ਵੱਖ ਵੱਖ ਕੇਸਾਂ ਵਿਚ ਲੁੜੀਂਦੇ ਤਿੰਨ ਵਿਅਕਤੀ ਪੀਓ ਸਟਾਫ ਨੇ ਕੀਤੇ ਗ੍ਰਿਫਤਾਰ
ਵੱਖ-ਵੱਖ ਕੇਸਾਂ ’ਚ ਅਦਾਲਤ ਵੱਲੋਂ ਪੀਓ ਐਲਾਨੇ ਗਏ ਮੁਲਜ਼ਮਾਂ ਨੂੰ ਫੜ੍ਹਨ ਲਈ ਪੀਓ ਸਟਾਫ ਵੱਲੋਂ ਮੁਹਿੰਮ ਚਲਾਈ ਹੋਈ ਹੈ ਅਤੇ ਇਹ ਲਗਾਤਾਰ ਜਾਰੀ ਰਹੇਗੀ।
Publish Date: Wed, 21 Jan 2026 07:03 PM (IST)
Updated Date: Thu, 22 Jan 2026 04:10 AM (IST)

ਸਟਾਫ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ ਦਰਜ ਕੇਸਾਂ ਦੇ ਤਹਿਤ ਅਦਾਲਤ ਵੱਲੋਂ ਪੀਓ ਐਲਾਨੇ ਗਏ ਵਿਅਕਤੀਆ ਨੂੰ ਜ਼ਿਲ੍ਹੇ ਦੇ ਪੀਓ ਸਟਾਫ ਦੀ ਪੁਲਿਸ ਨੇ ਸੂਚਨਾ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਗੁਰਪ੍ਰਤਾਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਗੰਡੀਵਿੰਡ ਜਿਸ ਖ਼ਿਲਾਫ਼ 22 ਦਸੰਬਰ 2019 ਨੂੰ ਐੱਨਡੀਪੀਐੱਸ ਐਕਟ ਦੇਤਹਿਤ ਥਾਣਾ ਚੋਹਲਾ ਸਾਹਿਬ ਵਿਖੇ ਮੁਕੱਦਮਾਂ ਨੰਬਰ 94 ਦਰਜ ਹੋਇਆ ਸੀ, ਨੂੰ ਅਦਾਲਤ ਵੱਲੋਂ ਪੀਓ ਐਲਾਨਿਆ ਗਿਆ ਸੀ। ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸੇ ਤਰ੍ਹਾਂ ਸੋਨੀ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਕਲਸੀਆਂ ਕਲਾਂ ਜਿਸ ਖ਼ਿਲਾਫ਼ 29 ਜੁਲਾਈ 2023 ਨੂੰ ਆਬਕਾਰੀ ਐਕਟ ਤਹਿਤ ਥਾਣਾ ਭਿੱਖੀਵਿੰਡ ਵਿਚ ਮੁਕੱਦਮਾਂ ਨੰਬਰ 121 ਦਰਜ ਹੋਇਆ ਸੀ ਅਤੇ ਇਸ ਨੂੰ ਅਦਾਲਤ ਨੇ ਪੀਓ ਐਲਾਨ ਦਿੱਤਾ ਸੀ। ਜਦੋਂਕਿ ਗੁਰਲਾਲ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਭਿੱਖੀਵਿੰਡ ਖ਼ਿਲਾਫ਼ 30 ਜੁਲਾਈ 2024 ਨੂੰ ਧਾਰਾ 346 ਬੀਐੱਨਐੱਸ ਤਹਿਤ ਕੇਸ ਦਰਜ ਹੋਇਆ ਸੀ ਅਤੇ ਗੁਰਲਾਲ ਸਿੰਘ ਨੂੰ ਅਦਾਲਤ ਨੇ ਪੀਓ ਐਲਾਨਿਆ ਹੋਇਆ ਸੀ। ਉਕਤ ਦੋਵਾਂ ਨੂੰ ਭਿੱਖੀਵਿੰਡ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕੇਸਾਂ ’ਚ ਅਦਾਲਤ ਵੱਲੋਂ ਪੀਓ ਐਲਾਨੇ ਗਏ ਮੁਲਜ਼ਮਾਂ ਨੂੰ ਫੜ੍ਹਨ ਲਈ ਪੀਓ ਸਟਾਫ ਵੱਲੋਂ ਮੁਹਿੰਮ ਚਲਾਈ ਹੋਈ ਹੈ ਅਤੇ ਇਹ ਲਗਾਤਾਰ ਜਾਰੀ ਰਹੇਗੀ।