੍ਹਾਂ ਵੱਲੋਂ ਪਿੰਡ ਵਿਚ ਕਰਵਾਏ ਜਾ ਰਹੇ ਕੰਮਾਂ ਨੂੰ ਪਹਿਲਾਂ ਵੀ ਕਈਆਂ ਨੇ ਰੋਕਿਆ ਤੇ ਹੁਣ ਫਿਰ ਅੜਿੱਕਾ ਡਾਹ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮਤਾ ਪਾ ਕੇ ਬਕਾਇਦਾ ਵਿਭਾਗ ਨੂੰ ਭੇਜਿਆ ਹੈ ਤੇ ਇਥੇ ਕੂੜੇ ਦਾ ਡੰਪ ਬਣੇਗਾ। ਉਨ੍ਹਾਂ ਇਹ ਵੀ ਕਿਹਾ ਕਿ ਏਡੀਸੀ ਵਿਕਾਸ ਵੱਲੋਂ ਵੀ ਜਲਦੀ ਤੋਂ ਜਲਦੀ ਕੂੜੇ ਦਾ ਡੰਪ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਗੜੇ ਹਨ, ਉਥੇ ਕੂੜੇ ਦਾ ਡੰਪ ਬਣ ਨਹੀਂ ਜਾ ਸਕਦਾ। ਇਸ ਕਰ ਕੇ ਇਸ ਹੱਡਾਰੋੜੀ ਵਾਲੀ ਜਗ੍ਹਾ ਦੇ ਇਕ ਪਾਸੇ ਇਹ ਡੰਪ ਬਣਾਇਆ ਜਾ ਰਿਹਾ।
ਬਾਕਸ
ਪਿੰਡ ਤੇ ਪੰਚਾਇਤ ਦੀ ਸਹਿਮਤੀ ਨਾਲ ਬਣੇਗਾ ਕੂੜੇ ਦਾ ਡੰਪ : ਏਡੀਸੀ
ਇਸ ਸਬੰਧੀ ਏਡੀਸੀ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਫਿਲਹਾਲ ਬਾਹਰ ਹਨ ਤੇ ਇਸ ਮਸਲੇ ਨੂੰ ਪਿੰਡ ਪੱਧਰ ’ਤੇ ਹੀ ਪੰਚਾਇਤ ਨਿਬੇੜੇ, ਉਨ੍ਹਾਂ ਦਾ ਇਸ ਮਸਲੇ ਵਿਚ ਕੋਈ ਦਖਲ ਨਹੀਂ। ਉਨ੍ਹਾਂ ਇਹ ਜ਼ਰੂਰ ਕਿਹਾ ਕਿ ਕੂੜੇ ਦਾ ਡੰਪ ਜੋ ਸਰਕਾਰਾਂ ਵੱਲੋਂ ਪਾਸ ਕੀਤਾ ਗਿਆ ਹੈ, ਉਹ ਕਿਸੇ ਵਿਸ਼ੇਸ਼ ਜਗ੍ਹਾ ਨਹੀਂ ਬਲਕਿ ਜਿਥੇ ਪੰਚਾਇਤ ਤੇ ਪਿੰਡ ਵਾਸੀ ਚਾਹੁੰਦੇ ਹਨ, ਉਥੇ ਬਣਾਇਆ ਜਾਵੇ। ਫਿਰ ਵੀ ਉਹ ਇਸ ਸਬੰਧੀ ਪੜਤਾਲ ਕਰਵਾਉਣਗੇ ਤੇ ਜਿਥੇ ਪਿੰਡ ਵਾਲੇ ਕਹਿਣਗੇ ਉਸੇ ਜਗ੍ਹਾ ’ਤੇ ਹੀ ਕੂੜੇ ਦਾ ਡੰਪ ਬਣਾਇਆ ਜਾਵੇਗਾ।