Tarntaran News : ਵਾਲੀਵਾਲ ਖੇਡਣ ਤੋਂ ਹੋਏ ਝਗੜੇ ’ਚ ਚੱਲੀਆਂ ਗੋਲ਼ੀਆਂ ਤੇ ਤੇਜ਼ਧਾਰ ਹਥਿਆਰ,ਸੱਤ ਸਾਲ ਦੇ ਬੱਚੇ ਤੇ ਔਰਤ ਸਣੇ ਚਾਰ ਜਣੇ ਜ਼ਖ਼ਮੀ
ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਲਸ ਵਿਖੇ ਵਾਲੀਵਾਲ ਖੇਡਣ ਤੋਂ ਹੋਏ ਝਗੜੇ ਦੌਰਾਨ ਗੋਲ਼ੀਆਂ ਅਤੇ ਤੇਜ਼ਧਾਰ ਹਥਿਆਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚੱਲਦਿਆਂ ਸੱਤ ਸਾਲਾ ਬੱਚੇ ਅਤੇ ਔਰਤ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ।
Publish Date: Mon, 09 Feb 2026 09:22 PM (IST)
Updated Date: Mon, 09 Feb 2026 09:27 PM (IST)
ਤੇਜਿੰਦਰ ਸਿੰਘ ਬੱਬੂ,•ਪੰਜਾਬੀ ਜਾਗਰਣ, ਝਬਾਲ : ਥਾਣਾ ਸਰਾਏ ਅਮਾਨਤ ਖਾਂ ਅਧੀਨ ਆਉਂਦੇ ਪਿੰਡ ਕਲਸ ਵਿਖੇ ਵਾਲੀਵਾਲ ਖੇਡਣ ਤੋਂ ਹੋਏ ਝਗੜੇ ਦੌਰਾਨ ਗੋਲ਼ੀਆਂ ਅਤੇ ਤੇਜ਼ਧਾਰ ਹਥਿਆਰਾਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੇ ਚੱਲਦਿਆਂ ਸੱਤ ਸਾਲਾ ਬੱਚੇ ਅਤੇ ਔਰਤ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋਏ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਉਨ੍ਹਾਂ ਵੱਲੋਂ ਸਰਕਾਰੀ ਸਕੂਲ ਕਲਸ ਵਿਖੇ ਲਗਾਏ ਵਾਲੀਵਾਲ ਦੇ ਨੈੱਟ ’ਤੇ ਖੇਡਣ ਨੂੰ ਲੈਕੇ ਉਨ੍ਹਾਂ ਦਾ ਝਗੜਾ ਪਿੰਡ ਦੇ ਲਵਪ੍ਰੀਤ ਸਿੰਘ ਨਾਲ ਹੋ ਗਿਆ।
ਲਵਪ੍ਰੀਤ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਕੇ ਰਾਤ ਨੂੰ ਉਨ੍ਹਾਂ ਦੇ ਘਰ ਆ ਕੇ ਗਾਲੀ ਗਲੋਚ ਕੀਤਾ ਅਤੇ ਉਨ੍ਹਾਂ ਉੱਪਰ ਗੋਲੀ ਚਲਾ ਦਿੱਤੀ। ਜਿਸ ਨਾਲ ਉਸਦੇ ਸੱਤ ਸਾਲ ਦੇ ਬੇਟੇ ਦੀ ਅੱਖ ਵਿਚ ਗੋਲੀ ਦਾ ਛਰਾ ਵੱਜਾ। ਇਸ ਤੋਂ ਇਲਾਵਾ ਉਸਦੀ ਪਤਨੀ ਨਵਪ੍ਰੀਤ ਕੌਰ ਅਤੇ ਉਸਦੇ ਵੀ ਗੋਲੀ ਦੇ ਛਰੇ ਲੱਗੇ ਹਨ। ਉਸਦੇ ਲੜਕੇ ਦੀ ਅੱਖ ਵਿਚ ਸ਼ਰਾ ਲੱਗਣ ਕਰਕੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਦੋਂ ਕਿ ਉਹ ਤੇ ਉਸਦੀ ਪਤਨੀ ਕਸੇਲ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਹਨ।
ਦੂਜੀ ਧਿਰ ਦੇ ਜਖ਼ਮੀ ਨੇ ਲਗਾਏ ਹਮਲਾ ਕਰਨ ਦੇ ਦੋਸ਼
ਦੂਸਰੀ ਧਿਰ ਦੇ ਲਵਪ੍ਰੀਤ ਸਿੰਘ ਜੋ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਹੋਇਆ ਹੈ, ਨੇ ਦੱਸਿਆ ਕਿ ਉਨ੍ਹਾਂ ਦਾ ਝਗੜਾ ਵਾਲੀਬਾਲ ਖੇਡਣ ਨੂੰ ਲੈ ਕੇ ਹੋਇਆ ਸੀ ਅਤੇ ਬਾਅਦ ਵਿਚ ਜਦੋਂ ਉਨ੍ਹਾਂ ਦੇ ਰਿਸ਼ਤੇਦਾਰ ਝਗੜਾ ਸੁਣ ਕੇ ਆਏ ਸਨ। ਉਹ ਉਸ ਨੂੰ ਗੱਡੀ ਵਿਚ ਲੈ ਕੇ ਚੱਲੇ ਸੀ, ਤਾਂ ਜੋ ਰਾਤ ਨੂੰ ਫਿਰ ਝਗੜਾ ਨਾ ਹੋਵੇ। ਪਰ ਅੰਮ੍ਰਿਤਬੀਰ ਸਿੰਘ ਅਤੇ ਉਸਦੇ ਪਿਤਾ ਬਹਾਲ ਸਿੰਘ ਨੇ ਉਨ੍ਹਾਂ ਦੀ ਗੱਡੀ ਰਸਤੇ ਵਿਚ ਰੋਕ ਕੇ ਉਨ੍ਹਾਂ ’ਤੇ ਹਮਲਾ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਜ਼ਖ਼ਮੀ ਕਰ ਦਿੱਤਾ।
ਇਨ੍ਹਾਂ ਹੀ ਨਹੀਂ ਉਸਦੇ ਰਿਸ਼ਤੇਦਾਰ ਦੀ ਦਸਤਾਰ ਵੀ ਲਾਹ ਦਿੱਤੀ। ਜ਼ਖਮੀ ਹਾਲਤ ’ਚ ਉਸ ਨੂੰ ਰਿਸ਼ਤੇਦਾਰਾਂ ਨੇ ਹਸਪਤਾਲ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਮੁਖੀ ਬਲਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਿਸ ਵੱਲੋਂ ਦੋਵਾਂ ਧਿਰਾਂ ਦੇ ਜ਼ਖਮੀ ਵਿਅਕਤੀਆਂ ਦੇ ਬਿਆਨ ਲਏ ਜਾ ਰੇਹ ਹਨ। ਜਿਸਦੇ ਅਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।