Tarntaran News : ਡੀਜੇ ’ਤੇ ਨੱਚਦਿਆਂ ਚਲਾਈ ਗੋਲ਼ੀ ਨਾਲ ਛੁੱਟੀ ਆਏ ਫ਼ੌਜੀ ਦੀ ਮੌਤ, ਪੰਜ ਦਿਨ ਪਹਿਲਾਂ ਹੋਇਆ ਸੀ ਵਿਆਹ
ਤਰਨਤਾਰਨ ਦੇ ਪਿੰਡ ਮੱਲਮੋਹਰੀ ਵਿਖੇ ਵਿਆਹ ਸਮਾਗਮ ਦੌਰਾਨ ਲੱਗੇ ਡੀਜੇ ’ਤੇ ਨੱਚਦਿਆਂ ਚਲਾਈ ਗਈ ਗੋਲੀ ਨਾਲ ਛੁੱਟੀ ਆਏ ਫ਼ੌਜੀ ਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਅਜੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੇ ਵਿਆਹ ਕਰਕੇ ਹੀ ਛੁੱਟੀ ’ਤੇ ਆਇਆ ਸੀ।
Publish Date: Fri, 30 Jan 2026 06:58 PM (IST)
Updated Date: Fri, 30 Jan 2026 07:04 PM (IST)
ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਮੱਲਮੋਹਰੀ ਵਿਖੇ ਵਿਆਹ ਸਮਾਗਮ ਦੌਰਾਨ ਲੱਗੇ ਡੀਜੇ ’ਤੇ ਨੱਚਦਿਆਂ ਚਲਾਈ ਗਈ ਗੋਲੀ ਨਾਲ ਛੁੱਟੀ ਆਏ ਫ਼ੌਜੀ ਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਅਜੇ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਆਪਣੇ ਵਿਆਹ ਕਰਕੇ ਹੀ ਛੁੱਟੀ ’ਤੇ ਆਇਆ ਸੀ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਗੋਲ਼ੀ ਚਲਾਉਣ ਵਾਲੇ ਵਿਅਕਤੀ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।
ਪ੍ਰਗਟ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਖਡੂਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਲੜਕਾ ਗੁਰਸੇਵਕ ਸਿੰਘ (27) ਜੋ ਭਾਰਤੀ ਫ਼ੌਜ ਵਿਚ ਨੌਕਰੀ ਕਰਦਾ ਹੈ, ਆਪਣੇ ਵਿਆਹ ਕਰਕੇ ਛੁੱਟੀ ’ਤੇ ਆਇਆ ਹੋਇਆ ਸੀ। ਗੁਰਸੇਵਕ ਸਿੰਘ ਵੀਰਵਾਰ ਨੂੰ ਆਪਣੇ ਦੋਸਤ ਜੋਬਨਪ੍ਰੀਤ ਸਿੰਘ ਵਾਸੀ ਮੱਲਮੋਹਰੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ, ਜਿੱਥੇ ਦੇਰ ਰਾਤ ਡੀਜੇ ਉੱਪਰ ਗੁਰਸੇਵਕ ਸਿੰਘ, ਸਰੋਵਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖਡੂਰ ਸਾਹਿਬ ਅਤੇ ਹੋਰ ਰਿਸ਼ਤੇਦਾਰ ਨੱਚ ਰਹੇ ਸਨ।
ਇਸੇ ਦੌਰਾਨ ਸਰੋਵਰ ਸਿੰਘ ਡੱਬ ਵਿੱਚੋਂ ਪਿਸਟਲ ਕੱਢ ਕੇ ਫਾਇਰ ਕਰਨ ਲੱਗਾ ਅਤੇ ਇਕ ਗੋਲ਼ੀ ਉਸਦੇ ਲੜਕੇ ਗੁਰਸੇਵਕ ਸਿੰਘ ਦੇ ਪੇਟ ਵਿਚ ਲੱਗ ਗਈ ਜਿਸ ਨੂੰ ਗੰਭੀਰ ਹਾਲਤ ਵਿਚ ਉਹ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲੈ ਆਇਆ, ਜਿਥੇ ਉਸਨੇ ਦਮ ਤੋੜ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸਰੋਵਰ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੋ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਜਦੋਂਕਿ ਲਾਸ਼ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।