ਸੂਬਾ ਪੱਧਰੀ ਰੋਸ ਰੈਲੀ ਪੱਟੀ ’ਚ 7 ਮਾਰਚ ਨੂੰ - ਦੀਦਾਰ ਮੰਡ
ਵਿਭਾਗ ਅੰਦਰ 2407 ਬੱਸਾਂ ਦਾ ਫਲੀਟ ਸੁੰਗੜ ਕੇ 1400 ਦਾ ਰਹਿ ਗਿਆ ਹੈ।
Publish Date: Tue, 03 Mar 2026 05:07 PM (IST)
Updated Date: Wed, 04 Mar 2026 04:03 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਪੰਜਾਬ ਰੋਡਵੇਜ ਮੁਲਾਜ਼ਮਾਂ ਦੀਆਂ ਸਹੀ ਅਤੇ ਜਾਇਜ਼ ਮੰਗਾਂ ਜਿਨ੍ਹਾਂ ਵਿਚ ਖਾਸ ਕਰਕੇ ਵਿਭਾਗ ਅੰਦਰ ਖਾਲੀ ਪਈਆਂ ਅਸਾਮੀਆਂ ਉਪਰ ਨਵੀਂ ਪੱਕੀ ਭਰਤੀ ਕਰਨ, ਕੱਚੇ ਕਾਮੇ ਪੱਕੇ ਕਰਨ, ਬੱਸਾਂ ਦਾ ਫਲੀਟ ਪੂਰਾ ਕਰਨ, ਮ੍ਰਿਤਕ ਪਰਿਵਾਰਾਂ ਦੇ ਵਾਰਿਸਾਂ ਨੂੰ ਪਹਿਲ ਦੇ ਆਧਾਰ ’ਤੇ ਨੌਕਰੀ ਦੇਣ ਆਦਿ ਮੁਲਾਜ਼ਮ ਮੰਗਾਂ ਨੂੰ ਲੈ ਕੇ ਸਰਕਾਰ ਵੱਲੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ, ਜਾਣ ਬੁੱਝ ਕੇ ਸਰਕਾਰ ਵੱਲੋਂ ਮੰਗਾਂ ਲਮਕਾ ’ਚ ਪਾਈਆਂ ਹੋਈਆਂ ਹਨ। ਮੁਲਾਜ਼ਮ ਦੀਆਂ ਮੰਗਾਂ ਨੂੰ ਮੁੱਖ ਰੱਖਦਿਆਂ ਪੰਜਾਬ ਰੋਡਵੇਜ ਟਰਾਂਸਪੋਰਟ ਵਰਕਰ ਯੂਨੀਅਨ ਏਟਕ ਵੱਲੋਂ ਟਰਾਂਸਪੋਰਟ ਮੰਤਰੀ ਦੇ ਜੱਦੀ ਸ਼ਹਿਰ ਪੱਟੀ ਦੀ ਦਾਣਾ ਮੰਡੀ ਵਿਖੇ 7 ਮਾਰਚ ਦਿਨ ਸ਼ਨੀਵਾਰ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਕੈਬਨਿਟ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕੀਤਾ ਜਾਏਗਾ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਰੋਡਵੇਜ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਮੰਡ ਨੇ ਪੱਟੀ ਡੀਪੂ ਵਿਖੇ ਗੱਲਬਾਤ ਕਰਦਿਆਂ ਕੀਤਾ। ਦੀਦਾਰ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਇਤਿਹਾਸ ’ਚ ਇਹ ਪਹਿਲੀ ਸਰਕਾਰ ਹੈ, ਜਿਸ ਨੇ ਆਪਣੇ 4 ਸਾਲਾਂ ਦੇ ਰਾਜਭਾਗ ਦੌਰਾਨ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਮਹਿੰਗਾਈ ਭੱਤੇ ਦੀ ਇਕ ਵੀ ਕਿਸ਼ਤ ਨਹੀਂ ਦਿੱਤੀ, ਲੋਹੜੀ, ਦੀਵਾਲੀ ਦੇ ਪਵਿੱਤਰ ਤਿਉਹਾਰ ਵੀ ਫਿੱਕੇ ਪਾ ਕੇ ਰੱਖ ਦਿੱਤੇ, ਪੰਜਾਬ ਰੋਡਵੇਜ, ਪਨਬੱਸ ਅਤੇ ਪੀਆਰਟੀਸੀ ਦੇ ਬੇੜੇ ’ਚ ਇਕ ਵੀ ਨਵੀਂ ਬੱਸ ਨਹੀਂ ਪਾਈ। ਵਿਭਾਗ ਅੰਦਰ 2407 ਬੱਸਾਂ ਦਾ ਫਲੀਟ ਸੁੰਗੜ ਕੇ 1400 ਦਾ ਰਹਿ ਗਿਆ ਹੈ। ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਸਾਂ ਦੇ ਲੁੜੀਂਦੇ ਸਪੇਅਰ ਪਾਰਟਸ ਦੀ ਘਾਟ ਕਾਰਨ ਬੱਸਾਂ ਵਰਕਸ਼ਾਪ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ। ਜਿਸ ਕਾਰਨ ਵੱਡੇ-ਛੋਟੇ ਰੂਟ ਪ੍ਰਭਾਵਿਤ ਹੋਣ ਕਾਰਨ ਸਵਾਰੀਆਂ ਨੂੰ ਵੱਡੇ ਪੱਧਰ ’ਤੇ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੁਸ਼ਕਿਲਾਂ ਨੂੰ ਲੈ ਕੇ 7 ਮਾਰਚ ਨੂੰ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਕਰਨ ਉਪਰੰਤ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਦੀ ਰਿਹਾਇਸ਼ ਤੱਕ ਰੋਸ ਮਾਰਚ ਕਰਕੇ ਮੰਗ ਪੱਤਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਇਸ ਰੈਲੀ ਨੂੰ ਜਥੇਬੰਦੀ ਦੇ ਸੂਬਾਈ ਚੇਅਰਮੈਂਨ ਜਗਦੀਸ਼ ਸਿੰਘ ਚਾਹਲ, ਸੂਬਾ ਸਰਪ੍ਰਸਤ ਗੁਰਦੀਪ ਸਿੰਘ ਮੋਤੀ, ਸਮੁੱਚੀ ਲੀਡਰਸ਼ਿਪ ਤੋਂ ਇਲਾਵਾ ਏਟਕ ਦੇ ਸੂਬਾਈ ਆਗੂ ਵੀ ਸੰਬੋਧਨ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਡੀਪੂ ਪ੍ਰਧਾਨ ਗੁਰਲਾਲ ਸਿੰਘ, ਸਕੱਤਰ ਜਰਨੈਲ ਸਿੰਘ, ਪ੍ਰਿਥੀਪਾਲ ਸਿੰਘ, ਵਿੱਤ ਸਕੱਤਰ ਗੁਰਭੇਜ ਸਿੰਘ, ਬਲਵਿੰਦਰ ਸਿੰਘ, ਇੰਦਰਜੀਤ ਸਿੰਘ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ ਮਨਾਵਾਂ, ਮਨਸਿਕੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।