- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਈਲੈਟਸ ਦਾ ਟੈਸਟ ਪਾਸ ਨਾ ਕਰ ਸਕਣ ਵਾਲੇ ਪੁੱਤਰ ਨੂੰ ਵਿਦੇਸ਼ ਭੇਜਣ ਦੀ ਚਾਹਤ ’ਚ ਪੰਜਾਬ ਪੁਲਿਸ ਦਾ ਕਰਮਚਾਰੀ 40 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਇੰਨਾ ਹੀ ਨਹੀਂ ਵਿਦੇਸ਼ ਤੋਂ ਪਰਤੀ ਪੁੱਤ ਦੀ ਪਤਨੀ ਕਿਸੇ ਵਿਆਹ ’ਚ ਜਾਣ ਦਾ ਕਹਿ ਕੇ ਕਥਿਤ ਤੌਰ ’ਤੇ ਪੰਜ ਤੋਲੇ ਸੋਨੇ ਦੇ ਗਹਿਣੇ ਵੀ ਲੈ ਗਈ।
ਪੱਤਰ ਪ੍ਰੇਰਕ•ਪੰਜਾਬੀ ਜਾਗਰਣ, ਤਰਨਤਾਰਨ : ਆਈਲੈਟਸ ਦਾ ਟੈਸਟ ਪਾਸ ਨਾ ਕਰ ਸਕਣ ਵਾਲੇ ਪੁੱਤਰ ਨੂੰ ਵਿਦੇਸ਼ ਭੇਜਣ ਦੀ ਚਾਹਤ ’ਚ ਪੰਜਾਬ ਪੁਲਿਸ ਦਾ ਕਰਮਚਾਰੀ 40 ਲੱਖ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਇੰਨਾ ਹੀ ਨਹੀਂ ਵਿਦੇਸ਼ ਤੋਂ ਪਰਤੀ ਪੁੱਤ ਦੀ ਪਤਨੀ ਕਿਸੇ ਵਿਆਹ ’ਚ ਜਾਣ ਦਾ ਕਹਿ ਕੇ ਕਥਿਤ ਤੌਰ ’ਤੇ ਪੰਜ ਤੋਲੇ ਸੋਨੇ ਦੇ ਗਹਿਣੇ ਵੀ ਲੈ ਗਈ। ਉਕਤ ਪੁਲਿਸ ਕਰਮਚਾਰੀ ਨੇ ਮਾਮਲੇ ਦੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਦਿੱਤੀ ਅਤੇ ਜਾਂਚ ਤੋਂ ਬਾਅਦ ਪੁਲਿਸ ਨੇ ਠੱਗੀ ਮਾਰਨ ਦੇ ਕਥਿਤ ਦੋਸ਼ ਹੇਠ ਲੜਕੀ ਤੇ ਉਸਦੇ ਮਾਤਾ ਪਿਤਾ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਤਰਨਤਾਰਨ ਦੀ ਪੁਲਿਸ ਲਾਈਨ ਦੇ ਕੁਵਾਟਰ ਵਿਚ ਰਹਿੰਦੇ ਪਿੰਡ ਸ਼ਹਾਬਾਜਪੁਰ ਵਾਸੀ ਪੁਲਿਸ ਕਰਮਚਾਰੀ ਮਨਜਿੰਦਰ ਸਿੰਘ ਪੁੱਤਰ ਲੱਖਾ ਸਿੰਘ ਨੇ 10 ਜੁਲਾਈ 2025 ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਲੜਕਾ ਰਮਣੀਕ ਸਿੰਘ 12ਵੀਂ ਤੱਕ ਪੜਿਆ ਹੈ ਤੇ ਉਹ ਵਿਦੇਸ਼ ਜਾਣਾ ਚਾਹੁੰਦਾ ਸੀ। ਸ਼ੋਸ਼ਲ ਮੀਡੀਆ ’ਤੇ ਉਸਦੀ ਦੋਸਤੀ ਸੰਜਮਪ੍ਰੀਤ ਕੌਰ ਨਾਲ ਹੋ ਗਈ। ਸੰਜਮਪ੍ਰੀਤ ਕੌਰ ਚੰਗੀ ਜਾਣਦਾ ਸੀ ਕਿ ਰਮਣੀਕ ਸਿੰਘ ਵਿਦੇਸ਼ ਜਾਣਾਾ ਚਾਹੁੰਦਾ ਹੈ ਪਰ ਉਸ ਦੇ ਬੈਂਡ ਨਹੀਂ ਆਏ। ਜਿਸ ਕਰਕੇ ਉਹ ਵਿਦੇਸ਼ ਨਹੀ ਜਾ ਪਾ ਰਿਹਾ। ਇਸੇ ਦਾ ਫਾਇਦਾ ਚੁੱਕਣ ਦੀ ਨੀਅਤ ਨਾਲ ਸੰਜਮਪ੍ਰੀਤ ਕੌਰ ਨੇ ਆਪਣੇ ਪਿਤਾ ਜਸਬੀਰ ਸਿੰਘ ਅਤੇ ਮਾਤਾ ਕੁਲਦੀਪ ਕੌਰ ਨਾਲ ਮਿਲ ਕੇ ਸਾਜਿਸ਼ ਰਚੀ ਅਤੇ ਉਸਦੇ ਲੜਕੇ ਨੂੰ ‘ਕੰਟਰੈਕਟ ਮੈਰਿਜ’ ਰਾਂਹੀ ਵਿਦੇਸ਼ ਲਿਜਾਣ ਵਾਸਤੇ ਖਰਚਾ ਕਰਨ ਦੀ ਪੇਸ਼ਕਸ਼ ਕੀਤੀ।
ਸੰਜਮਪ੍ਰੀਤ ਕੌਰ ਰਮਣੀਕ ਸਿੰਘ ਨਾਲ ਕੰਟਰੈਕਟ ਮੈਰਿਜ ਕਰਕੇ ਵਿਦੇਸ਼ ਚਲੀ ਗਈ। ਜਿਸ ਤੋਂ ਬਾਅਦ ਵੀ ਉਨ੍ਹਾਂ ਨੇ ਵੱਖ-ਵੱਖ ਖਾਤਿਆਂ ਵਿੱਚੋਂ ਉਸਦੀ ਫੀਸ ਤੇ ਹੋਰ ਖਰਚਿਆਂ ਲਈ ਪੈਸੇ ਭੇਜੇ। ਉਸ ਨੂੰ ਵਿਦੇਸ਼ ਭੇਜਣ ਲਈ ਸਾਰਾ ਖਰਚਾ ਵੀ ਉਨ੍ਹਾਂ ਨੇ ਹੀ ਕੀਤਾ ਸੀ। ਫਿਰ ਉਹ ਵਾਪਸ ਆ ਗਈ ਤਾਂ ਵਾਪਸੀ ਦਾ ਸਾਰਾ ਖਰਚਾ ਵੀ ਉਨ੍ਹਾਂ ਨੇ ਕੀਤਾ। ਫਿਰ ਇਕ ਦਿਨ ਉਸਨੇ ਕਿਸੇ ਵਿਆਹ ’ਤੇ ਜਾਣ ਦਾ ਕਹਿ ਕੇ ਪੰਜ ਤੋਲੇ ਸੋਨੇ ਦੇ ਗਹਿਣੇ ਲੈ ਗਈ ਅਤੇ ਫਿਰ ਵਾਪਸ ਨਾ ਪਰਤੀ। ਉਨ੍ਹਾਂ ਨੇ ਉਸਦਾ ਪਾਸਪੋਰਟ ਤੇ ਹੋਰ ਦਸਤਾਵੇਜ ਮੰਗੇ ਤਾਂ ਉਸ ਨੇ ਦੱਸਿਆ ਕਿ ਉਹ ਨੇ ਪੜਾਈ ਛੱਡ ਆਈ ਹੈ।
ਉਨ੍ਹਾਂ ਆਪਣੇ ਪੈਸੇ ਵਾਪਸ ਮੰਗੇ ਤੇ ਕਈ ਵਾਰ ਪੰਚਾਇਤਾਂ ਬੈਠਣ ’ਤੇ ਵੀ ਕੋਈ ਸਹਿਮਤੀ ਨਾ ਬਣੀ। ਇਸੇ ਵਿਚ ਹੀ ਉਕਤ ਲੋਕਾਂ ਨੇ ਪੈਸੇ ਹੜੱਪਣ ਦੀ ਨੀਯਤ ਨਾਲ ਅਦਾਲਤ ਵਿਚ ਤਲਾਕ ਦਾ ਕੇਸ ਪਾ ਦਿੱਤਾ। ਉਨ੍ਹਾਂ ਸ਼ਿਕਾਇਤ ਵਿਚ ਦੋਸ਼ ਲਗਾਇਆ ਕਿ ਸ਼ੁਰੂ ਤੋਂ ਹੀ ਉਨ੍ਹਾਂ ਦੀ ਨੀਅਤ ਠੱਗੀ ਮਾਰਨ ਦੀ ਸੀ ਅਤੇ ਉਕਤ ਲੋਕ ਉਨ੍ਹਾਂ ਨਾਲ 40 ਲੱਖ ਤੋਂ ਵੱਧ ਦੀ ਠੱਗੀ ਕਰ ਗਏ ਹਨ। ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਥਾਣਾ ਸਿਟੀ ਤਰਨਤਾਰਨ ਵਿਖੇ ਦਰਜ ਕੀਤੇ ਗਏ ਕੇਸ ’ਚ ਸੰਜਮਪ੍ਰੀਤ ਕੌਰ, ਉਸਦੇ ਪਿਤਾ ਜਸਬੀਰ ਸਿੰਘ ਅਤੇ ਮਾਤਾ ਕੁਲਦੀਪ ਕੌਰ ਵਾਸੀ ਪਿੰਡ ਜਮਾਲਪੁਰ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੀ ਜਾਂਚ ਏਐੱਸਆਈ ਕਿਰਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ।