ਤਰਨਤਾਰਨ ਪੁਲਿਸ ਨੇ ਹੈਰੋਇਨ ਤੇ ਆਈਸ ਸਣੇ ਕੀਤੇ ਪੰਜ ਜਣੇ ਗ੍ਰਿਫਤਾਰ
ਮੁਲਜ਼ਮਾਂ ਕੋਲੋਂ 1 ਕਿਲੋ, 32 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਿਨ੍ਹਾਂ ਦਾ ਮੋਟਰਸਾਈਕਲ ਅਤੇ ਇਕ ਮੋਬਾਈਲ ਫੋਨ ਵੀ ਕਬਜ਼ੇ ’ਚ ਲਿਆ ਗਿਆ।
Publish Date: Tue, 31 Mar 2026 08:54 PM (IST)
Updated Date: Wed, 01 Apr 2026 04:19 AM (IST)
ਸਟਾਫ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਹੈਰੋਇਨ ਤੇ ਆਈਸ ਬਰਾਮਦ ਕਰ ਕੇ ਗ੍ਰਿਫਤਾਰ ਕੀਤੇ ਪੰਜ ਵਿਅਕਤੀਆਂ ਵਿਰੁੱਧ ਵੱਖ-ਵੱਖ ਥਾਣਿਆਂ ’ਚ ਤਿੰਨ ਮੁਕੱਦਮੇ ਦਰਜ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਕਿਲੋ ਤੋਂ ਵੱਧ ਹੈਰਇਨ ਪੁਲਿਸ ਦੇ ਹੱਥ ਲੱਗੀ। ਜਦੋਂਕਿ ਆਈਸ, ਮੋਬਾਈਲ ਫੋਨ ਤੇ ਮੋਟਰਸਾਈਕਲ ਵੀ ਕਬਜ਼ੇ ’ਚ ਲਿਆ ਗਿਆ ਹੈ।
ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਨੇ ਮੰਗਲਵਾਰ ਨੂੰ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਦੋ ਨੋਜਵਾਨਾਂ ਲਵਪ੍ਰੀਤ ਸਿੰਘ ਉਰਫ ਖੁਸ਼ਕੀ ਪੁੱਤਰ ਲਾਡੀ ਸਿੰਘ ਵਾਸੀ ਚੇਲਾ ਕਾਲੋਨੀ ਭਿੱਖੀਵਿੰਡ ਤੇ ਸਾਜਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਡੱਲ 1 ਕਿਲੋ, 32 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ। ਜਿਨ੍ਹਾਂ ਦਾ ਮੋਟਰਸਾਈਕਲ ਅਤੇ ਇਕ ਮੋਬਾਈਲ ਫੋਨ ਵੀ ਕਬਜ਼ੇ ’ਚ ਲਿਆ ਗਿਆ।
ਉਨ੍ਹਾਂ ਅੱਗੇ ਦੱਸਿਆ ਕਿ ਉਕਤ ਲੋਕ ਚਾਰ ਦਿਨਾਂ ਪੁਲਿਸ ਰਿਮਾਂਡ ’ਤੇ ਹਨ। ਜਦੋਂਕਿ ਸਾਜਨ ਸਿੰਘ ਖ਼ਿਲਾਫ਼ ਪਹਿਲਾਂ ਦੋ ਅਤੇ ਲਵਪ੍ਰੀਤ ਸਿੰਘ ਖ਼ਿਲਾਫ਼ ਇਕ ਮਾਮਲਾ ਦਰਜ ਹੈ। ਜਦੋਂਕਿ ਇਸੇ ਥਾਣੇ ਦੀ ਪੁਲਿਸ ਨੇ ਦਾਣਾ ਮੰਡੀ ਤੋਂ ਦੋ ਨੌਜਵਾਨਾਂ ਬਲਵੀਰ ਸਿੰਘ ਪੁੱਤਰ ਗੁਰਮੁੱਖ ਸਿੰਘ ਤੇ ਗੁਰਸੇਵਕ ਸਿੰਘ ਕਾਕਾ ਪੁੱਤਰ ਸੁੱਖਾ ਸਿੰਘ ਵਾਸੀ ਮੱਦਰ ਮਥਰਾ ਭਾਗੀ ਨੂੰ 191 ਗ੍ਰਾਮ ਆਈਸ ਸਣੇ ਗ੍ਰਿਫਤਾਰ ਕੀਤਾ। ਇਸੇ ਤਰ੍ਹਾਂ ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਬਾਜੀਗਰਾਂ ਵਾਲੀ, ਮੁਹੱਲਾ ਨਾਨਕਸਰ ਤਰਨਤਾਰਨ, ਜੋ ਸਥਾਨਕ ਬੀਬੋ ਸ਼ਾਹ ਮਾਰਕੀਟ ’ਚ ਸੋਨੂੰ ਟੈਲੀਕਾਮ ਨਾਂ ਦੀ ਦੁਕਾਨ ਚਲਾਉਂਦਾ ਹੈ ਨੂੰ ਇਕ ਕਿਲੋ ਹੈਰੋਇਨ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ। ਉਨ੍ਹਾਂ ਅੱਗੇ ਦੱਸਿਆ ਕਿ ਟੈਲੀਕਾਮ ਦੀ ਦੁਕਾਨ ਦੀ ਆੜ ’ਚ ਇਹ ਵੱਡੇ ਪੱਧਰ ’ਤੇ ਹੈਰੋਇਨ ਵੇਚਣ ਦਾ ਧੰਦਾ ਕਰ ਰਿਹਾ ਸੀ। ਮਨਪ੍ਰੀਤ ਸਿੰਘ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਸ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਡੀਐੱਸਪੀ ਸਬ-ਡਵੀਜ਼ਨ ਤਰਨਤਾਰਨ ਸੁਖਬੀਰ ਸਿੰਘ ਤੇ ਡੀਐੱਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਵੀ ਮੌਜੂਦ ਸਨ।