ਤਰਨਤਾਰਨ ਪੁਲਿਸ ਨੇ ਨਾਕੇਬੰਦੀ ਦੌਰਾਨ ਵਾਹਨਾਂ ਦੀ ਕੀਤੀ ਚੈਕਿੰਗ
ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਬਿਕਰਮਜੀਤ ਸਿੰਘ ਆਦਿ ਨੇ ਵਿਸ਼ੇਸ਼ ਨਾਕੇਬੰਦੀ ਦੌਰਾਨ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਤੇ ਬਰੀਕੀ ਨਾਲ ਜਾਂਚ ਕਰਨ ਉਪਰੰਤ ਵਾਹਨਾਂ ਨੂੰ ਅੱਗੇ ਜਾਣ ਦਿੱਤਾ।
Publish Date: Sun, 22 Mar 2026 08:01 PM (IST)
Updated Date: Mon, 23 Mar 2026 04:16 AM (IST)

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕਰ ਕੇ ਜਿੱਥੇ ਸ਼ੱਕੀ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉੱਥੇ ਹੀ ਅਪਰਾਧਿਕ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਚਲਾਏ ਜਾ ਰਹੇ ਆਪ੍ਰੇਸ਼ਨ ਗੈਂਗਸਟਰਾਂ ’ਤੇ ਵਾਰ ਤਹਿਤ ਸ਼ੱਕੀ ਲੋਕਾਂ ਦੀ ਵਿਸ਼ੇਸ਼ ਐਪ ਰਾਹੀਂ ਜਾਂਚ ਵੀ ਕੀਤੀ ਜਾ ਰਹੀ ਹੈ। ਤਾਂ ਜੋ ਜ਼ਿਲ੍ਹਾ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸੇ ਤਹਿਤ ਤਰਨਤਾਰਨ ਦੇ ਬੋਹੜੀ ਵਾਲਾ ਚੌਕ ’ਚ ਸ਼ਾਮ ਸਮੇਂ ਦੀ ਨਾਕੇਬੰਦੀ ਦੌਰਾਨ ਟ੍ਰੈਫਿਕ ਪੁਲਿਸ ਦੇ ਕਰਮਚਾਰੀਆਂ ਬਿਕਰਮਜੀਤ ਸਿੰਘ ਆਦਿ ਨੇ ਵਿਸ਼ੇਸ਼ ਨਾਕੇਬੰਦੀ ਦੌਰਾਨ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਤੇ ਬਰੀਕੀ ਨਾਲ ਜਾਂਚ ਕਰਨ ਉਪਰੰਤ ਵਾਹਨਾਂ ਨੂੰ ਅੱਗੇ ਜਾਣ ਦਿੱਤਾ। ਇਸ ਮੌਕੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਐੱਸਐੱਸਪੀ ਸੁਰੇਂਦਰ ਲਾਂਬਾ ਦੇ ਆਦੇਸ਼ਾਂ ਅਨੁਸਾਰ ਨਾਕੇਬੰਦੀ ਲਈ ਤੈਅ ਕੀਤੇ ਗਏ ਸਮੇਂ ਦੌਰਾਨ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ ਤੇ ਨਾਕੇਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਨਿਯਮਾਂ ਦੀ ਉਲੰਘਣਾ ਕਰਦੇ ਵਾਹਨਾਂ ਦੇ ਚਲਾਨ ਵੀ ਕੀਤੇ ਜਾਂਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬੋਹੜੀ ਵਾਲਾ ਚੌਕ ’ਚ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਰੱਖਣ ਲਈ ਵੀ ਟ੍ਰੈਫਿਕ ਪੁਲਿਸ ਦੇ ਕਰਮਚਾਰੀ ਹਰ ਵੇਲੇ ਤਾਇਨਾਤ ਰਹਿੰਦੇ ਹਨ ਤੇ ਆਵਾਜਾਈ ਨੂੰ ਬਹਾਲ ਰੱਖਣ ਲਈ ਮੁਸਤੈਦੀ ਨਾਲ ਡਿਊਟੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਨਾਕੇਬੰਦੀ ਦੌਰਾਨ ਕਈ ਵਾਹਨਾਂ ਦੀ ਜਾਂਚ ਕੀਤੀ ਗਈ ਹੈ ਅਤੇ ਫਿਲਹਾਲ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਜਿੱਥੇ ਕਾਗਜਾਤ ਪੂਰੇ ਰੱਖੇ ਜਾਣ, ਉੱਥੇ ਹੀ ਚਾਰ ਪਹੀਆ ਵਾਹਨ ਉੱਪਰ ਸੀਟ ਬੈਲਟ ਅਤੇ ਦੋ ਪਹੀਆ ਵਾਹਨ ’ਤੇ ਹੈਲਮੇਟ ਦੀ ਵਰਤੋਂ ਜ਼ਰੂਰ ਕੀਤੀ ਜਾਵੇ। ਕਿਉਂਕਿ ਇਹ ਚਲਾਨ ਤੋਂ ਬਚਣ ਲਈ ਨਹੀਂ ਜੀਵਨ ਨੂੰ ਸੁਰੱਖਿਅਤ ਰੱਖਣ ਵਾਸਤੇ ਜ਼ਰੂਰੀ ਹੈ। ======= ਬੋਹੜੀ ਚੌਕ ’ਚ ਲੱਗਦੇ ਜਾਮ ਤੋਂ ਦਿਵਾਈ ਜਾਵੇ ਰਾਹਤ : ਸਾਹਿਲ ਐਂਟੀ ਕੁਰੱਪਸ਼ਨ ਸੁਸਾਇਟੀ ਦੇ ਪੰਜਾਬ ਪ੍ਰਧਾਨ ਤੇ ਰਾਸ਼ਟਰੀ ਭਗਵਾ ਸੈਨਾ ਸੰਗਠਨ ਦੇ ਮੀਡੀਆ ਇੰਚਾਰਜ ਬਿਕਰਮਜੀਤ ਸਿੰਘ ਸਾਹਿਲ ਨੇ ਕਿਹਾ ਕਿ ਤਰਨਤਾਰਨ ਦੇ ਬੋਹੜੀ ਚੌਕ ’ਚ ਲਗਾਤਾਰ ਜਾਮ ਲੱਗਣ ਕਾਰਨ ਰਾਹਗੀਰਾਂ ਤੇ ਖਾਸ ਕਰ ਕੇ ਵਿਦਿਆਰਥੀਆਂ ਦੇ ਛੁੱਟੀ ਸਮੇ ਬੱਚਿਆਂ ਨੂੰ ਆਉਣ ਜਾਣ ਲਈ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਇਕ ਕਾਰਨ ਕੱਕਾ ਕੰਡਿਆਲਾ ਬਾਈਪਾਸ ਬੰਦ ਹੋਣਾ ਵੀ ਹੈ। ਜਿਸ ਕਰ ਕੇ ਬਾਈਪਾਸ ਤੋਂ ਜਾਣ ਵਾਲੇ ਵਾਹਨ ਸ਼ਹਿਰ ’ਚੋਂ ਲੰਘ ਰਹੇ ਹਨ। ਜਿਸ ਕਰ ਕੇ ਸ਼ਹਿਰ ’ਚ ਬਹੁਤ ਜ਼ਿਆਦਾ ਜਾਮ ਲੱਗ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲ ਸਕੇ। ======== ਵਿਸ਼ੇਸ਼ ਬੈਰੀਕੇਡਿੰਗ ਨਾਲ ਆਵਾਜਾਈ ਨੂੰ ਕੀਤਾ ਦਰੁਸਤ : ਟ੍ਰੈਫਿਕ ਇੰਚਾਰਜ ਟ੍ਰੈਫਿਕ ਵਿੰਗ ਦੇ ਜ਼ਿਲ੍ਹਾ ਇੰਚਾਰਜ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਬੋਹੜੀ ਵਾਲਾ ਚੌਕ ’ਚ ਟ੍ਰੈਫਿਕ ਵਿਵਸਥਾ ਨੂੰ ਦਰੁਸਤ ਰੱਖਣ ਲਈ ਵਿਸ਼ੇਸ਼ ਬੈਰੀਕੇਡਿੰਗ ਕੀਤੀ ਗਈ ਹੈ। ਇਸ ਨਾਲ ਹੁਣ ਵਾਹਨਾਂ ਦਾ ਚੌਕ ’ਚੋਂ ਯੂ ਟਰਨ ਲੈਣਾ ਰੁਕ ਗਿਆ ਹੈ, ਜਿਸ ਨਾਲ ਜਾਮ ਵੀ ਘੱਟ ਲੱਗ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਕੂਲਾਂ ’ਚ ਛੁੱਟੀ ਸਮੇਂ ਵਾਹਨਾਂ ਦੀ ਗਿਣਤੀ ਸੜਕਾਂ ’ਤੇ ਵਧ ਜਾਂਦੀ ਹੈ। ਫਿਰ ਵੀ ਟ੍ਰੈਫਿਕ ਸਟਾਫ ਪੂਰੀ ਮੁਸਤੈਦੀ ਨਾਲ ਡਿਊਟੀ ਦੇ ਰਿਹਾ ਹੈ ਤਾਂ ਜੋ ਚੁਰਾਹੇ ’ਚ ਜਾਮ ਨਾ ਲੱਗਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਣ ਸਮੇਂ ਇਕ ਦੂਜੇ ਤੋਂ ਅੱਗੇ ਲੰਘਣ ਦੀ ਕਾਹਲੀ ਨਾ ਕਰਨ ਦੇ ਚੱਕਰ ’ਚ ਟ੍ਰੈਫਿਕ ਜਾਮ ਦਾ ਕਾਰਨ ਨਾ ਬਣਨ।