ਪੀਸੀਐੱਸ 2025 ਪ੍ਰੀਲਿਮਨਰੀ ਪ੍ਰੀਖਿਆ ’ਚ ਸ਼ਾਨਦਾਰ ਰਹੇ ਨਤੀਜੇ
ਨਿਸ਼ਾਨ-ਏ-ਸਿੱਖੀ ਪ੍ਰੀਖਿਆ ਟ੍ਰੇਨਿੰਗ ਸੈਂਟਰ ਦੇ ਪੀਸੀਐੱਸ 2025 ਪ੍ਰੀਲਿਮਨਰੀ ਪ੍ਰੀਖਿਆ ’ਚ ਸ਼ਾਨਦਾਰ ਨਤੀਜੇ
Publish Date: Tue, 13 Jan 2026 05:34 PM (IST)
Updated Date: Wed, 14 Jan 2026 04:04 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਯੋਗ ਅਗਵਾਈ ਹੇਠ ਚੱਲ ਰਹੇ ਨਿਸ਼ਾਨ-ਏ-ਸਿੱਖੀ ਸਿਵਲ ਸੇਵਾਵਾਂ ਪ੍ਰੀਖਿਆ ਟ੍ਰੇਨਿੰਗ ਸੈਂਟਰ ਖਡੂਰ ਸਾਹਿਬ ਦੇ ਸੱਤ ਵਿਦਿਆਰਥੀਆਂ ਨੇ ਪੀਪੀਐੱਸਸੀ ਦੁਆਰਾ ਆਯੋਜਿਤ ਪੀਸੀਐੱਸ 2025 ਪ੍ਰੀਲਿਮਨਰੀ ਪ੍ਰੀਖਿਆ ਪਾਸ ਕੀਤੀ ਹੈ। ਨਿਸ਼ਾਨ-ਏ-ਸਿੱਖੀ ਵਿਖੇ ਯੂਪੀਐੱਸਸੀ/ਪੀਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਦੇ ਮੱਦੇ ਨਜ਼ਰ ਕਾਰਜਸ਼ੀਲ ਇਸ ਸੰਸਥਾ ਦੇ ਵਿਦਿਆਰਥੀਆਂ ਗੁਰਹਿੰਮਤਬੀਰ ਸਿੰਘ, ਚਰਨਪ੍ਰੀਤ ਸਿੰਘ, ਅੰਮ੍ਰਿਤਪਾਲ, ਹਰਦੀਪ ਕੌਰ, ਕਿਰਨਬੀਰ ਕੌਰ, ਪਰਮਪ੍ਰੀਤ ਸਿੰਘ ਅਤੇ ਦਿਲਰਾਜ ਸਿੰਘ ਨੇ 7 ਦਸੰਬਰ 2025 ਨੂੰ ਹੋਈ ਪੰਜਾਬ ਰਾਜ ਸਿਵਲ ਸੇਵਾਵਾਂ ਪੀਸੀਐੱਸ ਪ੍ਰੀਖਿਆ ਦਾ ਪਹਿਲਾ ਪ੍ਰੀਲਿਮਨਰੀ ਪੜਾਅ ਪਾਸ ਕਰਕੇ ਮੇਨਜ਼ ਪ੍ਰੀਖਿਆ ਲਈ ਕੁਆਲੀਫਾਈ ਕਰ ਲਿਆ ਹੈ। ਸੰਸਥਾ ਦੇ ਡਾਇਰੈਕਟਰ ਪ੍ਰੋਫੈਸਰ ਡਾ. ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੀਲਿਮਨਰੀ ਪ੍ਰੀਖਿਆ ਪਾਸ ਕਰਨ ਵਾਲੇ ਇਨ੍ਹਾਂ ਸੱਤ ਵਿਦਿਆਰਥੀਆਂ ਵਿਚੋਂ ਛੇ ਵਿਦਿਆਰਥੀ ਬੀਏ ਸੋਸ਼ਲ ਸਟੱਡੀਜ਼ ਕੋਰਸ ਅਤੇ ਇਕ ਵਿਦਿਆਰਥੀ ਨੇ ਇਕ ਸਾਲਾ ਕੋਰਸ ਦੇ ਅੰਤਰਗਤ ਸੰਸਥਾ ਤੋਂ ਯੂਪੀਐੱਸਸੀ/ਪੀਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਕੀਤੀ ਹੈ। ਉਪਰੋਕਤ ਪ੍ਰਾਪਤੀ ਕਰ ਕੇ ਸੰਸਥਾ ਵਿਖੇ ਟ੍ਰੇਨਿੰਗ ਲੈ ਰਹੇ ਬਾਕੀ ਵਿਦਿਆਰਥੀਆਂ ਦਾ ਮਨੋਬਲ ਹੋਰ ਵੀ ਉੱਚਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੀਖਿਆ ਵਾਸਤੇ 85 ਹਜਾਰ 192 ਵਿਦਿਆਰਥੀਆਂ ਨੇ ਰਜਿਸਟਰ ਕੀਤਾ, ਲਗਭਗ 33 ਹਜਾਰ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 4234 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਮੇਨਜ਼ ਪ੍ਰੀਖਿਆ ਲਈ ਕੁਆਲੀਫਾਈ ਕੀਤਾ ਹੈ। ਸੰਸਥਾ ਦੇ ਮੁਖੀ ਬਾਬਾ ਸੇਵਾ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਸ਼ੀਰਵਾਦ ਦਿੰਦਿਆਂ ਗੁਰੂ ਕਿਰਪਾ ਸਦਕਾ ਅਗਲੇ ਪੜਾਅ ਦੀ ਤਿਆਰੀ ਲਈ ਹੋਰ ਵੀ ਉਤਸ਼ਾਹ ਅਤੇ ਲਗਨ ਨਾਲ ਮਿਹਨਤ ਕਰਨ ਲਈ ਪ੍ਰੇਰਿਆ। ਸੰਸਥਾ ਵਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਮੇਨਜ਼ ਪ੍ਰੀਖਿਆ ਲਈ ਵਿਸ਼ੇਸ਼ ਤਿਆਰੀ ਵੀ ਪ੍ਰਦਾਨ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਿਸ਼ਾਨ-ਏ-ਸਿੱਖੀ ਵਿਖੇ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਬਾਰ੍ਹਵੀਂ ਪਾਸ ਜਾਂ 2026 ਵਿਚ ਪਾਸ ਕਰ ਰਹੇ ਵਿਦਿਆਰਥੀਆਂ ਵਾਸਤੇ ਬੀਏ ਸੋਸ਼ਲ ਸਟੱਡੀਜ਼ ਨਾਲ ਏਕੀਕ੍ਰਿਤ ਚਾਰ ਸਾਲਾ ਯੂਪੀਐੱਸਸੀ ਟ੍ਰੇਨਿੰਗ ਪ੍ਰੋਗਰਾਮ ਅਤੇ ਗ੍ਰੈਜੂਏਟ ਵਿਦਿਆਰਥੀਆਂ ਲਈ ਦੋ ਸਾਲਾ ਯੂਪੀਐੱਸਸੀ ਟ੍ਰੇਨਿੰਗ ਪ੍ਰੋਗਰਾਮ ਚੱਲ ਰਹੇ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਲਈ ਪੇਸ਼ਾਵਰ ਫੈਕਲਟੀ, ਉੱਤਮ ਅਧਿਆਪਨ ਸਮੱਗਰੀ, ਅਨੁਕੂਲ ਵਾਤਾਵਰਨ ਅਤੇ ਸੰਸਾਧਨ ਪ੍ਰਦਾਨ ਕੀਤੇ ਜਾ ਰਹੇ ਹਨ। ਇਨ੍ਹਾਂ ਟ੍ਰੇਨਿੰਗ ਪ੍ਰੋਗਰਾਮਾਂ ਵਿਚ ਵਿਦਿਆਰਥੀਆਂ ਨੂੰ ਯੂਪੀਐੱਸਸੀ ਸਿਵਲ ਸੇਵਾਵਾਂ ਪ੍ਰੀਖਿਆ ਦੀ ਤਿਆਰੀ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਦੁਆਰਾ ਮੁਫ਼ਤ ਪ੍ਰਦਾਨ ਕੀਤੀ ਜਾ ਰਹੀ ਹੈ। ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਵਲੋਂ ਖੱਦਰ ਦੇ ਥੈਲੇ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਬਲਦੇਵ ਸਿੰਘ, ਮੇਜਰ ਜਨਰਲ ਬਲਵਿੰਦਰ ਸਿੰਘ, ਪ੍ਰਿੰਸੀਪਲ ਬਲਵੰਤ ਸਿੰਘ, ਕਰਨਲ ਕੰਵਲਜੀਤ ਸਿੰਘ ਪਾਬਲਾ, ਅਧਿਆਪਕ ਅਤੇ ਹੋਰ ਸਟਾਫ਼ ਹਾਜ਼ਰ ਸੀ।