ਪੱਟੀ ਦੇ ਪਿੰਡ ਸਖੀਰਾ ਵਿਖੇ ਤਾਇਨਾਤ ਸਰਕਾਰੀ ਅਧਿਆਪਕ ਦੀ ਦੋ ਫਰਵਰੀ ਨੂੰ ਹੋਈ ਮੌਤ ਅਚਾਨਕ ਗਲਤ ਦਵਾਈ ਪੀਣ ਨਾਲ ਨਹੀਂ ਬਲਕਿ 20 ਲੱਖ ਦੇ ਕਰੀਬ ਰਾਸ਼ੀ ਦੀ ਧੋਖਾਧੜੀ ਦੇ ਚੱਲਦਿਆਂ ਖੁਦਕੁਸ਼ੀ ਕਰਨ ਨਾਲ ਹੋਈ ਸੀ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਪੱਟੀ ਦੇ ਪਿੰਡ ਸਖੀਰਾ ਵਿਖੇ ਤਾਇਨਾਤ ਸਰਕਾਰੀ ਅਧਿਆਪਕ ਦੀ ਦੋ ਫਰਵਰੀ ਨੂੰ ਹੋਈ ਮੌਤ ਅਚਾਨਕ ਗਲਤ ਦਵਾਈ ਪੀਣ ਨਾਲ ਨਹੀਂ ਬਲਕਿ 20 ਲੱਖ ਦੇ ਕਰੀਬ ਰਾਸ਼ੀ ਦੀ ਧੋਖਾਧੜੀ ਦੇ ਚੱਲਦਿਆਂ ਖੁਦਕੁਸ਼ੀ ਕਰਨ ਨਾਲ ਹੋਈ ਸੀ। ਇਹ ਖੁਲਾਸਾ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧਤ ਉਕਤ ਅਧਿਆਪਕ ਦੇ ਫੋਨ ਦਾ ਲਾਕ ਖੁੱਲ੍ਹਣ ਤੋਂ ਬਾਅਦ ਮਿਲੇ ਸੁਸਾਈਡ ਨੋਟ ਅਤੇ ਵੀਡੀਓ ਕਲਿਪ ਤੋਂ ਹੋਇਆ। ਜਿਸ ਤੋਂ ਬਾਅਦ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਮਹਾਰਾਸ਼ਟਰ ਦੇ ਰਹਿਣ ਵਾਲੇ ਇਕ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਹਰਪ੍ਰੀਤ ਸਿੰਘ ਹੈਪੀ ਪੁੱਤਰ ਅਜੀਤ ਸਿੰਘ ਵਾਸੀ ਪਿੰਡ ਪਾਲੀਵਾਲਾ ਜ਼ਿਲ੍ਹਾ ਫਾਜ਼ਿਲਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ 2 ਅਪ੍ਰੈਲ ਨੂੰ ਉਸਦੀ ਭਰਜਾਈ ਨੇ ਉਸਨੂੰ ਸੂਚਨਾ ਦਿੱਤੀ ਸੀ ਕਿ ਉਸਦਾ ਭਰਾ ਗੁਰਪ੍ਰੀਤ ਸਿੰਘ (31) ਜੋ ਪੱਟੀ ਦੇ ਪਿੰਡ ਸਖੀਰਾ ਵਿਖੇ ਸਥਿਤ ਸਰਕਾਰੀ ਸੀਨੀਅਰ ਸੈਕੰਡਰਰੀ ਸਕੂਲ ’ਚ ਅਧਿਆਪਕ ਤਾਇਨਾਤ ਹੈ ਦੀ ਬੁਖਾਰ ਦੀ ਦਵਾਈ ਦੇ ਭੁਲੇਖੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਤੇ ਬੇਹੋਸ਼ ਹੋ ਗਿਆ ਹੈ। ਜਦੋਂ ਸਾਰਾ ਪਰਿਵਾਰ ਪੱਟੀ ਪੁੱਜਾ ਤਾਂ ਗੁਰਪ੍ਰੀਤ ਸਿੰਘ ਦੀ ਮੌਤ ਹੋ ਚੁੱਕੀ ਸੀ। ਉਸ ਵੇਲੇ ਉਸਦੇ ਪਿਤਾ ਅਜੀਤ ਸਿੰਘ ਤੇ ਹੋਰ ਪਰਿਵਾਰ ਨੇ ਮੌਤ ’ਤੇ ਕੋਈ ਸ਼ੰਕਾ ਜਾਹਿਰ ਨਹੀਂ ਕੀਤੀ।
ਜਿਸ ਦੇ ਚੱਲਦਿਆਂ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਧਾਰਾ 194 ਬੀਐੱਨਐੱਸ ਦੇ ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਤੇ ਪਰਿਵਾਰ ਨੇ ਪਿੰਡ ਪਾਲੀਵਾਲਾ ’ਚ ਅੰਤਿਮ ਸਸਕਾਰ ਵੀ ਕਰ ਦਿੱਤਾ। ਫਿਰ ਜਦੋਂ ਉਸਦੇ ਭਰਾ ਦੇ ਮੋਬਾਈਲ ਦਾ ਕਿਸੇ ਤਰ੍ਹਾਂ ਲਾਕ ਖੋਲ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ ਖੁਦਕੁਸ਼ੀ ਨੋਟ ਦੀ ਫੋਟੋ ਅਤੇ ਉਸਦੇ ਭਰਾ ਵੱਲੋਂ ਖੁਦਕੁਸ਼ੀ ਕਰਨ ਸਬੰਧੀ ਛੋਟਾ ਵੀਡੀਓ ਕਲਿਪ ਮਿਲਿਆ। ਜਿਸ ਵਿਚ ਉਸਦੇ ਭਰਾ ਨੇ ਕਿਰਨ ਪੰਜਾਬਰਾਓ ਕਦਮ ਪੁੱਤਰ ਪੰਜਾਬਰਾਓ ਕਦਮ ਵਾਸੀ ਲੋਲੇਸਵਰ, ਜ਼ਿਲ੍ਹਾ ਹਿੰਗੋਲੀ ਮਹਾਰਾਸ਼ਟਰ ਨੂੰ ਆਪਣੀ ਮੌਤ ਲਈ ਜਿੰਮੇਵਾਰ ਦੱਸਿਆ ਸੀ।
ਜਿਸ ਨੇ ਉਸਦੇ ਭਰਾ ਨੂੰ ਲਾਲਚ ਦੇ ਕੇ ਕਾਫੀ ਸਮੇਂ ਤੋਂ ਵਾਰ-ਵਾਰ ਆਪਣੇ ਖਾਤੇ ਵਿਚ 20 ਲੱਖ ਦੇ ਕਰੀਬ ਰਾਸ਼ੀ ਪਵਾਈ ਸੀ ਅਤੇ ਜਦੋਂ ਉਸਦਾ ਭਰਾ ਪੈਸੇ ਵਾਪਸ ਮੰਗਦਾ ਸੀ ਤਾਂ ਉਹ ਅੱਗੋਂ ਲਾਅਰੇ ਲਗਾ ਰਿਹਾ ਸੀ। ਜਿਸ ਕਰਕੇ ਉਸਦੇ ਭਰਾ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਦੇ ਬਿਆਨਾਂ ’ਤੇ ਕਿਰਨ ਪੰਜਾਬਰਾਓ ਕਦਮ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।