Tarntaran News : ਰੰਜਿਸ਼ ਦੇ ਚਲਦਿਆਂ ਚੱਲੀਆਂ ਗੋਲ਼ੀਆਂ, ਸਕਾਰਪੀਓ ਦੀ ਕੀਤੀ ਭੰਨਤੋੜ
ਥਾਣਾ ਸਦਰ ਪੱਟੀ ਅਧੀਨ ਪੈਂਦੇ ਪੱਟੀ ਮੋੜ ਨੇੜੇ ਸਕਾਰਪੀਓ ਗੱਡੀ ਉੱਪਰ ਤਾਬੜਤੋੜ ਗੋਲੀਆਂ ਚਲਾਉਣ ਅਤੇ ਉਸ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Wed, 03 Jun 2026 09:40 PM (IST)
Updated Date: Wed, 03 Jun 2026 09:43 PM (IST)
ਪੰਜਾਬੀ ਜਾਗਰਣ ਟੀਮ, ਪੱਟੀ, ਕੈਰੋਂ : ਥਾਣਾ ਸਦਰ ਪੱਟੀ ਅਧੀਨ ਪੈਂਦੇ ਪੱਟੀ ਮੋੜ ਨੇੜੇ ਸਕਾਰਪੀਓ ਗੱਡੀ ਉੱਪਰ ਤਾਬੜਤੋੜ ਗੋਲੀਆਂ ਚਲਾਉਣ ਅਤੇ ਉਸ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪੀਬੀ 08 ਈਪੀ 4965 ਨੰਬਰ ਦੀ ਸਕਾਰਪੀਓ ਪੱਟੀ ਮੋੜ ਵੱਲ ਜਾ ਰਹੀ ਸੀ ਕਿ ਕੁਝ ਵਿਅਕਤੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਹਮਲਾਵਰਾਂ ਨੇ ਗੱਡੀ ’ਤੇ ਤਾਬੜਤੋੜ ਗੋਲੀਆਂ ਚਲਾਈਆਂ। ਆਪਣੀ ਜਾਨ ਬਚਾਉਣ ਲਈ ਗੱਡੀ ਚਾਲਕ ਨੇ ਵਾਹਨ ਤੇਜ਼ੀ ਨਾਲ ਭਜਾਇਆ ਅਤੇ ਇੱਕ ਘਰ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹਮਲਾਵਰਾਂ ਨੇ ਸਕਾਰਪੀਓ ਨੂੰ ਘੇਰ ਕੇ ਉਸ ਦੀ ਬੁਰੀ ਤਰ੍ਹਾਂ ਭੰਨਤੋੜ ਕਰ ਦਿੱਤੀ। ਸੂਤਰਾਂ ਅਨੁਸਾਰ ਇਹ ਘਟਨਾ ਚੋਣ ਰੰਜਿਸ਼ ਨਾਲ ਜੁੜੀ ਹੋਈ ਹੈ। ਦੱਸਣਯੋਗ ਹੈ ਕਿ ਬੀਤੀ 24 ਮਈ ਨੂੰ ਪਿੰਡ ਮਾਹਣਕੇ ਦੇ ਸਰਪੰਚ ਅਤੇ ਪੱਟੀ ਨਗਰ ਕੌਂਸਲ ਦੇ ਵਾਰਡ ਨੰਬਰ 17 ਤੋਂ ਆਜ਼ਾਦ ਉਮੀਦਵਾਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ। ਇਸ ਸਬੰਧੀ ਥਾਣਾ ਸਿਟੀ ਪੱਟੀ ਵਿਖੇ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਲਾਕੇ ਵਿਚ ਚਰਚਾ ਹੈ ਕਿ ਉਸੇ ਰੰਜਿਸ਼ ਦੇ ਚਲਦਿਆਂ ਇਹ ਗੋਲੀਕਾਂਡ ਵਾਪਰਿਆ ਹੈ। ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।