Tarntaran News : ਇੰਸਟਾਗ੍ਰਾਮ ਆਈਡੀ ਤੋਂ ਹੋਇਆ ਵਿਵਾਦ, ਫਾਰਚੂਨਰ ਗੱਡੀ ’ਤੇ ਕੀਤੀ ਫਾਇਰਿੰਗ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲਾ ਕੋਲ ਫਾਰਚੂਨਰ ਗੱਡੀ ’ਤੇ ਸਵਾਰ ਇਕ ਨੌਜਵਾਨ ਉੱਪਰ ਕਥਿਤ ਤੌਰ ’ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਹਮਲੇ ਦੌਰਾਨ ਗੱਡੀ ਵਿਚ ਗੋਲ਼ੀਆਂ ਲੱਗਣ ਦੇ ਬਾਵਜੂਦ ਉਹ ਵਾਲ ਵਾਲ ਬਚ ਗਿਆ।
Publish Date: Mon, 19 Jan 2026 05:16 PM (IST)
Updated Date: Mon, 19 Jan 2026 05:19 PM (IST)
ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲਾ ਕੋਲ ਫਾਰਚੂਨਰ ਗੱਡੀ ’ਤੇ ਸਵਾਰ ਇਕ ਨੌਜਵਾਨ ਉੱਪਰ ਕਥਿਤ ਤੌਰ ’ਤੇ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਹਮਲੇ ਦੌਰਾਨ ਗੱਡੀ ਵਿਚ ਗੋਲ਼ੀਆਂ ਲੱਗਣ ਦੇ ਬਾਵਜੂਦ ਉਹ ਵਾਲ ਵਾਲ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਇੰਸਟਾਗ੍ਰਾਮ ਦੀ ਕਿਸੇ ਪੋਸਟ ਨੂੰ ਲੈ ਕੇ ਕੀਤਾ ਗਿਆ ਸੀ। ਦੂਜੇ ਪਾਸੇ ਥਾਣਾ ਖਾਲੜਾ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਦੋ ਜਣਿਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਰਬਾਰਾ ਸਿੰਘ ਪੁੱਤਰ ਮੇਲਾ ਸਿੰਘ ਵਾਸੀ ਕਲਸੀਆਂ ਖੁਰਦ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਜਗਮੀਤ ਸਿੰਘ, ਗਮਰੁੱਖ ਸਿੰਘ ਵਾਸੀ ਕਲਸੀਆਂ ਖੁਰਦ ਅਤੇ ਗੁਰਜੰਟ ਸਿੰਘ ਵਾਸੀ ਦੋਦੇ ਨਾਲ ਆਪਣੀ ਗੱਡੀ ਫਾਰਚੂਨਰ ਨੰਬਰ ਪੀਬੀ18 ਐਕਸ 0005 ’ਤੇ ਸਵਾਰ ਹੋ ਕੇ ਦਿੱਲੀ ਤੋਂ ਵਾਪਸ ਘਰ ਆ ਰਿਹਾ ਸੀ। ਬਾਅਦ ਦੁਪਹਿਰ ਕਰੀਬ ਤਿੰਨ ਵਜੇ ਜਦੋਂ ਉਹ ਨਾਰਲਾ ਪਿੰਡ ਕੋਲ ਪੁੱਜੇ ਤਾਂ ਪਿੱਛੋਂ ਸਵਿਫਟ ਕਾਰ ਆਈ, ਜਿਸ ਵਿਚ ਚਾਲਕ ਦੀ ਸੀਟ ਨਾਲ ਬੈਠੇ ਵਿਅਕਤੀ ਨੇ ਉਨ੍ਹਾਂ ਦੀ ਗੱਡੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸਨੇ ਦੱਸਿਆ ਕਿ ਗੱਡੀ ਵਿਚ ਤਿੰਨ ਗੋਲ਼ੀਆਂ ਲੱਗੀਆਂ।
ਜਦੋਂਕਿ ਉਹ ਇਸ ਜਾਨਲੇਵਾ ਹਮਲੇ ਵਿਚ ਵਾਲ ਵਾਲ ਬਚੇ ਹਨ। ਦਰਬਾਰਾ ਸਿੰਘ ਨੇ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਉਸਦੇ ਭਤੀਜੇ ਮੁਤਾਬਿਕ ਗੋਲ਼ੀਆਂ ਚਲਾਉਣ ਵਾਲਾ ਚੰਦਨਪ੍ਰੀਤ ਸਿੰਘ ਪੁੱਤਰ ਕਰਨਜੀਤ ਸਿੰਘ ਵਾਸੀ ਵਾਂ ਤਾਰਾ ਸਿੰਘ ਸੀ। ਜਿਸ ਨਾਲ ਕਿਸੇ ਲੜਕੀ ਦੀ ਇੰਸਟਾਗ੍ਰਾਮ ਆਈਡੀ ਤੋਂ ਕੁਝ ਸਮਾਂ ਪਹਿਲਾਂ ਝਗੜਾ ਹੋਇਆ ਸੀ। ਜਿਸ ਸਬੰਧੀ ਪਿੰਡ ਦੇ ਮੋਹਤਬਰਾਂ ਨੇ ਰਾਜੀਨਾਮਾ ਕਰਵਾ ਦਿੱਤਾ। ਪਰ ਉਹ ਇਸੇ ਗੱਲ ਦੀ ਰੰਜਿਸ਼ ਰੱਖਦਾ ਆ ਰਿਹਾ ਸੀ।
ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਫਾਰਚੂਨਰ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਦੋ ਖੋਲ੍ਹ ਵੀ ਮੌਕੇ ਤੋਂ ਬਰਾਮਦ ਹੋਏ ਹਨ। ਜਦੋਂਕਿ ਚੰਦਨਪ੍ਰੀਤ ਸਿੰਘ ਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਜਾਨਲੇਵਾ ਹਮਲਾ ਕਰਨ ਤੇ ਅਸਲ੍ਹਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।