ਗੁੜ ਵਿਟਾਮਿਨ-ਏ ਤੇ ਵਿਟਾਮਿਨ-ਬੀ ਦਾ ਵਧੀਆ ਸਰੋਤ
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਗੁੜ ਵਾਲੇ ਵੇਲਣੇ ਦਾ ਦੌਰਾ
Publish Date: Thu, 26 Feb 2026 05:23 PM (IST)
Updated Date: Fri, 27 Feb 2026 04:05 AM (IST)

ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕੀਤਾ ਗੁੜ ਵਾਲੇ ਵੇਲਣੇ ਦਾ ਦੌਰਾ, ਗੁੜ ਸਿਹਤ ਲਈ ਵਰਦਾਨ, ਮਿੱਟੀ ਲਈ ਸੰਜੀਵਨੀ : ਡਾ. ਯਾਦਵਿੰਦਰ ਸਿੰਘ ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਗੁੜ ਤੇ ਚੀਨੀ ਦੋਵੇਂ ਗੰਨੇ ਦੇ ਰਸ ਤੋਂ ਬਣਦੇ ਹਨ। ਜਦੋਂ ਚੀਨੀ ਬਣਾਈ ਜਾਂਦੀ ਹੈ ਤਾਂ ਆਇਰਨ, ਪੋਟਾਸ਼ੀਅਮ, ਸਲਫ਼ਰ, ਫਾਸਫੋਰਸ ਅਤੇ ਕੈਲਸ਼ੀਅਮ ਵਰਗੇ ਤੱਤ ਨਸ਼ਟ ਹੋ ਜਾਂਦੇ ਹਨ। ਪਰ ਗੁੜ ਵਿਚ ਇਹ ਤੱਤ ਪੂਰੀ ਮਾਤਰਾ ’ਚ ਮੌਜੂਦ ਹੁੰਦੇ ਹਨ। ਇਹ ਪ੍ਰਗਟਾਵਾਂ ਗੁੜ ਦੀ ਕੁਲਾੜ੍ਹੀ ਨੂੰ ਚੈੱਕ ਕਰਨ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਤੇਜਬੀਰ ਸਿੰਘ ਭੰਗੂ ਨੇ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਗੁੜ ਬਣਾਉਣ ਵਾਲੇ ਵੇਲਣਿਆਂ ’ਤੇ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਹਨ ਕਿ ਕੈਮੀਕਲਾਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਸਾਫ਼-ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸੇ ਲੜੀ ਤਹਿਤ ਖੇਤੀਬਾੜੀ ਅਫ਼ਸਰ ਡਾਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਬਿਹਾਰੀਪੁਰ ਦੇ ਕਿਸਾਨ ਮਨਜਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦੀ ਕੁਲਾੜ੍ਹੀ ਨੂੰ ਚੈੱਕ ਕਰਨ ਸਮੇਂ ਡਾ.ਯਾਦਵਿੰਦਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਆਪਣੀ ਟੀਮ ਸਮੇਤ ਗਏ। ਕਿਸਾਨ ਵਲੋਂ ਕਿਸੇ ਵੀ ਤਰੀਕੇ ਦੀ ਗੁੜ ਵਿਚ ਮਿਲਾਵਟ ਨਹੀਂ ਕੀਤੀ ਜਾਂਦੀ। ਯਾਦਵਿੰਦਰ ਸਿੰਘ ਨੇ ਕਿਸਾਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਬਾਕੀ ਕਿਸਾਨਾਂ ਨੂੰ ਵੀ ਮਨਜਿੰਦਰ ਸਿੰਘ ਕੋਲੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁੜ ਵਿਟਾਮਿਨ-ਏ ਅਤੇ ਵਿਟਾਮਿਨ-ਬੀ ਦਾ ਵਧੀਆ ਸਰੋਤ ਹੈ। ਗੁੜ ਦੇ ਅਜਿਹੇ ਕਈ ਫਾਇਦੇ ਹਨ, ਸਦੀਆਂ ਤੋਂ ਮਿੱਠੇ ਪਕਵਾਨਾਂ ਦਾ ਸਵਾਦ ਵਧਾਉਣ ਵਾਲਾ ਗੁੜ ਹੁਣ ਸੁਪਰਫੂਡ ਦੀ ਸ੍ਰੇਣੀ ਵਿਚ ਆ ਗਿਆ ਹੈ। ਗੁੜ ਦੀ ਵਰਤੋਂ ਨਾ ਸਿਰਫ਼ ਮਿੱਠੇ ਦੀ ਲਾਲਸਾ ਨੂੰ ਸ਼ਾਂਤ ਕਰਨ ਲਈ ਕੀਤੀ ਜਾਂਦੀ ਹੈ, ਸਗੋਂ ਇਸ ਦੇ ਕਈ ਸਿਹਤ ਲਾਭ ਵੀ ਹੁੰਦੇ ਹਨ। ਗੁੜ ਇਕ ਸ਼ਾਨਦਾਰ ਊਰਜਾ ਬੂਸਟਰ ਹੈ, ਜੋ ਮਾਸਪੇਸ਼ੀਆਂ ਵਿਚ ਤਾਕਤ ਭਰਨ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਗੁੜ ਦੇ ਹੋਰ ਫਾਇਦਿਆਂ ਬਾਰੇ ਦੱਸਿਆ ਅਤੇ ਕਿਹਾ ਕਿ ਗੁੜ ਖਾਣ ਨਾਲ ਅਨੀਮੀਆ ਤੋਂ ਮਿਲਦਾ ਹੈ ਛੁਟਕਾਰਾ, ਗੁੜ ਨੂੰ ਆਇਰਨ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ, ਜੋ ਅਨੀਮੀਆ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਐਸਿਡ ਬਣਨਾ, ਪੇਟ ਅਤੇ ਛਾਤੀ ਵਿਚ ਜਲਣ ਦਾ ਕਾਰਨ ਬਣ ਸਕਦਾ ਹੈ। ਗੁੜ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ। ਯਾਦਵਿੰਦਰ ਸਿੰਘ ਨੇ ਦੱਸਿਆ ਕਿ ਗੁੜ ਦੀ ਵਰਤੋਂ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਭੋਜਨ ਤੋਂ ਬਾਅਦ ਗੁੜ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਿਚ ਮਦਦ ਮਿਲਦੀ ਹੈ। ਗੁੜ ਵਿਚ ਸੁਕਰੋਜ਼ ਹੁੰਦਾ ਹੈ, ਜੋ ਭੋਜਨ ਨੂੰ ਹਜ਼ਮ ਕਰਨ ਅਤੇ ਕਬਜ਼ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਿਯਮਤ ਸੇਵਨ ਨਾਲ ਪਾਚਨ ਤੰਤਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ। ਉਨਾਂ ਨੇ ਦੱਸਿਆ ਕਿ ਗੁੜ ਵਧੀਆ ਊਰਜਾ ਦਾ ਸਰੋਤ ਹੈ। ਚੀਨੀ ਦੀ ਬਜਾਏ ਗੁੜ ਦਾ ਸੇਵਨ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਆਪਣੀ ਸਿਹਤ ਠੀਕ ਰੱਖਣ ਲਈ ਕਈ ਲੋਕ ਗੁੜ ਛੋਲਿਆਂ ਦਾ ਸੇਵਨ ਕਰਦੇ ਹਨ। ਦਰਅਸਲ ਗੁੜ ਵਿਚ ਐਨਰਜੀ ਬੂਸਟਰ ਕੰਪਾਊਂਡ ਹੁੰਦੇ ਹਨ, ਜੋ ਮਾਸਪੇਸ਼ੀਆਂ ਦੀ ਥਕਾਵਟ ਨੂੰ ਘਟਾਉਂਦੇ ਹਨ ਅਤੇ ਉਨ੍ਹਾਂ ਨੂੰ ਊਰਜਾਵਾਨ ਬਣਾਉਂਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਹਾਇਕ ਟੈਕਨੋਲੋਜੀ ਮੈਨੇਜਰ ਕਮਲਜੀਤ ਕੌਰ, ਦਰਸ਼ਨ ਸਿੰਘ, ਮਨਜਿੰਦਰ ਸਿੰਘ, ਗੁਰਵਿੰਦਰ ਸਿੰਘ ਅਤੇ ਹੋਰ ਅਗਾਂਹ ਵਧੂ ਕਿਸਾਨ ਹਾਜਰ ਸਨ।