ਜੇਲ੍ਹ 'ਚੋਂ ਚੱਲ ਰਹੀ ਸੀ ਸਮਗਲਿੰਗ: ਸੀਆਈਏ ਸਟਾਫ਼ ਨੇ ਦਬੋਚੇ ਤਸਕਰ ਦੇ 2 ਗੁਰਗੇ; ਪਿਸਤੌਲ, ਹੈਰੋਇਨ ਤੇ ਡਰੱਗ ਮਨੀ ਬਰਾਮਦ
ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਕਰੇਟਾ ਕਾਰ ਵਿਚ ਸਵਾਰ ਦੋ ਮਾੜੇ ਅਨਸਰਾਂ ਕੋਲੋਂ ਹੈਰੋਇਨ, ਡਰੱਗ ਮਨੀ ਤੇ ਪਿਸਤੌਲ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਬੰਦ ਇਕ ਤਸਕਰ ਵੱਲੋਂ ਚਲਾਏ ਜਾ ਰਹੇ ਨੈਟਵਰਕ ਦਾ ਇਹ ਮੁਲਜ਼ਮ ਹਿੱਸਾ ਸਨ ਅਤੇ ਡਰੱਗ ਮਨੀ ਨੂੰ ਹਵਾਲੇ ਰਾਹੀਂ ਟਿਕਾਣੇ ਲਾਉਂਦੇ ਸਨ।
Publish Date: Fri, 23 Jan 2026 10:16 AM (IST)
Updated Date: Fri, 23 Jan 2026 10:18 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਕਰੇਟਾ ਕਾਰ ਵਿਚ ਸਵਾਰ ਦੋ ਮਾੜੇ ਅਨਸਰਾਂ ਕੋਲੋਂ ਹੈਰੋਇਨ, ਡਰੱਗ ਮਨੀ ਤੇ ਪਿਸਤੌਲ ਬਰਾਮਦ ਕਰ ਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਵਿਚ ਬੰਦ ਇਕ ਤਸਕਰ ਵੱਲੋਂ ਚਲਾਏ ਜਾ ਰਹੇ ਨੈਟਵਰਕ ਦਾ ਇਹ ਮੁਲਜ਼ਮ ਹਿੱਸਾ ਸਨ ਅਤੇ ਡਰੱਗ ਮਨੀ ਨੂੰ ਹਵਾਲੇ ਰਾਹੀਂ ਟਿਕਾਣੇ ਲਾਉਂਦੇ ਸਨ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਏਐੱਸਆਈ ਮਨਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਪਿੰਡ ਕਮਾਲਪੁਰ ਦੇ ਸੂਏ ਕੋਲ ਕਾਰ ਨੰਬਰ ਪੀਬੀ06 ਬੀਈ 7500 ’ਤੇ ਸਵਾਰ ਅਕਾਸ਼ਦੀਪ ਸਿੰਘ ਬੰਟੀ ਕੰਡਾ ਤੇ ਰਾਹੁਲਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਭਿੱਖੀਵਿੰਡ ਨੂੰ 30 ਗ੍ਰਾਮ ਹੈਰੋਇਨ, 32 ਬੋਰ ਦੇ ਦੋ ਦੇਸੀ ਪਿਸਟਲ, ਚਾਰ ਕਾਰਤੂਸ ਅਤੇ 60 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕਰ ਕੇ ਗ੍ਰਿਫਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਬੰਟਾ ਕੰਡਾ ਤੇ ਰਾਹੁਲਪ੍ਰੀਤ, ਜੇਲ੍ਹ ਵਿਚ ਬੰਦ ਨਵਦੀਪ ਸਿੰਘ ਨੌਬੀ ਪੁੱਤਰ ਮਨਜੀਤ ਸਿੰਘ ਵਾਸੀ ਸੁਰਸਿੰਘ ਵੱਲੋਂ ਆਪਣੀ ਮਾਂ ਸਿਮਰਜੀਤ ਕੌਰ ਅਤੇ ਵਰਿੰਦਰ ਸਿੰਘ ਬਿੰਦੂ ਪੁੱਤਰ ਹਰਜੀਤ ਸਿੰਘ ਵਾਸੀ ਸੁਰਸਿੰਘ ਸਮੇਤ ਚਲਾਏ ਜਾ ਰਹੇ ਸਮਗਲਿੰਗ ਦੇ ਕਾਲੇ ਧੰਦੇ ਦਾ ਹਿੱਸਾ ਹਨ ਅਤੇ ਡਰੱਗ ਮਨੀ ਨੂੰ ਹਵਾਲੇ ਰਾਹੀਂ ਟਿਕਾਣੇ ਲਾਉਂਦੇ ਰਹੇ ਹਨ। ਐੱਸਐੱਸਪੀ ਨੇ ਦੱਸਿਆ ਕਿ ਦੋਵਾਂ ਸਮੇਤ ਵਰਿੰਦਰ ਬਿੰਦੂ, ਨਵਦੀਪ ਨੌਬੀ ਅਤੇ ਸਿਮਰਜੀਤ ਦੇ ਖਿਲਾਫ ਥਾਣਾ ਸਦਰ ਤਰਨਤਾਰਨ ’ਚ ਐੱਨਡੀਪੀਐੱਸ ਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।