ਤਰਨਤਾਰਨ ਪੁਲਿਸ ਨੇ ਆਪ੍ਰੇਸ਼ਨ ਪ੍ਰਹਾਰ ਦੌਰਾਨ 48 ਘੰਟਿਆਂ ’ਚ ਇਕ ਹਜ਼ਾਰ ਥਾਵਾਂ ’ਤੇ ਛਾਪੇਮਾਰੀ
ਵੱਖ-ਵੱਖ ਮਾਮਲਿਆਂ ’ਚ ਲੁੜੀਂਦੇ ਅਪਰਾਧੀਆਂ, ਵਾਰ-ਵਾਰ ਅਪਰਾਧ ਕਰਨ ਵਾਲਿਆਂ, ਨਸ਼ਾ ਤਸਕਰਾਂ, ਲੁਟੇਰਾ ਗਿਰੋਹਾਂ ਦੇ ਮੈਂਬਰ ਤੇ ਉਨ੍ਹਾਂ ਨੂੰ ਪਨਾਹਗਾਰਾਂ ਦੇ ਨਾਲ-ਨਾਲ ਹਥਿਆਰ ਸਪਲਾਈ ਕਰਨ ਵਾਲੇ ਐਸੋਸੀਏਟਸ ਨੂੰ ਟਾਰਗੇਟ ਕੀਤਾ ਗਿਆ
Publish Date: Wed, 21 Jan 2026 07:00 PM (IST)
Updated Date: Thu, 22 Jan 2026 04:10 AM (IST)

ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ’ਤੇ ਵਾਰ ਮੁਹਿੰਮ ਤਿਹਤ 72 ਘੰਟੇ ਲਈ ਆਰੰਭੇ ਆਪ੍ਰੇਸ਼ਨ ਪ੍ਰਹਾਰ ਦੇ ਚੱਲਦਿਆਂ ਤਰਨਤਾਰਨ ਜ਼ਿਲ੍ਹੇ ’ਚ 1300 ਦੇ ਕਰੀਬ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਅਧਾਰਿਤ 250 ਟੀਮਾਂ ਨੇ ਪਹਿਲੇ 48 ਘੰਟਿਆਂ ਦੌਰਾਨ ਜ਼ਿਲ੍ਹੇ ਦੀਆਂ ਕਰੀਬ ਇਕ ਹਜ਼ਾਰ ਥਾਵਾਂ ’ਤੇ ਛਾਪੇਮਾਰੀ ਕਰਕੇ 150 ਲੋਕਾਂ ਨੂੰ ਹਿਰਾਸਤ ’ਚ ਲਿਆ। ਜਿਨ੍ਹਾਂ ’ਚੋਂ 116 ਨੂੰ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂਕਿ ਬਾਕੀਆਂ ਦੀ ਪੁੱਛਗਿੱਛ ਜਾਰੀ ਹੈ ਤੇ ਪੁਲਿਸ ਉਨ੍ਹਾਂ ਵਿਰੁੱਧ ਵੀ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ਹੇਠ ਗੈਂਗਸਟਰਾਂ ਵਿਰੁੱਧ ਜੰਗ ਮੁਹਿੰਮ ਨੂੰ ਪੂਰੇ ਜੋਰ ਨਾਲ ਜ਼ਿਲ੍ਹੇ ’ਚ ਚਲਾਇਆ ਗਿਆ ਹੈ ਤੇ ਇਸ ਨੂੰ ਵੱਡੀ ਸਫਲਤਾ ਵੀ ਮਿਲੀ ਹੈ। ਐੱਸਐੱਸਪੀ ਨੇ ਦੱਸਿਆ ਕਿ 48 ਘੰਟਿਆਂ ਦੇ ਅੰਦਰ-ਅੰਦਰ 250 ਪੁਲਿਸ ਟੀਮਾਂ ਨੇ ਇਕ ਹਜ਼ਾਰ ਤੋਂ ਵੱਧ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਵੱਖ-ਵੱਖ ਮਾਮਲਿਆਂ ’ਚ ਲੁੜੀਂਦੇ ਅਪਰਾਧੀਆਂ, ਵਾਰ-ਵਾਰ ਅਪਰਾਧ ਕਰਨ ਵਾਲਿਆਂ, ਨਸ਼ਾ ਤਸਕਰਾਂ, ਲੁਟੇਰਾ ਗਿਰੋਹਾਂ ਦੇ ਮੈਂਬਰ ਤੇ ਉਨ੍ਹਾਂ ਨੂੰ ਪਨਾਹਗਾਰਾਂ ਦੇ ਨਾਲ-ਨਾਲ ਹਥਿਆਰ ਸਪਲਾਈ ਕਰਨ ਵਾਲੇ ਐਸੋਸੀਏਟਸ ਨੂੰ ਟਾਰਗੇਟ ਕੀਤਾ ਗਿਆ ਹੈ। ਲਾਂਬਾ ਨੇ ਦੱਸਿਆ ਕਿ ਜ਼ਿਲ੍ਹੇ ’ਚ ਚਾਰ ਐੱਸਪੀ , ਇਕ ਦਰਜਨ ਦੇ ਕਰੀਬ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਪੁਲਿਸ ਫੋਰਸ ਨੇ ਨਾਲ ਜ਼ਿਲ੍ਹੇ ’ਚ ਆਪ੍ਰੇਸ਼ਨ ਪ੍ਰਹਾਰ ਚਲਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ ਗੈਂਗਸਟਰਾਂ ਵਿਰੁੱਧ ਚਲਾਈ ਗਈ ਇਸ ਮੁਹਿੰਮ ਨੂੰ ਪੂਰੀ ਸਫਲਤਾ ਮਿਲੀ ਹੈ ਤੇ 150 ਲੋਕਾਂ ਨੂੰ ਰਾਉਂਡਅੱਪ ਕਰਦਿਆਂ 116 ਦੀ ਗ੍ਰਿਫਤਾਰੀ ਵੀ ਪਾ ਦਿੱਤੀ ਗਈ ਹੈ ਤੇ ਬਾਕੀਆਂ ਦੀ ਕਾਨੂੰਨੀ ਜਾਂਚ ਚੱਲ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਪਰਿਵਾਰਾਂ ਦੀ ਵੀ ਪਛਾਣ ਕੀਤੀ ਗਈ ਹੈ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਸ਼ਾਮਲ ਕੁਝ ਵਿਅਕਤੀ ਜਿਨ੍ਹਾਂ ਦਾ ਸਬੰਧ ਗੈਂਗਸਟਰਾਂ ਨਾਲ ਹੋਣਾ ਵੀ ਸਾਹਮਣੇ ਆਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਦੇ 850 ਕਰਮਚਾਰੀਆਂ ਤੋਂ ਇਲਾਵਾ ਡੀਜੀਪੀ ਵੱਲੋਂ ਮੁਹੱਈਆ ਕਰਵਾਈ ਗਈ ਫੋਰਸ ਨੂੰ ਮਿਲਾ ਕੇ 1300 ਦੇ ਕਰੀਬ ਫੋਰਸ ਨੇ ਇਹ ਆਪ੍ਰੇਸ਼ਨ ਪੂਰੀ ਸਫਲਤਾ ਨਾਲ ਚਲਾਇਆ ਹੈ ਤੇ ਗੈਂਗਸਟਰਵਾਦ ’ਤੇ ਕਾਬੂ ਪਾਉਣ ਲਈ ਇਹ ਕਾਰਵਾਈ ਜਾਰੀ ਰਹੇਗੀ।