- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ ਜਾਣ ਦੀ ਚਾਹਤ ’ਚ ਕੁੜੀਆਂ ਹੱਥੋਂ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਲਗਤਾਰ ਵਧਦੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਕਸਬਾ ਝਬਾਲ ਨੇੜਲੇ ਪਿੰਡ ਠੱਠਾ ਤੋਂ ਸਾਹਮਣੇ ਆਇਆ ਹੈ।
ਤੇਜਿੰਦਰ ਸਿੰਘ ਬੱਬੂ•ਪੰਜਾਬੀ ਜਾਗਰਣ, ਝਬਾਲ : ਵਿਦੇਸ਼ ਜਾਣ ਦੀ ਚਾਹਤ ’ਚ ਕੁੜੀਆਂ ਹੱਥੋਂ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਲਗਤਾਰ ਵਧਦੀ ਜਾ ਰਹੀ ਹੈ। ਅਜਿਹਾ ਹੀ ਇਕ ਮਾਮਲਾ ਤਰਨਤਾਰਨ ਦੇ ਕਸਬਾ ਝਬਾਲ ਨੇੜਲੇ ਪਿੰਡ ਠੱਠਾ ਤੋਂ ਸਾਹਮਣੇ ਆਇਆ ਹੈ। ਜਿਥੋਂ ਦੇ ਨੌਜਵਾਨ ਨੇ ਵਿਦੇਸ਼ ਜਾਣ ਲਈ ਚੰਗੇ ਬੈਂਡ ਹਾਸਲ ਕੀਤੀ ਕੁੜੀ ਨਾਲ ਵਿਆਹ ਕਰਵਾਇਆ। ਜੋ ਕਥਿਤ ਤੌਰ ’ਤੇ ਉਸਦੇ ਲੱਖਾਂ ਰੁਪਏ ਖਰਚ ਕਰਵਾ ਕੇ ਵਿਦੇਸ਼ ਤਾਂ ਚਲੀ ਗਈ, ਪਰ ਪੰਜ ਮਹੀਨੇ ਬਾਅਦ ਹੀ ਉਸਨੇ ਪਤੀ ਤੇ ਸਹੁਰੇ ਪਰਿਵਾਰ ਨਾਲੋਂ ਨਾਤਾ ਤੋੜ ਲਿਆ। ਇੰਨਾ ਹੀ ਨਹੀਂ, ਮੁੰਡੇ ਤੇ ਉਸਦੇ ਪਰਿਵਾਰ ਨੇ ਜਦੋਂ ਕੁੜੀ ਦੇ ਮਾਪਿਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਵੀ ਪੱਲਾ ਝਾੜ ਲਿਆ। ਮਾਮਲਾ ਪੁਲਿਸ ਕੋਲ ਪੁੱਜਾ ਤਾਂ ਜਾਂਚ ਉਪਰੰਤ ਕੁੜੀ ਤੇ ਉਸਦੇ ਮਾਪਿਆਂ ਵਿਰੁੱਧ ਥਾਣਾ ਝਬਾਲ ਵਿਖੇ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ ਹੈ।
ਅਕਾਸ਼ਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਠੱਠਾ ਨੇ ਐੱਸਐੱਸਪੀ ਤਰਨਤਾਰਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਕੋਟ ਧਰਚੰਦ ਕਲਾਂ ਵਾਸੀ ਹਰਪ੍ਰੀਤ ਕੌਰ ਤੇ ਜਗਰੂਪ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੀ ਕੁੜੀ ਵਿਮਨਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ ਵਾਸੀ ਪਿੰਡ ਧਾਰੜ ਜ਼ਿਲ੍ਹਾ ਅੰਮ੍ਰਿਤਸਰ ਦਾ ਰਿਸ਼ਤਾ ਉਸ ਨਾਲ ਕਰਵਾਇਆ ਸੀ। ਪੀਟੀਈ ’ਚੋਂ ਚੰਗੇ ਬੈਂਡ ਹਾਸਲ ਵਿਮਨਪ੍ਰੀਤ ਕੌਰ ਮੰਗਣੀ ਵੇਲੇ ਹੀ ਉਸਦੇ ਮਾਪਿਆਂ ਨੇ ਕੁੜੀ ਦੇ ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਉਸਦੇ ਵਿਦੇਸ਼ ਜਾਣ ਦਾ ਜੋ ਵੀ ਖਰਚਾ ਹੋਵੇਗਾ, ਉਹ ਕਰਨਗੇ ਤੇ ਵਿਮਨਪ੍ਰੀਤ ਕੌਰ ਉਸ ਨੂੰ ਵੀ ਵਿਦੇਸ਼ ਬੁਲਾ ਲਵੇਗੀ।
