ਗੁਰਮਤਿ ਮੁਕਾਬਲਿਆਂ ’ਚ ਕਲਗੀਧਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤੀ ਸ਼ਾਨਦਾਰ ਪ੍ਰਾਪਤੀ
ਗੁਰਮਤਿ ਮੁਕਾਬਲਿਆਂ ’ਚ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ
Publish Date: Sun, 18 Jan 2026 04:41 PM (IST)
Updated Date: Mon, 19 Jan 2026 04:03 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਸ਼੍ਰੋਮਣੀ ਪੰਥ ਸੇਵਕ ਸੱਚਖੰਡਵਾਸੀ ਸੰਤ ਬਾਬਾ ਦਇਆ ਸਿੰਘ ਜੀ ਦੀ ਸਲਾਨਾ ਬਰਸੀ ਮੌਕੇ ਸੁਰਸਿੰਘ ਵਿਖੇ ਸੰਪ੍ਰਦਾਇ ਬਾਬਾ ਬਿਧੀ ਚੰਦ ਜੀ ਸੁਰਸਿੰਘ ਵੱਲੋਂ ਕਰਵਾਏ ਗੁਰਮਤਿ ਮੁਕਾਬਲਿਆਂ ’ਚ ਕਲਗੀਧਰ ਪਬਲਿਕ ਸਕੂਲ, ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਸ਼੍ਰੇਣੀਆਂ ’ਚ ਪਹਿਲੇ ਸਥਾਨ ਹਾਸਿਲ ਕਰ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਇਨ੍ਹਾਂ ਗੁਰਮਤਿ ਮੁਕਾਬਲਿਆਂ ’ਚ ਵੱਖ-ਵੱਖ ਇਲਾਕਿਆਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਉੱਚ ਪੱਧਰ ਦੇ ਰਹੇ ਤੇ ਵਿਦਿਆਰਥੀਆਂ ਨੇ ਗੁਰਬਾਣੀ, ਕੀਰਤਨ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਕਲਾਵਾਂ ਰਾਹੀਂ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ। ਸੀਨੀਅਰ ਜੱਥਾ ਸ਼ਬਦ ਗਾਇਨ ਮੁਕਾਬਲੇ ’ਚ ਕਲਗੀਧਰ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਹਰਸਿਮਰਤ ਕੌਰ, ਸੁਖਜੀਤ ਕੌਰ ਤੇ ਵਿਦਿਆਰਥੀ ਪ੍ਰਭਸ਼ਰਨ ਸਿੰਘ ਦੇ ਜਥੇ ਨੇ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਜੂਨੀਅਰ ਜੱਥਾ ਸ਼ਬਦ ਕੀਰਤਨ ਮੁਕਾਬਲੇ ’ਚ ਗੁਰਕੀਰਤ ਸਿੰਘ, ਗੁਰਸਾਹਿਬ ਸਿੰਘ, ਅਸ਼ਮੀਤ ਸਿੰਘ ਤੇ ਜਰਨੈਲ ਸਿੰਘ ਦੇ ਜਥੇ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਸਭ ਦਾ ਧਿਆਨ ਆਪਣੀ ਪੇਸ਼ਕਾਰੀ ਵੱਲ ਖਿੱਚਿਆ। ਢਾਡੀ ਵਾਰਾਂ ਦੇ ਜੂਨੀਅਰ ਮੁਕਾਬਲੇ ’ਚ ਗੁਰਬਾਜ ਸਿੰਘ, ਗੁਰਮਾਨ ਸਿੰਘ ਤੇ ਨਵਰੀਤ ਕੌਰ ਦੇ ਜਥੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਭਾਸ਼ਣ ਕਲਾ ਮੁਕਾਬਲੇ ’ਚ ਅਨੁਰੀਤ ਕੌਰ ਨੇ ਗੁਰਮਤਿ ਤੇ ਸਿੱਖ ਇਤਿਹਾਸ ਨਾਲ ਸਬੰਧਿਤ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਬਾਣੀ ਕੰਠ ਮੁਕਾਬਲੇ ’ਚ ਵਿਸ਼ਾਲਦੀਪ ਸਿੰਘ ਨੇ ਆਪਣੀ ਸਾਫ਼ ਉਚਾਰਨ ਤੇ ਸੁਚੱਜੀ ਪੇਸ਼ਕਾਰੀ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਮਹਾਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ, ਸੰਪਰਦਾਇ ਬਾਬਾ ਬਿਧੀ ਚੰਦ ਜੀ ਸੁਰਸਿੰਘ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਕਰ-ਕਮਲਾਂ ਨਾਲ ਸਨਮਾਨਿਤ ਕਰਦੇ ਹੋਏ, ਉਨ੍ਹਾਂ ਦੀ ਖੁੱਲ੍ਹ ਕੇ ਹੌਸਲਾ ਅਫਜ਼ਾਈ ਕੀਤੀ ਤੇ ਅੱਗੇ ਵੀ ਗੁਰਮਤਿ ਦੇ ਮਾਰਗ ’ਤੇ ਅਡਿੱਗ ਰਹਿਣ ਲਈ ਅਸੀਸਾਂ ਬਖ਼ਸ਼ੀਆਂ। ਇਸ ਮੌਕੇ ਸਕੂਲ ਦੇ ਚੀਫ ਡਾਇਰੈਕਟਰ ਬੁੱਢਾ ਸਿੰਘ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਗੁਰਮਤਿ ਮੁਕਾਬਲੇ ਵਿਦਿਆਰਥੀਆਂ ’ਚ ਧਾਰਮਿਕ, ਨੈਤਿਕ ਤੇ ਸੱਭਿਆਚਾਰਕ ਮੁੱਲਾਂ ਨੂੰ ਮਜ਼ਬੂਤ ਕਰਦੇ ਹਨ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਮਨਦੀਪ ਕੌਰ ਤੇ ਪ੍ਰਿੰਸੀਪਲ ਅਜੀਤ ਕੌਰ ਨੇ ਵੀ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਦੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਚੀਫ ਡਾਇਰੈਕਟਰ ਬੁੱਢਾ ਸਿੰਘ ਨੇ ਵਿਸ਼ੇਸ਼ ਤੌਰ ’ਤੇ ਉਸਤਾਦ ਅਧਿਆਪਕਾਂ ਗੁਰਜੀਤ ਸਿੰਘ, ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਰਾਜਨਬੀਰ ਸਿੰਘ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਿਹਨਤ, ਲਗਨ ਤੇ ਸੁਚੱਜੀ ਸਿਖਲਾਈ ਸਦਕਾ ਵਿਦਿਆਰਥੀਆਂ ਨੇ ਇਹ ਮਹੱਤਵਪੂਰਨ ਸਫ਼ਲਤਾਵਾਂ ਪ੍ਰਾਪਤ ਕੀਤੀਆਂ।