ਠੇਕੇਦਾਰਾਂ ਵੱਲੋਂ ਪੰਚਾਇਤ ਦੇ ਸਰਮਾਏ ਨੂੰ ਲਗਾਇਆ ਜਾ ਰਿਹੈ ਚੂਨਾ
ਪ੍ਰਬੰਧਕ ਲਗਾ ਕੇ ਗੱਗੋਬੂਆ ਪਿੰਡ ’ਚ ਵਲੰਟੀਅਰਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਮਨਮਾਨੀਆਂ
Publish Date: Thu, 12 Feb 2026 06:58 PM (IST)
Updated Date: Fri, 13 Feb 2026 04:09 AM (IST)

ਸਰਪੰਚ ਨੇ ਕਿਹਾ ਗਲੀਆਂ ’ਚੋਂ ਇੱਟਾਂ ਪੁੱਟ ਕੇ ਘਰਾਂ ’ਚ ਖੜੀਆਂ, ਪੰਚਾਇਤੀ ਮਿੱਟੀ ਵੇਚੀ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਸਰਕਾਰ ਵੱਲੋਂ ਆਪਣੇ ਵਲੰਟੀਅਰਾਂ ਨੂੰ ਨਿੱਜੀ ਲਾਭ ਦੇਣ ਕਰਕੇ ਪਿੰਡ ਗੱਗੋਬੂਆ ਵਿਖੇ ਸਰਕਾਰੀ ਅਧਿਕਾਰੀ ਨੂੰ ਪ੍ਰਬੰਧਕ ਲਗਾ ਕੇ ਜਿਥੇ ਪੰਚਾਇਤ ਵਲੋਂ ਪੱਕੇ ਰਸਤਿਆਂ ਤੋਂ ਇੱਟਾਂ ਪੁੱਟ ਕੇ ਘਰਾਂ ’ਚ ਪਹੁੰਚਾਈਆਂ ਗਈਆਂ। ਉਥੇ ਪਿੰਡ ਦੀ ਪੰਚਾਇਤੀ ਜ਼ਮੀਨ ’ਚੋਂ ਬਿਨਾਂ ਕਿਸੇ ਮਾਈਨਿੰਗ ਦੀ ਮਨਜ਼ੂਰੀ ਤੋਂ ਮਿੱਟੀ ਪੁੱਟ ਕੇ ਰਸਤਿਆਂ ’ਤੇ ਪਾਉਣ ਦਾ ਬਹਾਨਾ ਬਣਾ ਕੇ ਨਿੱਜੀ ਠੇਕੇਦਾਰਾਂ ਵੱਲੋਂ ਵੇਚਣ ਦਾ ਦੋਸ਼ ਮੌਜੂਦਾ ਸਰਪੰਚ ਸਾਧੂ ਸਿੰਘ ਨੇ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵਲੋਂ ਪਿੰਡ ਦੀ ਸਾਂਝੀ ਜਗ੍ਹਾ ’ਤੇ ਡੂੰਘੇ ਟੋਏ ਪੁੱਟ ਕੇ ਮਿੱਟੀ ਵੇਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਾਰਨ ਪਹਿਲਾਂ ਮੌਜੂਦਾ ਸਰਕਾਰ ਨੇ ਇਕ ਸਰਕਾਰੀ ਅਧਿਕਾਰੀ ਨੂੰ ਪ੍ਰਬੰਧਕ ਲਗਾ ਦਿੱਤਾ। ਫਿਰ ਕੰਮਾਂ ਦੀ ਵਾਗਡੋਰ ਆਪਣੇ ਵਲੰਟੀਅਰਾਂ ਨੂੰ ਸੌਂਪੀ ਗਈ। ਜਿਸ ਕਾਰਨ ਪੰਚਾਇਤ ਦੇ ਸਰਮਾਏ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਨ੍ਹਾਂ ਵਲੰਟੀਅਰਾਂ ਨੇ ਪਿੰਡ ਦੇ ਰਸਤਿਆਂ ਤੋਂ ਇੱਟਾਂ ਪੁੱਟ ਕੇ ਆਪਣੀਆਂ ਨਿੱਜੀ ਥਾਵਾਂ ’ਤੇ ਲਿਜਾਈਆਂ ਗਈਆਂ। ਫਿਰ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚੋਂ ਬਿਨਾਂ ਕਿਸੇ ਮਤੇ ਦੇ ਤੇ ਬਿਨਾਂ ਕਿਸੇ ਮਾਈਨਿੰਗ ਵਿਭਾਗ ਦੀ ਮਨਜ਼ੂਰੀ ਤੋਂ ਮਿੱਟੀ ਪੁੱਟ ਕੇ ਰਸਤਿਆਂ ’ਤੇ ਪਾਉਣ ਦਾ ਬਹਾਨਾ ਬਣਾ ਕੇ ਵੇਚੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਪੰਚਾਇਤ ਵਿਭਾਗ ਕੋਲੋਂ ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਇਸ ਵਿਚ ਦੋਸ਼ੀ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਤੇ ਪੰਚਾਇਤ ਦੇ ਸਰਮਾਏ ਨੂੰ ਚੂਨਾ ਲੱਗਣ ਤੋਂ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤ ਦੀ ਜ਼ਮੀਨ ਵਿਚ ਪੁੱਟੇ ਜਾਣ ਵਾਲੇ ਟੋਇਆਂ ਵਿਚ ਬਰਸਾਤੀ ਦਿਨਾਂ ’ਚ ਕਈ ਤਰ੍ਹਾਂ ਦੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਬਾਕਸ- ਪਿੰਡ ਦੀਆਂ ਇੱਟਾਂ ਪਿੰਡ ’ਚ ਹੀ ਲੱਗਣਗੀਆਂ : ਪੰਚਾਇਤ ਸੈਕਟਰੀ ਇਸ ਸਬੰਧੀ ਪੰਚਾਇਤ ਸੈਕਟਰੀ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੇ ਵੀ ਆਪਣੇ ਨਿੱਜੀ ਘਰਾਂ ਵਿਚ ਇੱਟਾਂ ਨਹੀਂ ਖੜੀਆਂ। ਜਦੋਂਕਿ ਸਾਂਝੀ ਜਗ੍ਹਾ ’ਤੇ ਉਕਤ ਇੱਟਾਂ ਰੱਖੀਆਂ ਗਈਆਂ ਹਨ। ਕਿਉਂਕਿ ਇੱਟਾਂ ਵਾਲੇ ਰਸਤਿਆਂ ’ਤੇ ਮੰਡੀ ਬੋਰਡ ਵੱਲੋਂ ਸੜਕਾਂ ਬਣਾਈਆਂ ਜਾਣੀਆਂ ਹਨ ਤੇ ਮਿੱਟੀ ਪੁੱਟ ਕੇ ਪਿੰਡ ਦੇ ਰਸਤਿਆਂ ’ਤੇ ਪਾਈ ਗਈ ਹੈ ਨਾ ਕਿ ਕਿਸੇ ਨੇ ਵੇਚੀ ਜਾਂ ਕਿਤੇ ਹੋਰ ਖੜੀ ਹੈ। ਉਨ੍ਹਾਂ ਕਿਹਾ ਕਿ ਪੁੱਟੀਆਂ ਗਈਆਂ ਇੱਟਾਂ ਪਿੰਡ ਵਿਚ ਹੀ ਲਗਾਈਆਂ ਜਾਣਗੀਆਂ।