ਫਿਰ 15 ਜਨਵਰੀ 2024 ਨੂੰ ਰੀਤੀ ਰਿਵਾਜ਼ਾਂ ਅਨੁਸਾਰ ਉਨ੍ਹਾਂ ਦਾ ਵਿਆਹ ਹੋ ਗਿਆ। ਵਿਆਹ ’ਤੇ ਵੀ ਉਨ੍ਹਾਂ ਨੇ ਦਸ ਲੱਖ ਦੇ ਕਰੀਬ ਖਰਚਾ ਕੀਤਾ ਅਤੇ ਫਿਰ 24 ਅਪ੍ਰੈਲ 2024 ’ਚ ਵਿਮਨਪ੍ਰੀਤ ਕੌਰ ਨੂੰ 22 ਲੱਖ ਰੁਪਏ ਖਰਚ ਕੇ ਕੈਨੇਡਾ ਭੇਜ ਦਿੱਤਾ। ਕਰੀਬ ਪੰਜ ਮਹੀਨੇ ਵਿਮਨਪ੍ਰੀਤ ਕੌਰ ਉਸ ਨਾਲ ਦੇ ਉਸਦੇ ਮਾਤਾ ਪਿਤਾ ਨਾਲ ਗੱਲਬਾਤ ਕਰਦੀ ਰਹੀ। ਪਰ ਬਾਅਦ ਵਿਚ ਉਸਨੇ ਫੋਨ ਚੁੱਕਣੇ ਬੰਦ ਕਰਨ ਤੋਂ ਇਲਾਵਾ ਨੰਬਰ ਵੀ ਬਲਾਕ ਕਰ ਦਿੱਤੇ। ਉਹ ਵਿਮਨਪ੍ਰੀਤ ਕੌਰ ਦੇ ਪਿਤਾ ਜਗਜੀਤ ਸਿੰਘ ਤੇ ਮਾਤਾ ਹਰਦੀਪ ਕੌਰ ਕੋਲ ਗਏ ਤੇ ਵਿਚੋਲਿਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਨ੍ਹਾਂ ਦਾ ਵਿਆਹ ਤੋਂ ਲੈ ਕੇ ਕੁੜੀ ਨੂੰ ਵਿਦੇਸ਼ ਭੇਜਣ ਤੱਕ 33 ਲੱਖ ਦੇ ਕਰੀਬ ਖਰਚਾ ਹੋਇਆ ਹੈ, ਜੋ ਉਨ੍ਹਾਂ ਨੂੰ ਵਾਪਸ ਦਿੱਤਾ ਜਾਵੇ।
ਪਰ ਉਹ ਅੱਗੋਂ ਧਮਕੀਆਂ ਦੇਣ ਲੱਗੇ। ਇਸ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਚਾਈਲਡ ਐੱਡ ਵੂਮੈਨ ਵੱਲੋਂ ਕੀਤੀ ਗਈ। ਜਿਨ੍ਹਾਂ ਨੇ ਰਿਪੋਰਟ ਸਪਸ਼ਟ ਕੀਤਾ ਕਿ ਜਗਜੀਤ ਸਿੰਘ ਤੇ ਹਰਦੀਪ ਕੌਰ ਨੇ ਮਿਲ ਕੇ ਆਪਣੀ ਲੜਕੀ ਵਿਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਲਈ ਹੀ ਅਕਾਸ਼ਦੀਪ ਸਿੰਘ ਨਾਲ ਉਸਦਾ ਰਿਸ਼ਤਾ ਕੀਤਾ ਸੀ ਤੇ ਉਨ੍ਹਾਂ ਦੇ ਪੈਸੇ ਖਰਚ ਕਰਵਾ ਕੇ ਵਿਦੇਸ਼ ਵੀ ਚਲੀ ਗਈ। ਸਾਫ ਜ਼ਾਹਿਰ ਹੁੰਦਾ ਹੈ ਕਿ ਉਕਤ ਲੋਕਾਂ ਦੀ ਮਨਸ਼ਾ ਕੇਵਲ ਵਿਮਨਪ੍ਰੀਤ ਕੌਰ ਵਿਦੇਸ਼ ਭੇਜਣ ਦੀ ਹੀ ਸੀ। ਉਕਤ ਜਾਂਚ ਰਿਪੋਰਟ ਤੋਂ ਬਾਅਦ ਥਾਣਾ ਝਬਾਲ ਵਿਖੇ ਵਿਮਨਪ੍ਰੀਤ ਕੌਰ, ਉਸਦੇ ਪਿਤਾ ਜਗਜੀਤ ਸਿੰਘ ਅਤੇ ਮਾਤਾ ਹਰਦੀਪ ਕੌਰ ਵਾਸੀ ਧਾਰੜ ਨੂੰ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਇਸ ਕੇਸ ਦੀ ਅਗਲੀ ਜਾਂਚ ਏਐੱਸਆਈ ਸੁਖਵਿੰਦਰ ਸਿੰਘ ਵਲੋਂ ਕੀਤੀ ਜਾ ਰਹੀ ਹੈ।