‘ਪੰਜਾਬ ਬਚਾਓ’ ਰੈਲੀ ਦੇ ਸਬੰਧ ’ਚ ਬਾਦਲ ਨਾਲ ਬ੍ਰਹਮਪੁਰਾ ਤੇ ਸ਼ੇਖ ਦੀ ਮੁਲਾਕਾਤ
ਖਡੂਰ ਸਾਹਿਬ ਵਿਚ ‘ਪੰਜਾਬ ਬਚਾਓ’ ਰੈਲੀ ਦੇ ਸਬੰਧ ਵਿਚ ਬਾਦਲ ਨਾਲ ਬ੍ਰਹਮਪੁਰਾ ਤੇ ਸ਼ੇਖ ਦੀ ਮੁਲਾਕਾਤ
Publish Date: Thu, 19 Feb 2026 05:51 PM (IST)
Updated Date: Fri, 20 Feb 2026 04:07 AM (IST)

‘ਆਪ’ ਪੰਜਾਬ ਨੂੰ ਰੰਗਲਾ ਨਹੀਂ, ਕੰਗਾਲ ਪੰਜਾਬ ਬਣਾਉਣਾ ਚਾਹੁੰਦੀ : ਬ੍ਰਹਮਪੁਰਾ, ਸ਼ੇਖ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹਰ ਹਲਕੇ ਵਿਚ ‘ਪੰਜਾਬ ਬਚਾਓ’ ਮੁਹਿੰਮ ਤਹਿਤ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਤਹਿਤ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ਼ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਗੁਰਸੇਵਕ ਸਿੰਘ ਸ਼ੇਖ਼ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਅਤੇ ਹੋਰ ਸੀਨੀਅਰ ਆਗੂਆਂ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਵਿਸਥਾਰ ਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਸ ਦੌਰਾਨ ਹਲਕੇ ਦੀ ਸੰਗਠਨਾਤਮਕ ਸਥਿਤੀ, ਰੈਲੀ ਦੀ ਰਣਨੀਤੀ ਅਤੇ ਮੌਜੂਦਾ ਸਿਆਸੀ ਹਾਲਾਤਾਂ ’ਤੇ ਚਰਚਾ ਹੋਈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹਰ ਹਲਕੇ ਵਿਚ ਚਲਾਈ ਜਾ ਰਹੀ ‘ਪੰਜਾਬ ਬਚਾਓ’ ਮੁਹਿੰਮ ਲੋਕਾਂ ਦੇ ਹੱਕਾਂ ਅਤੇ ਸੂਬੇ ਦੀ ਇੱਜ਼ਤ ਬਚਾਉਣ ਦੀ ਲੜਾਈ ਹੈ ਅਤੇ ਖਡੂਰ ਸਾਹਿਬ ਦੀ ਰੈਲੀ ਇਸ ਅਭਿਆਨ ਦਾ ਮਹੱਤਵਪੂਰਨ ਪੜਾਅ ਸਾਬਿਤ ਹੋਵੇਗੀ। ਬ੍ਰਹਮਪੁਰਾ ਤੇ ਸ਼ੇਖ ਨੇ ਕਿਹਾ ਕਿ ਉਹ ਆਪਣੀ ਪੂਰੀ ਟੀਮ ਅਤੇ ਸੀਨੀਅਰ ਆਗੂਆਂ ਨਾਲ ਮਿਲ ਕੇ ਇਹ ਯਕੀਨੀ ਬਣਾਉਣਗੇ ਕਿ ਖਡੂਰ ਸਾਹਿਬ ਦੀ ਧਰਤੀ ‘ਤੇ ਇਤਿਹਾਸਕ ਇਕੱਠ ਹੋਵੇ ਅਤੇ ਪੰਜਾਬ ਦੀ ਆਵਾਜ਼ ਨੂੰ ਦਿੱਲੀ ਤੱਕ ਸੁਣਾਇਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਅੱਜ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਅਤੇ ਬਦਲਾਅ ਦੀ ਲੋੜ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਨ੍ਹਾਂ ਵਾਅਦਿਆਂ ਦੇ ਆਧਾਰ ’ਤੇ ਸੱਤਾ ਹਾਸਲ ਕੀਤੀ ਗਈ ਸੀ, ਉਹ ਅੱਜ ਕਾਗਜ਼ਾਂ ਤੱਕ ਸੀਮਿਤ ਰਹਿ ਗਏ ਹਨ। ਉਨ੍ਹਾਂ ਮੁਤਾਬਿਕ ਪੰਜਾਬ ਕਰਜ਼ੇ ਦੇ ਬੋਝ ਹੇਠ ਹੋਰ ਦੱਬਦਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਦਾ ਖ਼ਜ਼ਾਨਾ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੀ। ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਂ ’ਤੇ ਸਿਰਫ਼ ਐਲਾਨ ਮਿਲੇ ਹਨ। ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ਸਰਕਾਰ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਵਿਚ ਵੱਧ ਰੁਚੀ ਲੈ ਰਹੀ ਹੈ, ਜਦਕਿ ਜ਼ਮੀਨੀ ਪੱਧਰ ’ਤੇ ਵਿਕਾਸ ਦੀ ਰਫ਼ਤਾਰ ਸੁਸਤ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਕਾਸ ਦੀ ਗੱਲ ਹੁੰਦੀ ਹੈ, ਤਾਂ ਅਕਾਲੀ ਸਰਕਾਰ ਦੌਰਾਨ ਕੀਤੇ ਗਏ ਕਾਰਜ ਅੱਜ ਵੀ ਆਪਣੀ ਗਵਾਹੀ ਦੇ ਰਹੇ ਹਨ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਨੂੰ ਬਿਜਲੀ ਦੇ ਖੇਤਰ ਵਿਚ ਆਤਮ ਨਿਰਭਰ ਬਣਾਉਣ ਲਈ ਨਵੇਂ ਥਰਮਲ ਪਾਵਰ ਪਲਾਂਟ ਲਗਾਏ ਗਏ ਸਨ, ਸੜਕਾਂ ਦਾ ਵਿਸ਼ਾਲ ਜਾਲ ਤਿਆਰ ਕੀਤਾ ਗਿਆ ਅਤੇ ਉਦਯੋਗਿਕ ਵਿਕਾਸ ਲਈ ਮਜ਼ਬੂਤ ਢਾਂਚਾ ਖੜ੍ਹਾ ਕੀਤਾ ਗਿਆ। ਮੋਹਾਲੀ ਨੂੰ ਆਈਟੀ ਹੱਬ ਵਜੋਂ ਵਿਕਸਿਤ ਕਰਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਗਏ ਅਤੇ ਸੂਬੇ ਨੂੰ ਨਿਵੇਸ਼ ਲਈ ਆਕਰਸ਼ਕ ਮੰਜ਼ਿਲ ਬਣਾਇਆ ਗਿਆ। ਸਮਾਜਿਕ ਭਲਾਈ ਲਈ ‘ਸ਼ਗਨ ਸਕੀਮ’, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ ਵਰਗੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਅਤੇ ਯਕੀਨੀ ਬਣਾਇਆ, ਗਰੀਬ ਪਰਿਵਾਰਾਂ ਦੀ ਮਦਦ ਕੀਤੀ ਗਈ, ਜਦਕਿ ਅੰਤਰ ਰਾਸ਼ਟਰੀ ਪੱਧਰ ਦੇ ਹਵਾਈ ਅੱਡਿਆਂ ਅਤੇ ਟੁਰੀਜਮ ਪ੍ਰੋਜੈਕਟਾਂ ਨਾਲ ਪੰਜਾਬ ਨੂੰ ਵਿਸ਼ਵ ਨਾਲ ਜੋੜਨ ਦੇ ਯਤਨ ਕੀਤੇ ਗਏ। ਬ੍ਰਹਮਪੁਰਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਮਜ਼ਬੂਤ ਅਤੇ ਤਜ਼ਰਬੇਕਾਰ ਨ੍ਰੇਤਿਤਵ ਦੀ ਲੋੜ ਹੈ, ਜੋ ਸੂਬੇ ਦੀ ਅਰਥ ਵਿਵਸਥਾ ਨੂੰ ਪਟੜੀ ’ਤੇ ਲਿਆ ਸਕੇ ਅਤੇ ਨੌਜਵਾਨਾਂ ਨੂੰ ਭਵਿੱਖ ਦੀ ਆਸ ਦੇ ਸਕੇ। ਉਨ੍ਹਾਂ ਵਿਸ਼ਵਾਸ ਜਿਤਾਇਆ ਕਿ ‘ਪੰਜਾਬ ਬਚਾਓ’ ਮੁਹਿੰਮ ਸੂਬੇ ਵਿਚ ਨਵਾਂ ਜਾਗਰੂਕਤਾ ਅਭਿਆਨ ਸਾਬਿਤ ਹੋਵੇਗੀ ਅਤੇ ਖਡੂਰ ਸਾਹਿਬ ਦੀ ਰੈਲੀ ਇਸ ਸੰਘਰਸ਼ ਦੀ ਮਜ਼ਬੂਤ ਸ਼ੁਰੂਆਤ ਬਣੇਗੀ, ਜੋਂ ਹੋ ਰਹੀਆਂ ਰੈਲੀਆ ਤੋਂ ਬਾਅਦ ਅਗਲੇ ਪੜਾਅ ਵਿਚ ਕੀਤੀ ਜਾਵੇਗੀ। ਇਸ ਮੌਕੇ ਸਤਨਾਮ ਸਿੰਘ ਸ਼ਾਹ ਮਾਣੋਚਾਹਲ, ਕੁਲਵਿੰਦਰ ਸਿੰਘ ਪਿੰਕਾ, ਲਖਬੀਰ ਸਿੰਘ ਸੈਕਟਰੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।