Tarntaran News : ਕਬੱਡੀ ਟੂਰਨਾਮੈਂਟ ਨੂੰ ਲੈ ਕੇ ਸਰਪੰਚ ’ਤੇ ਜਾਨਲੇਵਾ ਹਮਲਾ, ਇਕ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਮਾਮਲਾ ਦਰਜ
ਨਜ਼ਦੀਕੀ ਪਿੰਡ ਬਰਵਾਲਾ ਵਿਖੇ ਪੰਚਾਇਤ ਵੱਲੋਂ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਕਥਿਤ ਤੌਰ ’ਤੇ ਪਿੰਡ ਦੇ ਸਰਪੰਚ ਉਪਰ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਸਰਪੰਚ ਦੇ ਲੜਕੇ ਨੂੰ ਵੀ ਵਟਸਐੱਪ ਕਾਲ ਰਾਹੀਂ ਧਮਕੀਆਂ ਦਿੱਤੀਆਂ।
Publish Date: Sun, 15 Mar 2026 06:19 PM (IST)
Updated Date: Sun, 15 Mar 2026 06:22 PM (IST)
ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਪੱਟੀ : ਨਜ਼ਦੀਕੀ ਪਿੰਡ ਬਰਵਾਲਾ ਵਿਖੇ ਪੰਚਾਇਤ ਵੱਲੋਂ ਕਰਵਾਏ ਜਾਣ ਵਾਲੇ ਕਬੱਡੀ ਟੂਰਨਾਮੈਂਟ ਨੂੰ ਲੈ ਕੇ ਕਥਿਤ ਤੌਰ ’ਤੇ ਪਿੰਡ ਦੇ ਸਰਪੰਚ ਉਪਰ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਸਰਪੰਚ ਦੇ ਲੜਕੇ ਨੂੰ ਵੀ ਵਟਸਐੱਪ ਕਾਲ ਰਾਹੀਂ ਧਮਕੀਆਂ ਦਿੱਤੀਆਂ। ਉਕਤ ਘਟਨਾਕ੍ਰਮ ਸਬੰਧੀ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਬਰਵਾਲਾ ਦੇ ਸਰਪੰਚ ਅਮਰਜੀਤ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 16 ਮਾਰਚ ਨੂੰ ਪਿੰਡ ਬਰਵਾਲਾ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵੱਡੀ ਪੱਤੀ ਵਿਖੇ ਮੇਲਾ ਤੇ ਕਬੱਡੀ ਟੂਰਨਾਮੈਂਟ ਪਿੰਡ ਦੀ ਪੰਚਾਇਤ ਤੇ ਸੰਗਤ ਵੱਲੋਂ ਮਿਲ ਕੇ ਕਰਵਾਇਆ ਜਾਂਦਾ ਹੈ। 11 ਮਾਰਚ ਨੂੰ ਸੁਖਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ, ਕਰਮਜੀਤ ਸਿੰਘ ਪੁੱਤਰ ਬਲਦੇਵ ਸਿੰਘ, ਪ੍ਰਭਜੀਤ ਸਿੰਘ ਪੁੱਤਰ ਹਰਦੇਵ ਸਿੰਘ, ਚਮਕੌਰ ਸਿੰਘ ਪੁੱਤਰ ਸੁਖਦੇਵ ਸਿੰਘ, ਹਰਮਨਦੀਪ ਸਿੰਘ ਪੁੱਤਰ ਜਸਪਾਲ ਸਿੰਘ, ਸੁਖਵਿੰਦਰ ਸਿੰਘ ਪੁੱਤਰ ਮੇਲਾ ਸਿੰਘਵਾਸੀ ਬਰਵਾਲਾ ਤੋਂ ਇਲਾਵਾ ਗੁਰਲਾਲ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨਾਲ ਝਗੜਾ ਕੀਤਾ ਅਤੇ ਬਾਹਰ ਬੈਠ ਕੇ ਪਿੰਡ ਦੇ ਨੌਜਵਾਨਾਂ ਨੂੰ ਪੋਨ ’ਤੇ ਭੜਕਾਇਆ ਕਿ ਪਿੰਡ ਦੀ ਪੰਚਾਇਤ ਨੂੰ ਕਬੱਡੀ ਟੂਰਨਾਮੈਂਟ ਵਿਚ ਨਹੀਂ ਆਉਣ ਦਿੱਤਾ ਜਾਵੇਗਾ।
ਜਿਸ ਤੋਂ ਬਾਅਦ ਹਰਮਨਦੀਪ ਸਿੰਘ ਨੇ ਆਪਣੇ ਸਾਥੀਆਂ ਸਮੇਤ ਉਸਦੇ ਲੜਕੇ ਸ਼ਤਰਪਾਲ ਸਿੰਘ ਤੇ ਉਸਦੇ ਪਿੰਡ ਬਰਵਾਲਾ ਦੇ ਦੋਸਤਾਂ ਨੂੰ ਵਟਸਐਪ ਕਾਲ ’ਤੇ ਧਮਕੀਆਂ ਦਿੱਤੀਆਂ ਕਿ ਮੇਲਾ ਤੇ ਕਬੱਡੀ ਪੰਚਾਇਤ ਨੂੰ ਨਹੀਂ ਕਰਵਾਉਣ ਦੇਣੀ ਤੇ ਉਹ ਕਿਸੇ ਪੰਚਾਇਤ ਨੂੰ ਨਹੀਂ ਮੰਨਦੇ। ਜਿਸ ਤੋਂ ਬਾਅਦ 13 ਮਾਰਚ ਦੀ ਰਾਤ ਕਰੀਬ ਸਾਢੇ 9 ਵਜੇ ਅਣਪਛਾਤੇ ਵਿਅਕਤੀਆਂ ਨੇ ਉਸ ਉੱਪਰ ਗੋਲੀਆਂ ਚਲਾਈਆਂ ਤੇ ਉਸਦੇ ਘਰ ਦੇ ਗੇਟ ’ਤੇ ਵੀ ਫਾਇਰਿੰਗ ਕੀਤੀ। ਜਾਂਚ ਅਧਿਕਾਰੀ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਸਰਪੰਚ ਅਮਰਜੀਤ ਸਿੰਘ ਵੱਲੋਂ ਦਿੱਤੇ ਬਿਆਨਾਂ ’ਚ ਦਰਜ ਸੱਤ ਲੋਕਾਂ ਤੋਂ ਇਲਾਵਾ ਚਾਰ ਅਣਪਛਾਤਿਆਂ ਵਿਰੁੱਧ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਅਗਲੀ ਜਾਂਚ ਜਾਰੀ ਹੈ।